ਖੰਨਾ : ਪੰਜਾਬ ਵਿੱਚ ਚਾਈਨਾ ਡੋਰ ਨਾਲ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਇੱਕ ਨਵੀਣ ਤੇ ਨਿਵੇਕਲੀ ਪਹਿਲਾ ਕੀਤੀ ਹੈ।ਸੂਬੇ ਦੇ ਜਿਲ੍ਹਾ ਲੁਧਿਆਣਾ ਵਿੱਚ ਪੈਂਦੇ ਕਸਬਾ ਖੰਨਾ ‘ਚ ਚਾਈਨਾ ਡੋਰ ਤੋਂ ਲੋਕਾਂ ਨੂੰ ਬਚਾਉਣ ਲਈ ਸ਼ਹਿਰ ਦੀ ਪੁਲਿਸ ਨੇ ਇੱਕ ਮੁਹਿੰਮ ਚਲਾਈ ਹੈ । ਵਾਹਨਾਂ ‘ਤੇ ਸਵਾਰ ਹੋ ਕੇ ਸੜਕਾਂ ਤੇ ਰਸਤਿਆਂ ਤੋਂ ਗੁਜ਼ਰ ਰਹੇ ਰਾਹਗੀਰ ਇਸ ਮਾਰੂ ਡੋਰ ਨਾਲ ਨਾ ਉਲਝ ਸਕਣ,ਇਸ ਲਈ ਏਸੀਪੀ ਕਰਨੈਲ ਸਿੰਘ ਨੇ ਵਾਹਨਾਂ ਦੇ ਅੱਗੇ ਸੁਰੱਖਿਆ ਲਈ ਲੋਹੇ ਦੀਆਂ ਤਾਰਾਂ ਫਿੱਟ ਕਰਵਾਈਆਂ ਹਨ। ਪੰਜਾਬ ਪੁਲਿਸ ਦੇ ਇਸ ਕੰਮ ਨੂੰ ਲੋਕਾਂ ਦੀ ਕਾਫੀ ਤਰੀਫ ਮਿਲ ਰਹੀ ਹੈ।
ਇੱਕ ਨਿੱਜੀ ਚੈਨਲ ਨਾਲ ਗੱਲ ਬਾਤ ਕਰਦੇ ਹੋਏ ਏਸੀਪੀ ਕਰਨੈਲ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਖੰਨਾ ਪੁਲਿਸ ਨੇ ਬਸੰਤ ਪੰਚਮੀ ਦੇ ਮੌਕੇ ‘ਤੇ ਜਿਥੇ ਹੰਗਾਮਾ ਕਰਨ ਅਤੇ ਉੱਚੀ ਆਵਾਜ਼ ਵਿੱਚ ਡੀਜੇ ਵਜਾਉਣ ਦੇ ਦੋਸ਼ ਵਿੱਚ ਵੱਖ-ਵੱਖ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ,ਉਥੇ ਚਾਈਨਾ ਡੋਰ ਨੂੰ ਲੈ ਕੇ ਵੀ ਕੁਝ ਲੋਕਾਂ ‘ਤੇ ਕਾਰਵਾਈ ਕੀਤੀ ਗਈ ਹੈ।
ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਲਗਾਤਾਰ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਡਰੋਨ ਇਸ ਸੰਬੰਧ ਵਿੱਚ ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ। ਪੰਜਾਬ ਵਿੱਚ ਪਹਿਲਾ ਵਾਰ ਖੰਨਾ ਵਿੱਚ ਹੀ ਚਾਈਨਾ ਡੋਰ ਦੀ ਵਰਤੋਂ ਕਰਨ ‘ਤੇ ਧਾਰਾ 307 ਇਰਾਦਾ-ਏ-ਕਤਲ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਏਸੀਪੀ ਕਰਨੈਲ ਸਿੰਘ ਨੇ ਦੱਸਿਆ ਕਿ ਖੰਨਾ ਵਿੱਚ ਚਾਈਨਾ ਡੋਰ ਦੀ ਵਰਤੋਂ ਕਾਫੀ ਹੱਦ ਤੱਕ ਘੱਟ ਗਈ ਹੈ ਪਰ ਇਹ ਸਖ਼ਤੀ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਤੇ ਨਾਲ ਨਾਲ ਇਹ ਮੁਹਿੰਮ ਵੀ।ਪੁਲਿਸ ਦਾ ਇਸ ਮੁਹਿੰਮ ਨੂੰ ਸਹਿਯੋਗ ਕਰਨ ਦੇ ਲਈ ਕਈ NGO ਵੀ ਅੱਗੇ ਆਏ ਹਨ ਤੇ ਉਹ ਵੀ ਸ਼ਹਿਰ ਦੇ ਲੋਕਾਂ ਨੂੰ ਚਾਈਨਾ ਡੋਰ ਤੋਂ ਬਚਾਉਣ ਲਈ ਵਾਹਨਾਂ ‘ਤੇ ਸੁਰੱਖਿਆ ਕਵਚ ਵਾਂਗ ਤਾਰਾਂ ਬੰਨਣ ਵਿੱਚ ਮਦਦ ਕਰ ਰਹੇ ਹਨ ਤਾਂ ਜੋ ਵਾਹਨ ਚਲਾਉਂਦੇ ਸਮੇਂ ਚਾਈਨਾ ਡੋਰ ਕਿਸੇ ਦੇ ਗਲੇ ‘ਚ ਨਾ ਫਸ ਜਾਵੇ। ਇਸ ਸਮੇਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ।