India Punjab

ਵਿਧਾਇਕ ਸੁਖਪਾਲ ਖਹਿਰਾ ਦੇ ਘਰ ਈਡੀ ਦੀ ਛਾਪੇਮਾਰੀ ਖਿਲਾਫ ਪੰਜਾਬ ਵਿਧਾਨ ਸਭਾ ‘ਚ ਪਾਸ ਹੋਇਆ ਨਿੰਦਾ ਪ੍ਰਸਤਾਵ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 9 ਮਾਰਚ ਨੂੰ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਸਥਿਤ ਘਰ ਅਤੇ ਕਪਰੂਥਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਾਲੇ ਘਰ ਵਿੱਚ ਮਨੀ ਲਾਂਡ੍ਰਿੰਗ ਦੇ ਇਲਜ਼ਾਮਾਂ ਵਿੱਚ ਛਾਪਾ ਮਾਰਿਆ ਸੀ। ਪੰਜਾਬ ਵਿਧਾਨ ਸਭਾ ਨੇ ਕੱਲ੍ਹ ਸਰਬਸੰਮਤੀ ਨਾਲ ਈਡੀ ਨੂੰ ਮੌਜੂਦਾ ਬਜਟ ਸੈਸ਼ਨ ਦੌਰਾਨ ਖਹਿਰਾ ਦੇ ਘਰ ‘ਤੇ ਛਾਪੇਮਾਰੀ ਨੂੰ ਗਲਤ ਕਰਾਰ ਦਿੰਦਿਆਂ ਨਿੰਦਾ ਪ੍ਰਸਤਾਵ ਪਾਸ ਕੀਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਮਤੇ ਨੂੰ ਸਦਨ ਵਿੱਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਸਦਨ ਦਾ ਮੈਂਬਰ ਸੁਖਪਾਲ ਸਿੰਘ ਖਹਿਰਾ ਸਦਨ ਦੀ ਕਾਰਵਾਈ ਤੋਂ ਗੈਰਹਾਜ਼ਰ ਰਹਿਣ ਲਈ ਮਜਬੂਰ ਹੈ ਅਤੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਲਈ ਅਸਮਰੱਥ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗਲਤ ਅਤੇ ਗੈਰ ਸੰਵਿਧਾਨਕ ਦਖਲਅੰਦਾਜ਼ੀ ਕਾਰਨ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਸਦਨ ਵਿੱਚ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਕੇਂਦਰੀ ਏਜੰਸੀ ਦੀ ਇਹ ਕਾਰਵਾਈ ਨਿੰਦਣਯੋਗ ਹੈ।

ਖਹਿਰਾ ਦੇ ਘਰ 9 ਮਾਰਚ ਨੂੰ ਈਡੀ ਨੇ ਸਵੇਰੇ ਲਗਭਗ 7.30 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਸੀ। ਖਹਿਰਾ ‘ਤੇ ਮਨੀ ਲਾਂਡ੍ਰਿੰਗ ਅਤੇ ਜਾਅਲੀ ਪਾਸਪੋਰਟ ਰੈਕੇਟ ਦੇ ਇਲਜ਼ਾਮ ਲਗਾਏ ਗਏ ਹਨ। ਈਡੀ ਵੱਲੋਂ ਸੁਖਪਾਲ ਖਹਿਰਾ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ ਸੀ। ਸੁਖਪਾਲ ਖਹਿਰਾ ਦੇ ਵਕੀਲ ਨੂੰ ਵੀ ਛਾਪੇਮਾਰੀ ਦੌਰਾਨ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਵਕੀਲ ਨੇ ਈਡੀ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ‘ਬਿਨਾਂ ਵਕੀਲ ਦੇ ED ਕਿਸੇ ਦੇ ਵੀ ਘਰ ਛਾਪਾ ਨਹੀਂ ਮਾਰ ਸਕਦੀ। ਇਹ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ। ED ਨੂੰ ਮੈਨੂੰ ਇਸ ਛਾਪੇਮਾਰੀ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ED ਦੇ ਛਾਪੇ ਤੋਂ ਬਾਅਦ ਖਹਿਰਾ ਨੇ ਕਿਹਾ ਸੀ ਕਿ ‘ਸਰਕਾਰ ਹਮੇਸ਼ਾ ਮੇਰੇ ਤੋਂ ਡਰਦੀ ਰਹੀ ਹੈ। ਮੈਂ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ। UAPA ਖਿਲਾਫ ਆਵਾਜ਼ ਬੁਲੰਦ ਕਰਨ ‘ਤੇ ED ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੈਂ ਵਿਦੇਸੀ ਫੰਡ ਨਹੀਂ ਲਿਆ, ਮੈਂ ਕਰਜ਼ਦਾਰ ਹਾਂ। ਮਨੀ ਲਾਂਡਰਿੰਗ ਅਤੇ ਜਾਅਲੀ ਪਾਸਪੋਰਟ ਵਾਲੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਾਡੇ ਸਾਰੇ ਟੈਲੀਫੋਨ ਬੰਦ ਕਰਵਾ ਦਿੱਤੇ ਹਨ।’

ਵਿਧਾਇਕ ਸੁਖਪਾਲ ਖਹਿਰਾ ਨੇ ਈਡੀ ਦੀ ਕਾਰਵਾਈ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਬੀਜੇਪੀ ਦੀ ਇਸ ਬਦਲਾਖੋਰੀ ਨੀਤੀ ਦਾ ਮੇਰੀ ਸਿਹਤ ‘ਤੇ ਕੋਈ ਅਸਰ ਨਹੀਂ ਹੋਣ ਵਾਲਾ। ਮੇਰੇ ਅਤੇ ਮੇਰੇ ਪਰਿਵਾਰ ‘ਤੇ ਇਹ ਸਰਕਾਰਾਂ ਦਾ ਹਮਲਾ ਹੈ। ਮੈਂ ਸਰਕਾਰ ਦੀਆਂ ਇਨ੍ਹਾਂ ਧਮਕੀਆਂ ‘ਤੋਂ ਡਰਨ ਵਾਲਾ ਨਹੀਂ ਹਾਂ। ਝੂਠ ਦੇ ਖਿਲਾਫ ਬੋਲਦੀ ਮੇਰੀ ਜ਼ੁਬਾਨ ਨੂੰ ਸਰਕਾਰ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਕੇ ਬੰਦ ਨਹੀਂ ਕਰ ਸਕਦੀ’। ਖਹਿਰਾ ਨੇ ਕਿਹਾ ਕਿ ‘ਨੌਜਵਾਨ ਚਾਹੇ ਉਹ ਦੀਪ ਸਿੱਧੂ ਹੋਵੇ ਜਾਂ ਲੱਖਾ ਸਿਧਾਣਾ, ਨੌਦੀਪ ਕੌਰ ਹੋਵੇ ਜਾਂ ਕੋਈ ਹੋਰ, ਜੇਕਰ ਕੋਈ ਬੇਕਸੂਰ ਹੈ ਤਾਂ ਉਸਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਤੋਂ ਮੈਂ ਪਿੱਛੇ ਨਹੀਂ ਹਟਾਗਾਂ। ਈਡੀ ਦੇ ਨੋਟਿਸਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ। ਮੈਂ ਫਿਰ ਵੀ ਇਹ ਕਹਿੰਦਾ ਹਾਂ ਕਿ ਮੇਰੀ ਕੋਠੀ ਅਤੇ ਮੇਰੀ ਜਾਇਦਾਦ ਦੀ ਜੀ ਸਦਕੇ ਤਲਾਸ਼ੀ ਲਵੋ, ਪਰ ਮੇਰੇ ਅਕਸ ਨੂੰ ਖਰਾਬ ਕਰਨ ਦੀ ਗੰਦੀ ਰਾਜਨੀਤੀ ਨਾ ਖੇਡੋ। 9 ਮਾਰਚ ਨੂੰ ਈਡੀ ਦੇ ਛਾਪੇਮਾਰੀ ਦੌਰਾਨ ਵੀ ਦਿੱਲੀ ਤੋਂ ਹਦਾਇਤਾਂ ਆ ਰਹੀਆਂ ਸਨ। ਉਨ੍ਹਾਂ ਨੇ ਮੈਨੂੰ ਜਾਣਬੁੱਝ ਕੇ ਵਿਧਾਨ ਸਭਾ ਵਿੱਚ ਨਹੀਂ ਜਾਣ ਦਿੱਤਾ’।

ਖਹਿਰਾ ਨੇ ਕਿਹਾ ਕਿ ‘ਅਕਾਲੀ ਦਲ, ਪਰਮਿੰਦਰ ਢੀਂਢਸਾ ਨੇ ਵੀ ਇਸ ਰੇਡ ਦੀ ਨਿੰਦਾ ਕੀਤੀ ਹੈ। ਰਵਨੀਤ ਬਿੱਟੂ ਨੇ ਵੀ ਕਿਹਾ ਕਿ ਇਹ ਗੰਦੀ ਰਾਜਨੀਤੀ ਹੈ। ਅਖਾਬਰਾਂ ਨੇ ਬਿਨ੍ਹਾਂ ਸੋਚੇ ਸਮਝੇ ਬਹੁਤ ਕੁੱਝ ਲਿਖ ਦਿੱਤਾ ਹੈ। 50 ਸਾਲਾਂ ਵਿੱਚ ਕੋਈ ਇੱਕ ਵੀ ਸ਼ਿਕਾਇਤ ਮੇਰੇ ਖਿਲਾਫ ਹੋਵੇ, ਤਾਂ ਕੱਢ ਕੇ ਦਿਖਾ ਦੇਵੇ। ਜੋ ਕੁੱਝ ਸਰਕਾਰਾਂ ਕਰ ਰਹੀਆਂ ਹਨ, ਉਹ ਸਿਰਫ ਮੇਰੇ ਸੱਚ ਬੋਲਣ ਦੀ ਹੀ ਸਰਕਾਰਾਂ ਨੂੰ ਤਕਲੀਫ ਹੈ। ਈਡੀ ਨੇ ਮੇਰੇ ਘਰੋਂ ਉਹ ਦੋ ਡਾਇਰੀਆਂ ਵੀ ਸੀਲ ਕਰ ਲਈਆਂ, ਜਿਨ੍ਹਾਂ ਵਿੱਚ ਮੇਰੇ ਬੱਚਿਆਂ ਦੇ ਵਿਆਹ ‘ਤੇ ਕੀਤੇ ਖਰਚ ਤੇ ਹਲਵਾਈਆਂ ਨੂੰ ਕੀਤੇ ਲੈਣ ਦੇਣ ਦਾ ਹਿਸਾਬ ਸੀ’। ਖਹਿਰਾ ਨੇ ਕਿਹਾ ਕਿ ‘ਮੇਰੇ ‘ਤੇ 2 ਢਾਈ ਕਰੋੜ ਦਾ ਕਰਜ਼ਾ ਹੈ। 20-25 ਲੱਖ ਰੁਪਏ ਵਿਆਜ ਬਣਦਾ ਹੈ ਅਤੇ ਮੈਂ ਪੈਸੇ ਲੈ ਕੇ ਕਰਜ਼ਾ ਉਤਾਰ ਰਿਹਾ ਹਾਂ। ਮੇਰੀ ਮੀਡਿਆ ਨੂੰ ਅਪੀਲ ਹੈ ਕਿ ਲਿਖਣ ਲੱਗਿਆਂ ਇੱਕ ਵਾਰ ਸੋਚ ਜ਼ਰੂਰ ਲਿਆ ਕਰੋ ਕਿ ਕਿਸੇ ਦਾ ਅਕਸ ਤਾਂ ਨਹੀਂ ਵਿਗੜ ਰਿਹਾ’। ਖਹਿਰਾ ਨੇ ਸਾਰਿਆਂ ਦੇ ਸਾਥ ‘ਤੇ ਧੰਨਵਾਦ ਵੀ ਕੀਤਾ।