ਰਾਜਸਥਾਨ ਵਿਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਸੂਬੇ ਦੇ ਬੂੰਦੀ ਜ਼ਿਲ੍ਹੇ ‘ਚ ਇਕ ਨਵਜੰਮੇ ਬੱਚੇ ਨੇ ਦੁਨੀਆ ‘ਚ ਪੈਰ ਰੱਖਿਆ ਹੀ ਸੀ ਕਿ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਸੜਕ ਹਾਦਸੇ ‘ਚ ਉਸ ਦੀ ਮਾਂ ਅਤੇ ਦਾਦੀ ਸਮੇਤ ਚਾਰ ਲੋਕਾਂ ਦੀ ਵੀ ਮੌਤ ਹੋ ਗਈ।
ਇਹ ਹਾਦਸਾ ਦੋ ਕਾਰਾਂ ਦੀ ਟੱਕਰ ਕਾਰਨ ਵਾਪਰਿਆ। ਪੁਲਿਸ ਨੇ ਚਾਰੇ ਲਾਸ਼ਾਂ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਪੁਲਿਸ ਮੁਤਾਬਿਕ ਇਹ ਹਾਦਸਾ ਬੂੰਦੀ ਜ਼ਿਲ੍ਹੇ ਦੇ ਹਿੰਡੌਲੀ ਥਾਣਾ ਖੇਤਰ ‘ਚ ਸ਼ਨੀਵਾਰ ਰਾਤ ਕਰੀਬ 12.30 ਵਜੇ ਵਾਪਰਿਆ। ਉੱਥੇ ਨੈਸ਼ਨਲ ਹਾਈਵੇਅ ਨੰਬਰ 52 ਉਤੇ ਪਿੰਡ ਦੇਵਾਕਾਖੇੜਾ ਨੇੜੇ ਤੇਜ਼ ਰਫਤਾਰ ਨਾਲ ਆ ਰਹੀਆਂ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਦੇ ਡਰਾਈਵਰ ਸਮੇਤ ਦੋ ਔਰਤਾਂ ਤੇ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ।
ਪੁਲਿਸ ਅਨੁਸਾਰ ਹਾਦਸੇ ਵਿਚ ਕਾਰ ਚਾਲਕ ਪਿੰਟੂ ਮੀਨਾ ਦੀ ਮੌਕੇ ਉਤੇ ਹੀ ਮੌਤ ਹੋ ਗਈ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਈਆਂ ਮਹਿਲਾ ਨੰਦੂ ਮੀਨਾ ਅਤੇ ਰੇਖਾ ਮੀਨਾ ਸਮੇਤ ਨਵਜੰਮੇ ਬੱਚਿਆਂ ਨੂੰ ਇਲਾਜ ਲਈ ਦੇਵਲੀ ਭੇਜਿਆ ਗਿਆ, ਉਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿਚ ਮਾਰੇ ਗਏ ਨਵਜੰਮੇ ਬੱਚੇ ਦੇ ਪਿਤਾ ਹੰਸਰਾਜ ਮੀਨਾ ਨੂੰ ਗੰਭੀਰ ਹਾਲਤ ਵਿੱਚ ਦੇਵਲੀ ਤੋਂ ਕੋਟਾ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹੰਸਰਾਜ ਮੀਨਾ ਆਪਣੀ ਪਤਨੀ ਰੇਖਾ ਮੀਨਾ ਨੂੰ ਆਪਣੇ ਸਹੁਰੇ ਪਿੰਡ ਉਮਰ ਵਿਚ ਜਣੇਪੇ ਲਈ ਲੈ ਗਿਆ ਸੀ। ਉਹ ਆਪਣੀ ਮਾਂ ਨੂੰ ਵੀ ਨਾਲ ਲੈ ਗਿਆ।
ਉਸ ਦੀ ਪਤਨੀ ਰੇਖਾ ਨੇ ਸ਼ਨੀਵਾਰ ਰਾਤ ਕਰੀਬ 11.30 ਵਜੇ ਬੱਚੇ ਨੂੰ ਜਨਮ ਦਿੱਤਾ। ਬੱਚਾ ਦੁੱਧ ਨਹੀਂ ਪੀ ਰਿਹਾ ਸੀ। ਜਿਸ ਕਾਰਨ ਹੰਸਰਾਜ ਆਪਣੀ ਪਤਨੀ, ਮਾਂ ਅਤੇ ਨਵਜੰਮੇ ਬੱਚੇ ਨੂੰ ਸਹੁਰੇ ਘਰ ਤੋਂ ਵਾਪਸ ਆਪਣੇ ਪਿੰਡ ਲੈ ਕੇ ਜਾ ਰਿਹਾ ਸੀ। ਇਸੇ ਦੌਰਾਨ ਪਿੰਡ ਦੇਵਾਕਾਖੇੜਾ ਨੇੜੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਗਈ ਅਤੇ ਨਵਜੰਮੇ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ।