ਜਲੰਧਰ ਦੇ ਲਤੀਫ਼ਪੁਰਾ ਵਿੱਚ ਵੀ ਪੁਲਿਸ ਅਤੇ ਮੁਜ਼ਾਹਰਾ ਕਰ ਰਹੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨਾਂ ਦਰਮਿਆਨ ਝੜਪ ਹੋਈ। ਲਤੀਫ਼ਪੁਰਾ ਵਿੱਚ 9 ਦਸੰਬਰ ਨੂੰ ਕੁਝ ਘਰ ਨਜ਼ਾਇਜ ਦੱਸਦਿਆ ਪ੍ਰਸ਼ਾਸਨ ਵਲੋਂ ਢਾਹ ਦਿੱਤੇ ਗਏ ਸਨ। ਲੋਕਾਂ ਦਾ ਇਲਜ਼ਾਮ ਸੀ ਕਿ ਪ੍ਰਸ਼ਾਸਨ ਦੀ ਕਾਰਵਾਈ ਇੰਨੀ ਤੇਜ਼ ਹੋਈ ਕਿ ਕਈ ਲੋਕਾਂ ਨੂੰ ਆਪਣੇ ਜ਼ਰੂਰੀ ਸਮਾਨ ਚੁੱਕਣ ਦਾ ਸਮਾਂ ਨਹੀਂ ਮਿਲਿਆ ਸੀ।
ਦਰਅਸਲ, ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਸੂਬਾ ਪੱਧਰੀ ਸਮਾਗਮ ’ਚ ਝੰਡਾ ਲਹਿਰਾਉਣ ਲਈ ਜਲੰਧਰ ਪਹੁੰਚੇ ਸਨ। ਇਸ ਮੌਕੇ ਲਤੀਫ਼ਪੁਰਾ ਵਿੱਚ ਲਗਾਤਾਰ ਚੱਲ ਰਹੇ ਧਰਨੇ ਦੇ ਮੁਜ਼ਾਹਰਾਕਾਰੀਆਂ ਨੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਵਲੋਂ ਲਤੀਫ਼ਪੁਰਾ ਦੇ ਚਾਰੋਂ ਪਾਸੇ ਕੀਤੀ ਗਈ ਬੇਰਿਕੇਡਿੰਗ ਨੂੰ ਤੋੜ ਕੇ ਜਦੋਂ ਮੁਜ਼ਾਹਰਾਕਾਰੀਆਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਇਆਨ ਝੜਪ ਹੋਈ। ਲਤੀਫ਼ਪੁਰਾ ਵਾਸੀਆਂ ਦੇ ਨਾਲ ਕਿਰਤੀ ਕਿਸਾਨ ਯੂਨੀਅਨ, ਇਸਤਰੀ ਜਾਗ੍ਰਤੀ ਮੰਚ ਦੇ ਕਾਰਕੁੰਨ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਸਨ।
ਇਸ ਮਾਮਲੇ ਵਿੱਚ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਸੀ ਕਿ ਗੁਰੂ ਤੇਗ ਬਹਾਦਰ ਨਗਰ ਵਿਕਾਸ ਸਕੀਮ ਤਹਿਤ 110 ਏਕੜ ਥਾਂ ਲਈ ਗਈ ਸੀ। ਲਤੀਫ਼ਪੁਰਾ ਇਲਾਕਾ ਵੀ ਇੱਸੇ ਦਾ ਹਿੱਸਾ ਸੀ।
ਉਨ੍ਹਾਂ ਮੁਤਾਬਕ ਸਾਲ 1990 ਤੱਕ ਇੰਪਰੂਵਮੈਂਟ ਟਰੱਸਟ ਨੇ ਕੁਝ ਪਲਾਟ ਵੇਚੇ ਸਨ, ਇਸੇ ਦੌਰਾਨ ਕੁਝ ਪਲਾਟਾਂ ਉੱਤੇ ਕਬਜ਼ੇ ਹੋ ਗਏ ਸਨ। ਇਸ ਦੇ ਖਿਲਾਫ਼ ਜਿਨ੍ਹਾਂ ਲੋਕਾਂ ਨੂੰ ਇੰਪਰੂਵਮੈਂਟ ਟਰੱਸਟ ਨੇ ਪਲਾਟ ਵੇਚੇ ਸਨ, ਉਹ ਕਬਜਿਆਂ ਖਿਲਾਫ਼ ਅਦਾਲਤਾਂ ਵਿੱਚ ਗਏ।
ਸਾਲ 2012 ਵਿੱਚ ਹਾਈ ਕੋਰਟ ਦਾ ਫੈਸਲਾ ਗੈਰ-ਕਾਨੂੰਨੀ ਕਬਜ਼ੇ ਕਰਨ ਵਾਲਿਆਂ ਦੇ ਖਿਲਾਫ਼ ਆਇਆ। ਮਾਮਲਾ ਸੁਪਰੀਮ ਕੋਰਟ ਗਿਆ। ਉਥੋਂ ਵੀ ਹਾਈ ਕੋਰਟ ਦੇ ਫੈਸਲੇ ਨੂੰ ਸਹੀ ਦੱਸਿਆ ਗਿਆ।