India Sports

WC ‘ਚ 27 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਾਇਆ ਵੱਡਾ ਰਿਕਾਰਡ, ਪਿੱਛੇ ਰਹਿ ਗਏ ਇਹ ਦਿੱਗਜ਼

ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਆਖਰੀ ਲੀਗ ਮੈਚ ਵਿੱਚ ਨੀਦਰਲੈਂਡ ਖ਼ਿਲਾਫ਼ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਉਸ ਨੇ ਗੇਂਦਬਾਜ਼ੀ ਵਿੱਚ ਕਮਾਲ ਕਰ ਦਿੱਤਾ। ਜਡੇਜਾ ਨੇ ਆਪਣੀ ਖੱਬੇ ਹੱਥ ਦੀ ਆਰਥੋਡਾਕਸ ਸਪਿਨ ਗੇਂਦਬਾਜ਼ੀ ਨਾਲ ਡੱਚ ਟੀਮ ਦੇ ਦੋ ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਦੌਰਾਨ ਉਸ ਨੇ 27 ਸਾਲ ਪੁਰਾਣਾ ਭਾਰਤੀ ਰਿਕਾਰਡ ਤੋੜ ਕੇ ਵੱਡੀ ਪ੍ਰਾਪਤੀ ਆਪਣੇ ਨਾਂ ਦਰਜ ਕਰਵਾਈ। ਭਾਰਤੀ ਟੀਮ ਇਹ ਮੈਚ 160 ਦੌੜਾਂ ਨਾਲ ਜਿੱਤਣ ‘ਚ ਸਫਲ ਰਹੀ। ਹੁਣ ਟੀਮ ਇੰਡੀਆ ਦਾ ਸਾਹਮਣਾ 15 ਨਵੰਬਰ ਨੂੰ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ।

ਰਵਿੰਦਰ ਜਡੇਜਾ ਨੇ ਨੀਦਰਲੈਂਡ ਦੇ ਸਲਾਮੀ ਬੱਲੇਬਾਜ਼ ਮੈਕਸ ਓ’ਡਾਊਡ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਕਾਮਯਾਬੀ ਦਿਵਾਈ। ਇਸ ਤੋਂ ਬਾਅਦ ਉਸ ਨੇ ਰੋਲਫ ਵੈਂਡਰ ਮਰਵੇ ਨੂੰ ਸ਼ਮੀ ਦੇ ਹੱਥੋਂ ਕੈਚ ਕਰਵਾ ਕੇ ਵਿਰੋਧੀ ਟੀਮ ਨੂੰ ਅੱਠਵਾਂ ਝਟਕਾ ਦਿੱਤਾ। ਜਡੇਜਾ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਸਪਿਨਰ ਬਣ ਗਏ ਹਨ। ਉਸ ਨੇ ਮਹਾਨ ਲੈੱਗ ਸਪਿਨਰ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਨੇ 27 ਸਾਲ ਪਹਿਲਾਂ 1996 ਵਿਸ਼ਵ ਕੱਪ ਵਿੱਚ 15 ਵਿਕਟਾਂ ਲਈਆਂ ਸਨ। ਜਡੇਜਾ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ 16 ਵਿਕਟਾਂ ਝਟਕਾਈਆਂ ਹਨ। ਇਹ ਵਿਸ਼ਵ ਕੱਪ ਵਿੱਚ ਕਿਸੇ ਭਾਰਤੀ ਸਪਿਨਰ ਦਾ ਸਰਵੋਤਮ ਪ੍ਰਦਰਸ਼ਨ ਹੈ।

ਇਸ ਸੂਚੀ ‘ਚ ਅਨਿਲ ਕੁੰਬਲੇ ਹੁਣ ਦੂਜੇ ਸਥਾਨ ‘ਤੇ ਖਿਸਕ ਗਏ ਹਨ ਜਦਕਿ ਯੁਵਰਾਜ ਸਿੰਘ 15 ਵਿਕਟਾਂ ਲੈ ਕੇ ਤੀਜੇ ਸਥਾਨ ‘ਤੇ ਹਨ। ਯੁਵੀ ਨੇ 2011 ਵਿਸ਼ਵ ਕੱਪ ‘ਚ 11 ਵਿਕਟਾਂ ਲਈਆਂ ਸਨ, ਜਦਕਿ ਕੁਲਦੀਪ ਯਾਦਵ ਅਤੇ ਮਨਿੰਦਰ ਸਿੰਘ ਬਰਾਬਰ 14 ਵਿਕਟਾਂ ਲੈ ਕੇ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਹਨ। ਕੁਲਦੀਪ ਇਸ ਵਿਸ਼ਵ ਕੱਪ ‘ਚ ਹੁਣ ਤੱਕ 14 ਵਿਕਟਾਂ ਲੈ ਚੁੱਕੇ ਹਨ, ਜਦਕਿ ਮਨਿੰਦਰ ਨੇ 1987 ਦੇ ਵਿਸ਼ਵ ਕੱਪ ‘ਚ 14 ਵਿਕਟਾਂ ਲਈਆਂ ਸਨ।

ਭਾਰਤ ਇੱਕ ਵਿਸ਼ਵ ਕੱਪ ਵਿੱਚ ਲਗਾਤਾਰ ਸਭ ਤੋਂ ਵੱਧ ਮੈਚ ਜਿੱਤਣ ਦੇ ਮਾਮਲੇ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਟੀਮ ਇੰਡੀਆ ਮੌਜੂਦਾ ਵਿਸ਼ਵ ਕੱਪ ਵਿੱਚ ਅਜਿੱਤ ਹੈ। ਇਸ ਨੇ ਨੀਦਰਲੈਂਡ ਨੂੰ ਹਰਾ ਕੇ ਲਗਾਤਾਰ ਨੌਵੀਂ ਜਿੱਤ ਦਰਜ ਕੀਤੀ। ਇੱਕ ਵਿਸ਼ਵ ਕੱਪ ਵਿੱਚ ਬਿਨਾਂ ਕੋਈ ਮੈਚ ਗੁਆਏ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਆਸਟ੍ਰੇਲੀਆ ਦੇ ਨਾਮ ਹੈ। ਆਸਟ੍ਰੇਲੀਆ ਨੇ 2003 ਅਤੇ 2007 ਵਿਸ਼ਵ ਕੱਪ ਵਿੱਚ ਲਗਾਤਾਰ 11 ਮੈਚ ਜਿੱਤੇ ਸਨ। ਟੀਮ ਇੰਡੀਆ ਆਸਟ੍ਰੇਲੀਆ ਨਾਲ ਮੈਚ ਕਰਨ ਤੋਂ ਸਿਰਫ 2 ਜਿੱਤ ਦੂਰ ਹੈ। ਜੇਕਰ ਭਾਰਤ ਸੈਮੀਫਾਈਨਲ ਅਤੇ ਫਾਈਨਲ ਜਿੱਤਦਾ ਹੈ ਤਾਂ ਉਹ ਆਸਟ੍ਰੇਲੀਆ ਦੇ ਇਸ ਮਹਾਨ ਰਿਕਾਰਡ ਦੀ ਬਰਾਬਰੀ ਕਰ ਲਵੇਗਾ।