ਵਿਧਾਨ ਸਭਾ ਹਲਕਾ ਪਾਇਲ ਤੋਂ ‘ਆਪ’ (AAP) ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ(Manwinder Singh ) ਦੇ ਖਿਲਾਫ ਇਕ ਚਿੱਠੀ ਵਾਇਰਲ ਹੋਈ ਹੈ। ਜਿਸ ਨਾਲ ਸਿਆਸਤ ਗਰਮਾ ਗਈ ਹੈ। ਜਾਣਕਾਰੀ ਮੁਤਾਬਕ ਇਹ ਪੱਤਰ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ ਦੀ ਕਾਪੀ ਦੱਸਿਆ ਜਾ ਰਿਹਾ ਹੈ। ਇਹ ਸ਼ਿਕਾਇਤ ਸੋਮਸਰ ਟਿੱਪਰ ਐਸੋਸੀਏਸ਼ਨ ਸਾਹਨੇਵਾਲ ਵੱਲੋਂ ਕੀਤੀ ਗਈ ਹੈ, ਜਿਸ ਵਿੱਚ ਵਿਧਾਇਕ ਗਿਆਸਪੁਰਾ ’ਤੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਲੀਡਰ ਲਗਾਤਾਰ ਗਿਆਸਪੁਰਾ ਨੂੰ ਘੇਰ ਰਹੇ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ਿਕਾਇਤ ਦੀ ਕਾਪੀ ਟਵੀਟ ਕਰ ਸਾਂਝੀ ਕੀਤੀ ਹੈ। ਮਜੀਠੀਆ ਨੇ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਸੋਮਾਸਰ ਟਿੱਪਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਭੇਜੀ ਗਈ ਹੈ। ਸ਼ਿਕਾਇਤ ਵਿੱਚ ਕਰੀਬ 30 ਲੋਕਾਂ ਦੇ ਦਸਤਖਤ ਅਤੇ ਮੋਬਾਈਲ ਨੰਬਰ ਹਨ। ਦੋਸ਼ ਹੈ ਕਿ ਪਾਇਲ ਵਿੱਚ ਮਿੱਟੀ ਦੀ ਮਾਈਨਿੰਗ ਲਈ ਵਿਧਾਇਕ ਤੇ ਸਾਥੀਆਂ ਤੋਂ ਡੇਢ ਲੱਖ ਰੁਪਏ ਪ੍ਰਤੀ ਏਕੜ ਲਏ ਜਾਂਦੇ ਹਨ। ਹੁਣ ਤੱਕ ਇੱਕ ਕਰੋੜ ਰੁਪਏ ਲਏ ਜਾ ਚੁੱਕੇ ਹਨ। ਪੈਸੇ ਨਾ ਦਿੱਤੇ ਤਾਂ ਪੁਲਿਸ ਭੇਜ ਦਿੱਤੀ ਜਾਂਦੀ ਹੈ। ਹੁਣ ਉਸ ਤੋਂ ਲੋਕ ਸਭਾ ਚੋਣਾਂ ਲਈ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਸ਼ਿਕਾਇਤ ਦੀ ਕਾਪੀ ਨੂੰ ਟਵੀਟ ਕਰਕੇ ਲਿਖਿਆ ਕਿ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਟਿੱਪਰਾਂ ਵਾਲਿਆਂ ਨੂੰ ਧਮਕੀਆਂ ਦੇ ਰਹੇ ਹਨ। ਉਸ ਖ਼ਿਲਾਫ਼ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਨੂੰ ਇਕ ਸਾਜਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।