ਇਰਾਕ ਦੇ ਨੀਨਵੇਹ ਸੂਬੇ ਦੇ ਹਮਦਾਨੀਆ ਜ਼ਿਲ੍ਹੇ ‘ਚ ਮੰਗਲਵਾਰ ਦੇਰ ਰਾਤ ਇਕ ਵਿਆਹ ਸਮਾਰੋਹ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 150 ਜ਼ਖ਼ਮੀ ਹੋ ਗਏ। ਬੁੱਧਵਾਰ ਸਵੇਰੇ ਜਾਣਕਾਰੀ ਦਿੰਦੇ ਹੋਏ ਇਰਾਕੀ ਸਰਕਾਰੀ ਮੀਡੀਆ ਨੇ ਸਥਾਨਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸਥਾਨਕ ਸਿਵਲ ਡਿਫੈਂਸ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਦੇ ਇੱਕ ਵੱਡੇ ਸਮਾਗਮ ਹਾਲ ਵਿੱਚ ਜਸ਼ਨਾਂ ਦੌਰਾਨ ਆਤਿਸ਼ਬਾਜ਼ੀ ਕਰਨ ਤੋਂ ਬਾਅਦ ਅੱਗ ਲੱਗ ਗਈ। ਜਿਸ ਕਾਰਨ ਇਹ ਭਿਆਨਕ ਅੱਗ ਲੱਗ ਗਈ।
ਸਰਕਾਰੀ ਮੀਡੀਆ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇਮਾਰਤ ਬਹੁਤ ਜ਼ਿਆਦਾ ਜਲਨਸ਼ੀਲ ਉਸਾਰੀ ਸਮਗਰੀ ਦੀ ਬਣੀ ਹੋਈ ਸੀ, ਜਿਸ ਕਾਰਨ ਇਸ ਵਿੱਚ ਤੇਜ਼ੀ ਨਾਲ ਅੱਗ ਲੱਗ ਗਈ। ਇਰਾਕ ਦੇ ਸਿਵਲ ਡਿਫੈਂਸ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਸਮਾਰੋਹ ਦੌਰਾਨ ਸ਼ੁਰੂ ਹੋਈ ਆਤਿਸ਼ਬਾਜ਼ੀ ਕਾਰਨ ਰਾਜਧਾਨੀ ਬਗ਼ਦਾਦ ਤੋਂ ਲਗਭਗ 400 ਕਿੱਲੋਮੀਟਰ ਦੂਰ ਉੱਤਰੀ ਸ਼ਹਿਰ ਮੋਸੁਲ ਦੇ ਬਾਹਰ ਵੱਡੇ ਸਮਾਗਮ ਹਾਲ ਵਿੱਚ ਅੱਗ ਲੱਗ ਗਈ।
ਅਧਿਕਾਰਤ ਬਿਆਨਾਂ ਦੇ ਅਨੁਸਾਰ, ਫੈਡਰਲ ਇਰਾਕੀ ਅਧਿਕਾਰੀਆਂ ਅਤੇ ਇਰਾਕ ਦੇ ਅਰਧ-ਖ਼ੁਦਮੁਖ਼ਤਿਆਰ ਕੁਰਦਿਸਤਾਨ ਖੇਤਰ ਦੇ ਅਧਿਕਾਰੀਆਂ ਦੁਆਰਾ ਐਂਬੂਲੈਂਸਾਂ ਅਤੇ ਮੈਡੀਕਲ ਟੀਮਾਂ ਨੂੰ ਸਾਈਟ ‘ਤੇ ਰਵਾਨਾ ਕੀਤਾ ਗਿਆ ਸੀ। ਘਟਨਾ ਸਥਾਨ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਇਮਾਰਤ ‘ਚ ਅੱਗ ਸਥਾਨਕ ਸਮੇਂ ਅਨੁਸਾਰ ਰਾਤ 10:45 ਵਜੇ ਦੇ ਕਰੀਬ ਲੱਗੀ ਅਤੇ ਘਟਨਾ ਦੇ ਸਮੇਂ ਸੈਂਕੜੇ ਲੋਕ ਮੌਜੂਦ ਸਨ।
ਇਰਾਕ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਇਸ ਘਟਨਾ ‘ਤੇ ਲਿਖਿਆ- “ਮੈਂ ਅਧਿਕਾਰੀਆਂ ਨੂੰ ਇਸ ਮੰਦਭਾਗੀ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਸ਼ ਕਰਨ ਲਈ ਕਿਹਾ ਹੈ।”
ਦੱਸ ਦੇਈਏ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਘਟਨਾ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮੈਰਿਜ ਹਾਲ ਪੂਰੀ ਤਰ੍ਹਾਂ ਖੰਡਰ ਹੋ ਚੁੱਕਾ ਹੈ। ਬਚਾਅ ਟੀਮ ਉੱਥੋਂ ਲਾਸ਼ਾਂ ਨੂੰ ਕੱਢ ਰਹੀ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।