Khaas Lekh Khalas Tv Special Punjab

ਝੋਨੇ ਨੂੰ ਪਈ ਬਿਮਾਰੀ ਨੇ ਕਿਸਾਨਾਂ ਦੀਆਂ ਖੁਸ਼ੀਆਂ ਮਰੁੰਡੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ / ਕਮਲਜੀਤ ਸਿੰਘ ਬਨਵੈਤ) :- ਸੰਸਾਰ ਭਰ ਦੇ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਚਾਰ ਮੁਲਕਾਂ ਵਿੱਚ ਭਾਰਤ (India) ਸ਼ੁਮਾਰ ਹੈ। ਅਨਾਜ (Grain) ਦੇ ਉਤਪਾਦਨ ਪੱਖੋਂ ਚੀਨ ਤੋਂ ਮਗਰੋਂ ਭਾਰਤ ਦਾ ਨਾਂ ਆਉਂਦਾ ਹੈ। ਭਾਰਤ ਨਾਲੋਂ ਕਈ ਗੁਣਾ ਵੱਡਾ ਮੁਲਕ ਅਮਰੀਕਾ (America) ਵੀ ਅਨਾਜ ਪੈਦਾਵਾਰ ਪੱਖੋਂ ਤੀਜੇ ਥਾਂ ਉੱਤੇ ਹੈ ਜਦਕਿ ਬਰਾਜ਼ੀਲ (Brazil) ਦਾ ਨਾਂ ਚੌਹਾਂ ਵਿੱਚੋਂ ਸਭ ਤੋਂ ਅਖੀਰ ਵਿੱਚ ਆਉਂਦਾ ਹੈ। ਬਾਵਜੂਦ ਇਸਦੇ ਭਾਰਤ ਦਾ ਕਿਸਾਨ (Farmer) ਖੇਤੀਬਾੜੀ ਨੂੰ ਅਲ਼ਵਿਦਾ ਕਹਿ ਰਿਹਾ ਹੈ। ਹੁਣ ਤੱਕ 34 ਮਿਲੀਅਨ ਕਿਸਾਨ ਖੇਤੀ ਨੂੰ ਘਾਟੇ ਦਾ ਸੌਦਾ ਦੱਸ ਕੇ ਅਲਵਿਦਾ ਕਹਿ ਚੁੱਕੇ ਹਨ।

paddy, ਝੋਨਾ
ਫਾਈਲ ਫੋਟੋ : ਝੋਨਾ

ਖੇਤੀਬਾੜੀ ਮਾਹਿਰ ਅਤੇ ਅਰਥਸ਼ਾਸਤਰੀ ਹਾਲੇ ਤੱਕ ਖੇਤੀ ਨੂੰ ਲਾਗਤ ਅਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਜੋੜ ਕੇ ਦੇਖਦੇ ਆ ਰਹੇ ਹਨ ਪਰ ਪੰਜਾਬ ਦੇ ਕਿਸਾਨ ਦੇ ਦਰਦ ਦੀ ਚੀਸ ਇਸ ਤੋਂ ਵੀ ਕਿਤੇ ਪੀੜਾਮਈ ਹੈ। ਦੋ ਸਾਲ ਪਹਿਲਾਂ ਗੁਲਾਬੀ ਸੁੰਡੀ ਨੇ ਨਰਮਾ ਮਰੁੰਡ ਲਿਆ ਸੀ। ਪਿਛਲੀ ਹਾੜੀ ਦੀ ਫਸਲ ਦਾ ਦਾਣਾ ਸੁੰਘੜ ਜਾਣ ਕਰਕੇ ਘਾਟਾ ਸਹਿਣਾ ਪਿਆ। ਇਸ ਵਾਰ ਦੀ ਹਜ਼ਾਰਾਂ ਏਕੜ ਸਾਉਣੀ ਦੀ ਫਸਲ ਬਰਸਾਤ ਦੇ ਪਾਣੀ ਵਿੱਚ ਡੁੱਬ ਗਈ ਹੈ। ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਕਰਕੇ ਕਿਸਾਨ ਦਿਲ ਉੱਤੇ ਹੱਥ ਧੜ ਕੇ ਖੇਤਾਂ ਵਿੱਚ ਖੜਾ ਨਰਮਾ ਵਾਹੁਣ ਲੱਗਾ ਹੈ। ਉੱਪਰੋਂ ਦੀ ਪਸ਼ੂਆਂ ਨੂੰ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਪਈ ਲੰਪੀ ਸਕਿੱਨ ਦੀ ਬਿਮਾਰੀ ਨੇ ਇੱਕ ਤਰ੍ਹਾਂ ਨਾਲ ਕਿਸਾਨ ਦੀ ਰੀੜ ਦੀ ਹੱਡੀ ਤੋੜ ਕੇ ਰੱਖ ਦਿੱਤੀ ਹੈ।

ਗੁਲਾਬੀ ਸੁੰਡੀ ਪ੍ਰਭਾਵਿਤ ਨਰਮੇ ਦੀ ਫਸਲ, affected cotton crop
ਗੁਲਾਬੀ ਸੁੰਡੀ ਪ੍ਰਭਾਵਿਤ ਨਰਮੇ ਦੀ ਫਸਲ

ਆਹ ਹੁਣ ਪੰਜਾਬ ਦੇ ਕਿਸਾਨ ਉੱਤੇ ਇੱਕ ਨਵੀਂ ਆਫ਼ਤ ਆ ਡਿੱਗੀ ਹੈ। ਝੋਨੇ ਦੇ ਬੂਟੇ ਮੱਧਰੇ ਰਹਿਣ ਦੀ ਪਹਿਲੀ ਵਾਰ ਪਈ ਬਿਮਾਰੀ ਨੇ ਕਿਸਾਨ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਸਿਤਮ ਦੀ ਗੱਲ ਇਹ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਖੇਤੀ ਵਿਗਿਆਨੀਆਂ ਦੀ ਪਕੜ ਵਿੱਚ ਬਿਮਾਰੀ ਆ ਨਹੀਂ ਰਹੀ ਅਤੇ ਨਾ ਹੀ ਕੋਈ ਇਲਾਜ ਸੁੱਝ ਰਿਹਾ ਹੈ। ਹੋਰ ਤਾਂ ਹੋਰ ਇੱਕ ਮਹੀਨਾ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਬਿਮਾਰੀ ਦੇ ਜਿਹੜੇ ਨਮੂਨੇ ਭਰੇ ਸਨ, 25 ਦਿਨ ਬੀਤ ਜਾਣ ਉੱਤੇ ਵੀ ਇਹਦੀ ਹਾਲੇ ਤੱਕ ਰਿਪੋਰਟ ਨਹੀਂ ਆਈ। ਉਂਝ, ਇਸ ਵਾਰ ਹਰਿਆਣਾ, ਉੱਤਰਾਖੰਡ, ਬਿਹਾਰ, ਪੱਛਮੀ ਬੰਗਾਲ ਦਾ ਕਿਸਾਨ ਵੀ ਇਸ ਬਿਮਾਰੀ ਦੀ ਮਾਰ ਝੱਲ ਰਿਹਾ ਹੈ।

Punjab agriculture University ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਕਿਸਾਨਾਂ ਮੁਤਾਬਕ ਸਭ ਤੋਂ ਘੱਟ ਹਮਲਾ ਪੀਆਰ 126 ਅਤੇ ਸਭ ਤੋਂ ਵੱਧ ਨੁਕਸਾਨ ਪੀਆਰ 131 ਦਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 25 ਫ਼ੀਸਦੀ ਝੋਨੇ ਦਾ ਬੂਟਾ ਮੱਧਰਾ ਰਹਿ ਗਿਆ ਹੈ। ਰਾਹਤ ਦੀ ਖਬਰ ਇਹ ਕਿ ਬਾਸਮਤੀ ਦੇ 90 ਫ਼ੀਸਦੀ ਬੂਟੇ ਤੰਦਰੁਸਤ ਹਨ। ਹਾਲ ਦੀ ਘੜੀ ਝੋਨੇ ਦੀ ਫਸਲ ਦਾ ਝਾੜ ਪੰਜ ਫ਼ੀਸਦੀ ਘੱਟ ਰਹਿਣ ਦਾ ਡਰ ਦੱਸਿਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ ਅੱਧਾ ਕਿਲੋ ਜ਼ਿੰਕ ਅਤੇ ਇੱਕ ਕਿਲੋ ਯੂਰੀਆ ਪਾਣੀ ਵਿੱਚ ਮਿਲਾ ਕੇ ਸਪਰੇਅ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਇਸ ਤੋਂ ਬਾਅਦ ਫਸਲ ਪਹਿਲਾਂ ਨਾਲੋਂ ਵਧੇਰੇ ਪਿਲੱਤਣ ਮਾਰਨ ਲੱਗੀ ਹੈ। ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੁਹਾਲੀ ਸਮੇਤ ਲੁਧਿਆਣਾ ਦਾ ਕੁਝ ਹਿੱਸਾ ਬਿਮਾਰੀ ਦੀ ਮਾਰ ਹੇਠਾਂ ਆਇਆ ਹੈ। ਕਿਹਾ ਜਾ ਸਕਦਾ ਹੈ ਕਿ ਹਾਲ ਦੀ ਘੜੀ ਖੇਤੀਬਾੜੀ ਵਿਭਾਗ ਨੂੰ ਨਾ ਤਾਂ ਬਿਮਾਰੀ ਦੀ ਸਮਝ ਪਈ ਹੈ ਅਤੇ ਨਾ ਹੀ ਇਸਦਾ ਕੋਈ ਇਲਾਜ ਲੱਭਿਆ ਜਾ ਸਕਿਆ ਹੈ ਜਦਕਿ ਫਸਲ ਨਿਸਰਣ ਉੱਤੇ ਆ ਗਈ ਹੈ। ਉਂਝ, ਪੰਜਾਬ ਸਰਕਾਰ ਦੀ ਬਾਜ਼ ਅੱਖ ਤਾਂ ਮਾਲਵੇ ਵਿੱਚ ਨਰਮੇ ਦੇ ਵਿਕੇ ਨਕਲੀ ਬੀਜ ਅਤੇ ਕੀਟਨਾਸ਼ਕ ਦਵਾਈਆਂ ਉੱਤੇ ਵੀ ਨਹੀਂ ਜਾ ਪਈ ਸੀ।