ਚੰਡੀਗੜ੍ਹ : ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਦੇ ਖਿਲਾਫ ਮੁਸਕਿਲਾਂ ਹੋਰ ਵੱਧ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਹੁਣ ਇਸ ਦੇ ਖਿਲਾਫ ਲੁਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਬਰਖਾਸਤ ਹੋਣ ਤੋਂ ਬਾਅਦ ਇਹ ਪੁਲਿਸ ਅਧਿਕਾਰੀ ਲਗਾਤਾਰ underground ਚੱਲ ਰਿਹਾ ਹੈ।
ਉਧਰ ਪੰਜਾਬ ਸਰਕਾਰ ਨੇ ਵਿਜੀਲੈਂਸ ਨੂੰ ਚਿੱਠੀ ਲਿੱਖ ਕੇ ਜਾਂਚ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਵਿਜੀਲੈਂਸ ਆਪਣੀ ਜਾਂਚ ਵਿੱਚ ਨਸ਼ਾ ਤਸਕਰਾਂ ਨਾਲ ਇਸ ਪੁਲਿਸ ਅਧਿਕਾਰੀ ਦੇ ਸੰਬੰਧਾਂ ਦੀ ਜਾਂਚ ਤਾਂ ਕਰੇਗੀ ਹੀ,ਨਾਲ ਹੀ ਅਲੱਗ-ਅਲੱਗ ਜਗਾਵਾਂ ਤੇ ਬਣਾਈ ਗਈ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਤੇ ਹੋ ਸਕਦਾ ਹੈ ਕਿ ਇਸ ਦੇ ਪਰਿਵਾਰਕ ਖਾਤਿਆਂ ਦੀ ਵੀ ਜਾਂਚ ਵਿਜੀਲੈਂਸ ਕਰੇ।
ਨਸ਼ਾ ਤਸਕਰੀ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ PPS ਅਫ਼ਸਰ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਰਾਜਜੀਤ ਸਿੰਘ ‘ਤੇ ਇਹ ਕਾਰਵਾਈ ਇਸ ਲਈ ਕੀਤੀ ਗਈ ਸੀ ਕਿਉਂਕਿ ਉਹ ਨਸ਼ਾ ਤਸਕਰੀ ਕੇਸ ਵਿੱਚ ਨਾਮਜ਼ਦ ਸੀ। ਇਸ ਸੰਬੰਧ ਵਿੱਚ ਵਿਜੀਲੈਂਸ ਨੂੰ ਜਾਂਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਹਾਈ ਕੋਰਟ ਵਿੱਚ ਨਸ਼ਿਆਂ ਦੀ ਤਸਕਰੀ ਦੇ ਸੰਬੰਧ ਵਿੱਚ ਪੇਸ਼ ਕੀਤੀਆਂ ਗਈਆਂ 4 ਰਿਪੋਰਟਾਂ ਵਿੱਚੋਂ ਤਿੰਨ ਨੂੰ ਖੋਲਿਆ ਗਿਆ ਸੀ ਤੇ ਇਹਨਾਂ ਵਿੱਚ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।ਇੱਕ ਪੁਲਿਸ ਕਰਮਚਾਰੀ ਇੰਦਰਜੀਤ ਸਿੰਘ ਦੀ ਸ਼ਮੁਲੀਅਤ ਦੀ ਗੱਲ ਵੀ ਸਾਹਮਣੇ ਆਈ ਸੀ,ਜੋ ਕਿ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ।ਅਦਾਲਤ ਨੇ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨਾਲ ਰਾਜਜੀਤ ਸਿੰਘ ਦੇ ਨਾਲ ਸੰਬੰਧ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਇਸ ਮਾਮਲੇ ਵਿੱਚ ਇੱਕ IPS ਤੇ ਤਿੰਨ 3 PPS ਅਫਸਰਾਂ ਦੇ ਸ਼ਾਮਿਲ ਹੋਣ ਦੀ ਗੱਲ ਵੀ ਕਹੀ ਹੈ।