ਫਿਰੋਜ਼ਪੁਰ ਦੇ ਨੈਸ਼ਨਲ ਹਾਈਵੇਅ ‘ਤੇ ਪਿੰਡ ਕੋਟ ਕਰੋੜ ਕਲਾਂ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇਕ ਕਾਰ ‘ਚ ਅਚਾਨਕ ਅੱਗ ਲਈ ਅਤੇ ਕਾਰ ‘ਚ ਬੈਠੀ 5 ਸਾਲਾ ਮਾਸੂਮ ਬੱਚੀ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਕਾਰ ਲਾਕ ਹੋ ਗਿਆ ਤੇ ਅੱਗੇ ਦੀ ਸੀਟ ‘ਤੇ ਬੈਠੀ ਬੱਚੀ ਕਾਰ ਵਿਚ ਹੀ ਬੰਦ ਹੋ ਗਈ। ਜਿਸ ਕਾਰਨ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਭਾਈ ਦੀ ਪੁਲਿਸ ਟੀਮ ਮੌਕੇ ‘ਤੇ ਪੁਹੰਚ ਗਈ ਹੈ। ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਮਾਪੇ ਕਾਰ ਦੇ ਕੋਲ ਬੇਵੱਸ ਖੜ੍ਹੇ ਆਪਣੀ ਧੀ ਨੂੰ ਸੜਦੇ ਵੇਖ ਰਹੇ ਹਨ।
ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਕਲੇਰ, ਜ਼ਿਲ੍ਹਾ ਫ਼ਰੀਦਕੋਟ ਆਪਣੀ ਪਤਨੀ, 3 ਧੀਆਂ ਅਤੇ ਇੱਕ ਪੁੱਤਰ ਸਮੇਤ ਕਾਰ ਵਿੱਚ ਧਰਮਕੋਟ, ਮੋਗਾ ਵਿਖੇ ਜਾ ਰਹੇ ਸਨ। ਜਦੋਂ ਉਹ ਪਿੰਡ ਕੋਟ ਕਰੋੜ ਕਲਾਂ ਨੇੜੇ ਪਹੁੰਚੇ ਤਾਂ ਕਾਰ ਵਿੱਚ ਕੋਈ ਖ਼ਰਾਬੀ ਆ ਗਈ, ਜਿਸ ਨੂੰ ਦੇਖਣ ਲਈ ਗੁਰਜੀਤ ਕਾਰ ਵਿੱਚੋਂ ਬਾਹਰ ਨਿਕਲਿਆ। ਇਸ ਦੌਰਾਨ ਅਚਾਨਕ ਕਾਰ ਨੂੰ ਅੱਗ ਲੱਗ ਗਈ।
ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਗੁਰਜੀਤ ਦੀ ਪਤਨੀ, 2 ਧੀਆਂ ਅਤੇ ਇਕ ਪੁੱਤਰ ਤੁਰੰਤ ਕਾਰ ‘ਚੋਂ ਬਾਹਰ ਨਿਕਲ ਗਏ ਪਰ ਇਸ ਦੌਰਾਨ ਕਾਰ ਦਾ ਸੈਂਟਰ ਲਾਕ ਜਾਮ ਹੋ ਗਿਆ, ਜਿਸ ਕਾਰਨ ਕਾਰ ਦੀ ਅਗਲੀ ਸੀਟ ਤੇ ਬੈਠੀ ਮਾਸੂਮ ਬੱਚੀ ਤਨਵੀਰ ਉਰਫ਼ ਤਨੂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਅਤੇ ਜ਼ਿੰਦਾ ਸੜ ਕੇ ਮੌਕੇ ‘ਤੇ ਹੀ ਉਸ ਨੇ ਦਮ ਤੋੜ ਦਿੱਤਾ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਹ ਕੋਈ ਮਦਦ ਨਾ ਕਰ ਸਕੇ। ਸਾਰਾ ਪਰਿਵਾਰ ਕੋਲ ਖੜ੍ਹਾ ਬੇਵੱਸ ਵੇਖ ਰਿਹਾ ਹੈ।
ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਤਲਵੰਡੀ ਭਾਈ ਦੇ ਇੰਚਾਰਜ ਸ਼ਿਮਲਾ ਰਾਣੀ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਹਨ। ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।