India

ਪਹਿਲਵਾਨਾਂ ਦੇ ਧਰਨੇ ਨੂੰ ਮਿਲ ਰਿਹਾ ਹਰ ਪਾਸੇ ਤੋਂ ਵੱਡਾ ਸਹਿਯੋਗ,ਦਿੱਲੀ ਪਹੁੰਚੀਆਂ ਕਿਸਾਨ ਬੀਬੀਆਂ

ਦਿੱਲੀ : ਪਿਛਲੇ ਮਹੀਨੇ 23 ਤਰੀਕ ਨੂੰ ਜੰਤਰ-ਮੰਤਰ ਤੇ ਸ਼ੁਰੂ ਹੋਏ ਪਹਿਲਵਾਨਾਂ ਦੇ ਧਰਨੇ ਨੂੰ ਹਰ ਪਾਸੇ ਤੋਂ ਵੱਡਾ ਸਹਿਯੋਗ ਮਿਲ ਰਿਹਾ ਹੈ। ਕੱਲ ਵਾਂਗ ਅੱਜ ਵੀ ਕਿਸਾਨਾਂ ਦੇ ਜਥੇ ਇਥੇ ਪਹੁੰਚੇ ਹਨ। ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਦੀ ਅਗਵਾਈ ਹੇਠ ਅੱਜ ਸੈਂਕੜੇ ਔਰਤਾਂ ਅਤੇ ਮਰਦਾਂ ਦਾ ਕਾਫਲਾ  ਭਲਵਾਨਾਂ ਨੂੰ ਹਮਾਇਤ ਦੇਣ ਲਈ ਜੰਤਰ ਮੰਤਰ ‘ਤੇ ਪਹੁੰਚਿਆ ਹੈ।

ਗੁਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰਨ ਤੋਂ ਬਾਅਦ ਇਹ ਜਥਾ ਸਵੇਰੇ ਦਸ ਵਜੇ ਨਾਅਰੇ ਮਾਰਦਾ ਹੋਇਆ ਜੰਤਰ ਮੰਤਰ ਲਈ ਰਵਾਨਾ ਹੋਇਆ,ਜਿਸ ਦੀ ਅਗਵਾਈ ਜਥੇ ਵਿੱਚ ਸ਼ਾਮਲ  ਬੀਬੀਆਂ ਨੇ ਕੀਤੀ।

ਜੰਤਰੀ ਮੰਤਰ ਤੇ ਆਪਣੇ ਸੰਬੋਧਨ ਦੇ ਦੌਰਾਨ ਜਥੇਬੰਦੀ ਦੇ ਬੁਲਾਰਿਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਾ ਕੀਤੇ ਜਾਣ ਲਈ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਸਖ਼ਤ ਨਿਖੇਧੀ ਕੀਤੀ । ਉਹਨਾਂ ਕਿਹਾ ਕਿ ਪਹਿਲਵਾਨ ਕੁੜੀਆਂ ਵੱਲੋਂ ਮਾਮਲਾ ਸਾਹਮਣੇ ਲਿਆਂਦੇ ਜਾਣ ਨੂੰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਾਰੀਆਂ ਕੁੜੀਆਂ ਦੇ ਮੈਜਿਸਟ੍ਰੇਟ ਸਾਹਮਣੇ ਬਿਆਨ ਵੀ ਦਰਜ ਨਹੀਂ ਕੀਤੇ ਗਏ ਹਨ।ਜਿਸ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਦਿੱਲੀ ਪੁਲੀਸ ਸਰਕਾਰ ਦੇ ਦਬਾਅ ਹੇਠ ਆਈ ਹੋਈ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਹੀ ਹੈ ਪਰ ਸਰਕਾਰ ਨੂੰ ਕਿਸਾਨੀ ਅੰਦੋਲਨ ਚੇਤੇ ਰੱਖਣਾ ਚਾਹੀਦਾ ਹੈ । ਆਖਰਕਾਰ ਉਸ ਨੂੰ ਲੋਕਾਂ ਅਤੇ ਪਹਿਲਵਾਨਾਂ ਦੇ ਦ੍ਰਿੜ ਸੰਘਰਸ਼ ਅੱਗੇ ਝੁਕਣਾ ਹੀ ਪੈਣਾ ਹੈ। ਜਥੇਬੰਦੀ ਦੇ ਆਗੂਆਂ ਨੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਜਥੇਬੰਦੀ ਵੱਲੋਂ ਪਹਿਲਵਾਨਾਂ ਨੂੰ ਹਮਾਇਤ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ 23 ਅਪ੍ਰੈਲ ਨੂੰ ਸ਼ੁਰੂ ਹੋਏ ਭਲਵਾਨਾਂ ਦੇ ਧਰਨੇ ਨੂੰ ਲਗਾਤਾਰ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ ਹੈ।  ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਈ ਖੁੱਲੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ।