ਲੁਧਿਆਣਾ : ਚੰਡੀਗੜ੍ਹ ਰੋਡ ਸਥਿਤ ਪਿੰਡ ਜੰਡਿਆਲੀ ਬੁੱਢੇਵਾਲ ਦੀ ਪਾਰਸ਼ਵਨਾਥ ਧਾਗਾ ਫੈਕਟਰੀ ’ਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਸਮਰਾਲਾ ਤੋਂ ਵੀ ਅੱਗ ਬੁਝਾਊ ਗੱਡੀਆਂ ਸੱਦੀਆਂ ਗਈਆਂ। ਫਾਇਰ ਵਿਭਾਗ ਨੇ 150 ਗੱਡੀਆਂ ਨਾਲ ਸੱਤ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਅੱਗ ਲੱਗਣ ਕਾਰਨ ਫੈਕਟਰੀ ’ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਸ਼ਵਨਾਥ ਧਾਗਾ ਮਿੱਲ ਬਾਹਰ ਅੱਜ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ ਤੇ ਕੁਝ ਕਾਰੀਗਰ ਕੰਮ ਕਰ ਰਹੇ ਸਨ। ਸਵੇਰੇ ਕਰੀਬ ਚਾਰ ਵਜੇ ਧਾਗਾ ਮਿੱਲ ’ਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕਾਰੀਗਰਾਂ ਤੇ ਸੁਰੱਖਿਆ ਕਰਮੀਆਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ੀ ਨਾਲ ਅੱਗੇ ਫੈਲਦੀ ਗਈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਮੰਗਵਾ ਲਈਆਂ ਤੇ ਉਸ ਤੋਂ ਬਾਅਦ ਸਮਰਾਲਾ ਤੋਂ ਵੀ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਸੱਦੀਆਂ ਗਈਆਂ। ਫਾਇਰ ਅਧਿਕਾਰੀ ਆਤਿਸ਼ ਰਾਏ ਨੇ ਦੱਸਿਆ ਕਿ ਸਵੇਰੇ ਸਾਢੇ ਚਾਰ ਵਜੇ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਗੱਡੀਆਂ ਭੇਜ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮਿੱਲ ’ਚ ਕਿਸੇ ਤਰ੍ਹਾਂ ਦਾ ਕੋਈ ਫਾਇਰ ਸਿਸਟਮ ਨਹੀਂ ਲੱਗਿਆ ਸੀ, ਜੇਕਰ ਫਾਇਰ ਸਿਸਟਮ ਲੱਗਿਆ ਹੁੰਦਾ ਤਾਂ ਅੱਗ ’ਤੇ ਸਮਾਂ ਰਹਿੰਦੇ ਹੀ ਕਾਬੂ ਪਾਇਆ ਜਾ ਸਕਦਾ ਸੀ। ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।