ਚੰਡੀਗੜ੍ਹ : ਪੰਜਾਬ ਦੇ ਸਾਬਕਾ ਸਰਪੰਚਾਂ ਦੀ ਸ਼ਾਮਤ ਆ ਸਕਦੀ ਹੈ। ਪਿਛਲੇ ਸਮੇਂ ਦੌਰਾਨ ਸਾਬਕਾ ਸਰਪੰਚਾਂ ਵੱਲੋਂ ਕੀਤੀਆਂ ਗਈਆਂ ਵੱਡੀਆਂ ਗੜਬੜੀਆਂ ਸਾਹਮਣੇ ਆਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਸਾਬਕਾ ਸਰਪੰਚ ਬੁਢਾਪਾ ਪੈਨਸ਼ਨ ਦੇ ਕਰੀਬ 32.50 ਕਰੋੜ ਰੁਪਏ ਛਕ ਗਏ ਹਨ ਤੇ ਉਨ੍ਹਾਂ ਪੰਜਾਬ ਸਰਕਾਰ ਨੂੰ ਛੇ ਵਰ੍ਹਿਆਂ ਮਗਰੋਂ ਵੀ ਕੋਈ ਹਿਸਾਬ ਨਹੀਂ ਦਿੱਤਾ ਹੈ। ਕਾਂਗਰਸ ਦੀ ਸਰਕਾਰ ਵੇਲੇ ਵੀ ਵੱਡੀ ਗਿਣਤੀ ’ਚ ਸਾਬਕਾ ਸਰਪੰਚਾਂ ਤੋਂ ਬੁਢਾਪਾ ਪੈਨਸ਼ਨ ਦੇ ਬਕਾਇਆ ਕਰੋੜਾਂ ਰੁਪਏ ਦੀ ਵਸੂਲੀ ਕੀਤੀ ਗਈ ਸੀ। ਹੁਣ ਸਾਬਕਾ ਸਰਪੰਚ ਬੁਢਾਪਾ ਪੈਨਸ਼ਨ ਦੇ ਬਕਾਏ ਸਰਕਾਰ ਨੂੰ ਵਾਪਸ ਕਰਨ ਤੋਂ ਪਾਸੇ ਹੋ ਗਏ ਹਨ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਸਾਬਕਾ ਸਰਪੰਚਾਂ ਤੋਂ ਬੁਢਾਪਾ ਪੈਨਸ਼ਨਾਂ ਦੀ ਵਸੂਲੀ ਲਈ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਨੂੰ ਕਈ ਪੱਤਰ ਲਿਖੇ ਹਨ। ਬੁਢਾਪਾ ਪੈਨਸ਼ਨ ਛਕਣ ਵਾਲਿਆਂ ’ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨਾਲ ਸਬੰਧਤ ਸਾਬਕਾ ਸਰਪੰਚ ਹਨ। ‘ਆਪ’ ਸਰਕਾਰ ਨੇ ਹੁਣ ਇਨ੍ਹਾਂ ਸਾਬਕਾ ਸਰਪੰਚਾਂ ’ਤੇ ਸ਼ਿਕੰਜਾ ਕੱਸਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਬਕਾਇਆ ਰਾਸ਼ੀ ਖ਼ਜ਼ਾਨੇ ਵਿੱਚ ਵਾਪਸ ਕਰਵਾਈ ਜਾ ਸਕੇ। ਬੁਢਾਪਾ ਪੈਨਸ਼ਨ ਦੀ ਇਹ ਬਕਾਇਆ ਰਾਸ਼ੀ ਵਰ੍ਹਾ 2015-16 ਅਤੇ ਸਾਲ 2016-17 ਦੀ ਹੈ, ਜਿਸ ਵੇਲੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ।
ਤਤਕਾਲੀ ਸਰਕਾਰ ਵੱਲੋਂ ਉਕਤ ਵਰ੍ਹਿਆਂ ਦੌਰਾਨ ਸਰਪੰਚਾਂ ਜ਼ਰੀਏ ਬੁਢਾਪਾ ਪੈਨਸ਼ਨਾਂ ਦੀ ਵੰਡ ਸ਼ੁਰੂ ਕਰਵਾਈ ਗਈ ਸੀ। ਇਨ੍ਹਾਂ ਸਰਪੰਚਾਂ ਨੇ ਏਪੀਆਰ (ਐਕਚੁਅਲ ਪੇਈ ਰਸਿਪਟ) ਹਾਲੇ ਤੱਕ ਸਬੰਧਤ ਮਹਿਕਮੇ ਕੋਲ ਜਮ੍ਹਾਂ ਨਹੀਂ ਕਰਾਈਆਂ ਹਨ। ਪੰਜਾਬ ਸਰਕਾਰ ਵੱਲੋਂ ਜੁਲਾਈ 2008 ਤੋਂ ਪਹਿਲਾਂ ਬੈਂਕਾਂ ਰਾਹੀਂ ਬੁਢਾਪਾ ਪੈਨਸ਼ਨ ਵੰਡੀ ਜਾਂਦੀ ਸੀ। ਉਸ ਮਗਰੋਂ ਵੀ ਕਈ ਵਾਰੀ ਪੰਚਾਇਤਾਂ ਰਾਹੀਂ ਅਤੇ ਕਈ ਮੌਕਿਆਂ ’ਤੇ ਬੁਢਾਪਾ ਪੈਨਸ਼ਨ ਦੀ ਵੰਡ ਦਾ ਕੰਮ ਬੈਂਕਾਂ ਨੂੰ ਦਿੱਤਾ ਗਿਆ।
ਸਰਕਾਰੀ ਹਦਾਇਤਾਂ ਅਨੁਸਾਰ ਜਦੋਂ ਉਸ ਵੇਲੇ ਪੰਜਾਬ ਸਰਕਾਰ ਪੰਚਾਇਤਾਂ ਦੇ ਖਾਤੇ ਵਿੱਚ ਬੁਢਾਪਾ ਪੈਨਸ਼ਨ ਦੀ ਰਾਸ਼ੀ ਪਾ ਦਿੰਦੀ ਸੀ ਤਾਂ ਦਸ ਦਿਨਾਂ ਅੰਦਰ ਇਹ ਪੈਨਸ਼ਨ ਵੰਡੀ ਜਾਣੀ ਲਾਜ਼ਮੀ ਸੀ ਅਤੇ ਇੱਕ ਮਹੀਨੇ ਅੰਦਰ ਏਪੀਆਰ ਮਹਿਕਮੇ ਕੋਲ ਜਮ੍ਹਾਂ ਕਰਾਉਣੀ ਹੁੰਦੀ ਸੀ। ਇਸ ਏਪੀਆਰ ਦੇ ਆਧਾਰ ’ਤੇ ਹੀ ਸਰਕਾਰ ਬੁਢਾਪਾ ਪੈਨਸ਼ਨ ਦੀ ਵੰਡ ਹੋਣ ਬਾਰੇ ਜਾਣ ਸਕਦੀ ਸੀ। ਸਾਬਕਾ ਸਰਪੰਚਾਂ ਵਿੱਚੋਂ ਇਹ ਏਪੀਆਰ ਜਮ੍ਹਾਂ ਨਾ ਕਰਵਾਉਣ ਵਾਲੇ ਸਾਫ਼ ਤੌਰ ’ਤੇ ਇਹ ਰਾਸ਼ੀ ਛਕ ਗਏ ਹਨ।
ਤਾਜ਼ਾ ਸੂਚਨਾ ਦੇਖੀਏ ਤਾਂ ਜ਼ਿਲ੍ਹਾ ਜਲੰਧਰ ਦੇ ਸਾਬਕਾ ਸਰਪੰਚ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹਨ, ਜਿਨ੍ਹਾਂ ਵੱਲ 7.40 ਕਰੋੜ ਦੀ ਬੁਢਾਪਾ ਪੈਨਸ਼ਨ ਦੀ ਰਾਸ਼ੀ ਖੜ੍ਹੀ ਹੈ। ਦੂਸਰਾ ਨੰਬਰ ਜ਼ਿਲ੍ਹਾ ਸੰਗਰੂਰ ਦਾ ਆਉਂਦਾ ਹੈ, ਜਿੱਥੋਂ ਦੇ ਸਾਬਕਾ ਸਰਪੰਚਾਂ ਨੇ 6.12 ਕਰੋੜ ਦੀ ਬੁਢਾਪਾ ਪੈਨਸ਼ਨ ਦਾ ਛੇ ਸਾਲਾਂ ਮਗਰੋਂ ਵੀ ਕੋਈ ਲੇਖਾ-ਜੋਖਾ ਨਹੀਂ ਦਿੱਤਾ ਹੈ। ਤੀਸਰੇ ਨੰਬਰ ’ਤੇ ਬਾਦਲ ਪਰਿਵਾਰ ਦਾ ਜੱਦੀ ਜ਼ਿਲ੍ਹਾ ਮੁਕਤਸਰ ਆਉਂਦਾ ਹੈ, ਜਿੱਥੋਂ ਦੇ ਸਾਬਕਾ ਸਰਪੰਚਾਂ ਵੱਲ 4.16 ਕਰੋੜ ਰੁਪਏ ਖੜ੍ਹੇ ਹਨ।
ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਸਾਬਕਾ ਸਰਪੰਚਾਂ ਵੱਲ 2.92 ਕਰੋੜ, ਤਰਨ ਤਾਰਨ ਜ਼ਿਲ੍ਹੇ ਵੱਲ 1.69 ਕਰੋੜ, ਅੰਮ੍ਰਿਤਸਰ ਦੇ ਸਾਬਕਾ ਸਰਪੰਚਾਂ ਵੱਲ 2.24 ਕਰੋੜ, ਬਠਿੰਡਾ ਦੇ ਸਾਬਕਾ ਸਰਪੰਚਾਂ ਵੱਲ ਇੱਕ ਕਰੋੜ ਅਤੇ ਕਪੂਰਥਲਾ ਜ਼ਿਲ੍ਹੇ ਦੇ ਸਾਬਕਾ ਸਰਪੰਚਾਂ ਵੱਲ 1.35 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ, ਦੂਜੇ ਪਾਸੇ ਜਿਨ੍ਹਾਂ ਬਜ਼ੁਰਗਾਂ ਲਈ ਸਰਕਾਰ ਨੇ ਇਹ ਬੁਢਾਪਾ ਪੈਨਸ਼ਨ ਭੇਜੀ ਸੀ, ਉਹ ਅੱਜ ਵੀ ਇਸ ਪੈਨਸ਼ਨ ਨੂੰ ਤਰਸ ਰਹੇ ਹਨ। ਪੰਜਾਬ ਦਾ ਜ਼ਿਲ੍ਹਾ ਮਾਨਸਾ, ਬਰਨਾਲਾ, ਪਟਿਆਲਾ, ਫ਼ਰੀਦਕੋਟ, ਪਠਾਨਕੋਟ ਦੇ ਕਿਸੇ ਵੀ ਸਾਬਕਾ ਸਰਪੰਚ ਵੱਲ ਕੋਈ ਬਕਾਇਆ ਨਹੀਂ ਹੈ।