Punjab

GNDU ‘ਚ ਧਮਾਕਾ, ਕਈ ਵਿਦਿਆਰਥੀ ਜ਼ਖ਼ਮੀ

Ludhiana News

ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੈਮਿਸਟਰੀ ਵਿਭਾਗ ਦੀ ਲੈਬਾਰਟਰੀ ਵਿੱਚ ਪ੍ਰੈਕਟੀਕਲ ਦੌਰਾਨ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੀਆਂ ਅੱਖਾਂ ਅਤੇ ਚਿਹਰੇ ਨੂੰ ਨੁਕਸਾਨ ਪਹੁੰਚਿਆ ਹੈ। ਵਿਦਿਆਰਥਣ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰਡੀਐਫ) ਦਾ ਪ੍ਰੈਕਟੀਕਲ ਕਰ ਰਹੇ ਸਨ। ਉਹ ਆਰਡੀਐਫ ਭਾਵ ਵੇਸਟ ਮਟੀਰੀਅਲ ਤੋਂ ਬਾਲਣ ਤਿਆਰ ਕਰਨ ਦਾ ਪ੍ਰੈਕਟੀਕਲ ਕਰ ਰਹੇ ਸਨ। ਇਸ ਦੌਰਾਨ ਗਲਤ ਕੈਮੀਕਲ ਰਿਐਕਸ਼ਨ ਹੋਇਆ ਅਤੇ ਜ਼ੋਰਦਾਰ ਧਮਾਕਾ ਹੋਇਆ। ਪ੍ਰੈਕਟੀਕਲ ਕਰ ਰਹੀ ਮੁਸਕਾਨ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਈ, ਜਦਕਿ ਲੈਬ ‘ਚ ਖੜ੍ਹੇ ਕਈ ਵਿਦਿਆਰਥੀਆਂ ਨੂੰ ਵੀ ਜ਼ਖ਼ਮੀ ਹੋ ਗਏ ਹਨ।

ਦੱਸ ਦੇਈਏ ਕਿ ਜੀਐਨਡੀਯੂ ਦੀ ਪ੍ਰਯੋਗਸ਼ਾਲਾ ਵਿੱਚ ਧਮਾਕੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਫਾਰਮਾਸਿਊਟੀਕਲ ਵਿਭਾਗ ਵਿੱਚ ਵੀ ਅਜਿਹੇ ਧਮਾਕਿਆਂ ਦੌਰਾਨ ਭਾਰੀ ਮਾਲੀ ਨੁਕਸਾਨ ਹੋਇਆ ਸੀ। ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਲੈਬਾਰਟਰੀ ਵਿੱਚ ਹਰ ਤਰ੍ਹਾਂ ਦੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਦੇ ਹਨ। ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਪਰ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ। ਇਸ ਅਚਾਨਕ ਹੋਏ ਹਾਦਸੇ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ।

7