ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਸਾਂਸਦ ਰਾਘਵ ਚੱਡਾ (Rahgav Chadda) ਨੇ ਇਕ ਵਾਰ ਫਿਰ ਸਿੱਖ ਧਰਮ ਨਾਲ ਜੁੜਿਆ ਮੁੱਦਾ ਚੁੱਕਿਆ ਹੈ। ਰਾਘਵ ਚੱਡਾ ਨੇ ਕੇਂਦਰ ਸਰਕਾਰ ਨੂੰ ਵੱਡੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਸੁਰੱਖਿਅਤ ਗਲਿਆਰੇ ਨੂੰ ਸਥਾਪਤ ਕਰੇ। ਰਾਘਵ ਚੱਡਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਫੈਲਾਉਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ।
ਸਾਂਸਦ ਰਾਘਵ ਚੱਡਾ ਨੇ ਕਿਹਾ ਕਿ ਜਿਸ ਤਰ੍ਹਾਂ ਕਰਤਾਰਪੁਰ ਕੋਰੀਡੋਰ ਬਣਾਇਆ ਹੈ ਉਸੇ ਤਰ੍ਹਾਂ ਨਨਕਾਣਾ ਸਾਹਿਬ ਕੋਰੀਡੋਰ ਦਾ ਕੰਮ ਵੀ ਕੰਮ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤਰਜ ’ਤੇ ਭਾਰਤ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਲਾਂਘੇ ਦੀ ਸਥਾਪਨਾ ਲਈ ਕੂਟਨੀਤੀ ਵਰਤਣੀ ਚਾਹੀਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਧਾਲੂਆਂ ਲਈ ਪਾਸਪੋਰਟ, ਵੀਜ਼ਾ ਅਤੇ ਭਰੇ ਜਾਣ ਵਾਲੇ ਫਾਰਮਾਂ ਨੂੰ ਸੌਖਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਨਨਕਾਣਾ ਸਾਹਿਬ ਜਾਣਾ ਚਾਹੁਣ ਉਨ੍ਹਾਂ ਲਈ ਕੋਈ ਵੀ ਫੀਸ ਨਾ ਰੱਖੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਅਟਾਰੀ ਤੋਂ ਨਨਕਾਣਾ ਸਾਹਿਬ ਤੱਕ ਇਕ ਸੁਰੱਖਿਅਤ ਸੜਕ ਮਾਰਗ ਬਣਾਇਆ ਜਾਵੇ।
ਦੱਸ ਦੇਈਏ ਕਿ ਨਨਕਾਣਾ ਸਾਹਿਬ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੈਂਦਾ ਹੈ। ਨਨਕਾਣ ਸਾਹਿਬ 1947 ਵਿੱਚ ਵੰਡ ਸਮੇਂ ਪਾਕਿਸਤਾਨ ਦੇ ਹਿੱਸੇ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਰਾਘਵ ਚੱਡਾ ਨੇ ਇੰਗਲੈਂਡ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਵਾਲੀ ਕੁਰਸੀ ਵਾਪਸ ਮੰਗਵਾਉਣ ਦਾ ਮੁੱਦਾ ਵੀ ਸੰਸਦ ਵਿੱਚ ਚੁੱਕਿਆ ਸੀ।
ਇਹ ਵੀ ਪੜ੍ਹੋ – ਪੰਜਾਬ ਸਰਕਾਰ ਨੇ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਕੀਤੀ ਸੌਖੀ, ਹਰ ਜ਼ਿਲ੍ਹੇ ‘ਚ ਬਣਾਈ ਇਹ ਏਜੰਸੀ