‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਧਰਮ ਦੇ ਨਾਂ ਉੱਤੇ ਪਖੰਡ ਫੈਲਾਉਣ ਵਾਲਿਆਂ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ (Jalandhar) ਦੇ ਪਿੰਡ ਤਾਜਪੁਰ (Tajpur) ਦੀ ਚਰਚ (Church) ਵਿੱਚ ਕੈਂਸਰ (Cancer) ਪੀੜਤ ਬੱਚੀ ਦੀ ਮੌਤ ਹੋ ਗਈ ਹੈ। ਲਾਂਬੜਾ ਪੁਲਿਸ (Lambra Police) ਦੇ ਦੱਸਣ ਮੁਤਾਬਕ ਚਾਰ ਸਾਲਾ ਬੱਚੀ ਦਾ ਇਲਾਜ ਦਿੱਲੀ ਦੇ ਏਮਜ਼ ਹਸਪਤਾਲ ’ਚ ਚੱਲ ਰਿਹਾ ਸੀ ਪਰ ਨਾਲ ਹੀ ਨਾਲ ਮਾਪੇ ਬੱਚੀ ਨੂੰ ਬਚਾਉਣ ਲਈ ਪਿਛਲੇ 9 ਮਹੀਨਿਆਂ (9 Months) ਤੋਂ ਚਰਚ ਵਿੱਚ ਆ ਰਹੇ ਸੀ। ਪੀੜਤ ਬੱਚੀ ਦੇ ਮਾਪੇ (Parents) ਉਸ ਨੂੰ ਤਾਜਪੁਰ ਦੀ ਚਰਚ ਵਿੱਚ ਇਸ ਉਮੀਦ ਨਾਲ ਲੈ ਕੇ ਜਾਂਦੇ ਸੀ ਕਿ ਇੱਥੇ ਬੱਚੀ ਠੀਕ ਹੋ ਜਾਵੇਗੀ।
ਮਾਪਿਆਂ ਦੇ ਦੱਸਣ ਮੁਤਾਬਕ ਚਰਚ ਵਾਲਿਆਂ ਵੱਲੋਂ ਉਨ੍ਹਾਂ ਕੋਲੋਂ ਕਦੇ 15,000 ਰੁਪਏ ਤੇ ਕਦੇ 50,000 ਰੁਪਏ ਮੰਗੇ ਗਏ। ਮ੍ਰਿਤਕ ਬੱਚੀ ਦਾ ਨਾਂ ਤਨੀਸ਼ਾ ਸੀ। ਮਾਪਿਆਂ ਨੇ ਵੀਡੀਓ ਕਲਿੱਪ ਵਿੱਚ ਆਪਣੇ ਨਾਲ ਬੀਤੀ ਸਾਰੀ ਕਹਾਣੀ ਦੱਸੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੱਚੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਧੱਕੇ ਮਾਰ ਕੇ ਚਰਚ ’ਚੋਂ ਬਾਹਰ ਕੱਢ ਦਿੱਤਾ ਗਿਆ।
ਇਸ ਬੱਚੀ ਦੀ ਲੰਘੀ ਸ਼ਾਮ ਨੂੰ ਉਸ ਵੇਲੇ ਮੌਤ ਹੋ ਗਈ, ਜਦੋਂ ਤਾਜਪੁਰ ਚਰਚ ਦਾ ਪਾਦਰੀ ਪ੍ਰਾਰਥਨਾ ਸਭਾ ਤੇ ਇਲਾਜ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਸੀ। ਬੱਚੀ ਪਿਛਲੇ ਦੋ ਸਾਲਾਂ ਤੋਂ ਕੈਂਸਰ ਤੋਂ ਪੀੜਤ ਸੀ। ਉਸ ਨੂੰ ਕੀਮੋਥੈਰੇਪੀ ਵੀ ਦਿੱਤੀ ਗਈ ਪਰ ਹੁਣ ਉਸ ਦੇ ਅੰਗ ਫੇਲ੍ਹ ਹੋ ਚੁੱਕੇ ਸਨ। ਡਾਕਟਰਾਂ ਨੇ ਲੰਘੇ 5 ਸਤੰਬਰ ਨੂੰ ਦੱਸ ਦਿੱਤਾ ਸੀ ਕਿ ਬੱਚੀ ਨੂੰ ਬਚਾਇਆ ਨਹੀਂ ਜਾ ਸਕਦਾ।
ਪੀੜਤ ਪਰਿਵਾਰ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਕੁਝ ਵੀਡੀਓ ਦੇਖੇ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਚਰਚ ਵਿੱਚ ਕੈਂਸਰ ਦੇ ਮਰੀਜ਼ ਠੀਕ ਹੋ ਰਹੇ ਹਨ।
ਇੱਥੋਂ ਦਾ ਪਾਦਰੀ ਬਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ’ਤੇ ਐਤਵਾਰ ਪ੍ਰਾਰਥਨਾ ਸਭਾ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਅਤੇ ਉਸੇ ਦਿਨ ਬੱਚੀ ਦੀ ਮੌਤ ਹੋਈ ਹੈ। ਕਥਿਤ ਪਾਦਰੀ ਦੇ ਫੇਸਬੁਕ ਪੇਜ ’ਤੇ ਦਿੱਤੇ ਫੋਨ ਨੰਬਰ ’ਤੇ ਗੱਲ ਕੀਤੀ ਤਾਂ ਇੱਕ ਔਰਤ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਪ੍ਰਾਰਥਨਾ ਲਈ ਕੋਈ ਪੈਸਾ ਮੰਗਿਆ ਜਾਂਦਾ ਹੈ।
ਪੰਜਾਬ ਵਿੱਚ ਇਹ ਧੰਦਾ ਬਹੁਤ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਇਹ ਸ਼ੁਰੂ ਹੋਇਆ ਹੈ ਪਰ ਹੁਣ ਇਹ ਜੱਗ ਜਾਹਿਰ ਹੋਣ ਲੱਗਾ ਹੈ। ਹੁਣ ਇਸਾਈ ਧਰਮ ਦੇ ਵੱਡੇ ਪਾਦਰੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕਈ ਬੈਠਕਾਂ ਕੀਤੀਆਂ ਹਨ। ਉਹ ਵੀ ਸ਼ਰੇਆਮ ਕਹਿਣ ਲੱਗੇ ਹਨ ਕਿ ਅਜਿਹਾ ਪਾਖੰਡ ਫੈਲਾਉਣ ਵਾਲੇ ਪਾਦਰੀਆਂ ਨਾਲ ਇਸਾਈ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਇਸਾਈ ਧਰਮ ਦੇ ਵਿੱਚ ਅਜਿਹਾ ਕੋਈ ਇਲਾਜ ਨਹੀਂ ਕੀਤਾ ਜਾਂਦਾ, ਨਾ ਹੀ ਕੋਈ ਚਮਤਕਾਰ ਵਰਤ ਸਕਦਾ ਹੈ। ਪਿਛਲੇ ਦਿਨੀਂ ਤਾਂ ਪਾਦਰੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਅਜਿਹੇ ਪਾਖੰਡ ਫੈਲਾਉਣ ਵਾਲੇ ਲੋਕਾਂ ਦੇ ਖਿਲਾਫ਼ ਪਰਚੇ ਵੀ ਦਰਜ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਪਾਖੰਡੀ ਪਾਦਰੀਆਂ ਦੇ ਜਾਲ ਵਿੱਚ ਨਾ ਫਸਣ ਦੀ ਅਪੀਲ ਵੀ ਕੀਤੀ ਹੈ।