Khaas Lekh Punjab

ਇਕੱਲੇ ਪੈਂਦੇ ਪੰਜਾਬ’ ਨੂੰ ਹੁਣ ‘ਆੜੀਆਂ’ ਦਾ ਸਹਾਰਾ ! ਤੁਸੀਂ ਵੀ ਕਿਸੇ ਦੇ ਬਣੇ ‘ਆੜੀ’ !

ਬਿਉਰੋ ਰਿਪੋਰਟ : ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਦੀ ਹੈ। ਪਰ ਉਸ ‘ਇਕੱਲੇ ਪੈਂਦੇ ਪੰਜਾਬ’ ਦੀ ਸਾਰ ਕੌਣ ਲਏਗਾ ? ਜਿਸ ਨੇ ਜਵਾਨੀ ਬੱਚਿਆਂ ਦੀ ਜ਼ਿੰਦਗੀ ਸਵਾਰਨ ‘ਤੇ ਲੱਗਾ ਦਿੱਤੀ । ਹੁਣ ਜਦੋਂ ਜ਼ਿੰਦਗੀ ਹੱਸਦੇ ਵਸਦੇ ਭਰੇਭੁਰੇ ਪਰਿਵਾਰ ਵਿੱਚ ਗੁਜ਼ਾਰਨ ਦਾ ਸਮਾਂ ਆਇਆ ਹੈ ਤਾਂ ਹੁਣ ਪਲੇ ਸਿਰਫ਼ ਇਕੱਲਾਪਨ ਬਚਿਆ ਹੈ । ਬੱਚੇ ਵੱਡੇ ਹੋਏ ਤਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਮਜ਼ਬੂਰੀ ਲਈ ਕਹੋ,ਜ਼ਰੂਰਤ ਕਹੋ ਜਾਂ ਫਿਰ ਲਾਲਚ ਜਾਂ ਫਿਰ ਤਿੰਨੋ, ਘਰੋ ਚੱਲੇ ਗਏ ਕਮਾਉਣ ਦੇ ਲਈ । ਪਿੱਛੇ ਬਜ਼ੁਰਗ ਮਾਪਿਆਂ ਨੂੰ ਇਕੱਲਾਪਨ ਛੱਡ ਗਏ । ਪਰ ਬਠਿੰਡਾ ਦੇ ਤਿੰਨ ਨੌਜਵਾਨਾਂ ਨੇ ਜਵਾਨੀ ਵਿੱਚ ਹੀ ਬਜ਼ੁਰਗਾਂ ਦੇ ਦਰਦ ਨੂੰ ਸਮਝਿਆ ਅਤੇ ਬਣ ਗਏ ਉਨ੍ਹਾਂ ਦੇ ਪੱਕੇ ‘ਆੜੀ’ ।

ਬਠਿੰਡਾ ਦੇ ਹਰਦਵਿੰਦਰ ਸਿੰਘ ਸਿੰਘ,ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਤਿੰਨਾਂ ਨੇ ਸਕੂਲ ਤੋਂ ਕਾਲਜ ਤੱਕ ਇਕੱਠੀ ਪੜ੍ਹਾਈ ਕੀਤੀ । ਹਰਵਿੰਦਰ ਸਿੰਘ ਟੈਲੀਕਾਮ ਸੈਕਟਰ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਦੋਵੇ ਦੋਸਤ ਰੀਅਲ ਅਸਟੇਟ ਦਾ ਕੰਮ ਕਰਦੇ ਹਨ। ਤਿੰਨਾਂ ਨੇ ਨੌਜਵਾਨ ਅਤੇ ਬਜ਼ੁਰਗਾਂ ਵਿਚਲੇ ਪਾੜੇ ਨੂੰ ਪੂਰਾ ਕਰਨ ਦੇ ਲਈ ਇੱਕ ‘ਆੜੀ-ਆੜੀ’ ਗਰੁੱਪ ਬਣਾਇਆ ਹੈ । 2016 ਤੋਂ ਲੈਕੇ 2021 ਦੇ ਵਿਚਾਲੇ ਪੰਜਾਬ ਤੋਂ ਤਕਰੀਬਨ 4.78 ਲੱਖ ਨੌਜਵਾਨ ਵਿਦੇਸ਼ ਚੱਲੇ ਗਏ ਇਸ ਵਿੱਚ 2.62 ਲੱਖ ਵਿਦਿਆਰਥੀ ਸਨ । ਆੜੀ-ਆੜੀ ਗਰੁੱਪ ਦੇ ਹਰਦਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਉਹ ਅਜਿਹੇ ਬਜ਼ੁਰਗ ਨੂੰ ਵੇਖ ਦੇ ਸਨ ਜਿੰਨਾਂ ਦੇ ਬੱਚੇ ਵਿਦੇਸ਼ ਚੱਲੇ ਗਏ ਹਨ ਅਤੇ ਉਹ ਇਕੱਲੇ ਜ਼ਿੰਦਗੀ ਗੁਜ਼ਾਰ ਰਹੇ ਹਨ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਸੀ । 2019 ਵਿੱਚ ਉਨ੍ਹਾਂ ਨੇ ਸੀਨੀਅਰ ਸਿਟੀਜ਼ਨ ਦਿਹਾੜਾ ਮਨਾਉਣ ਦਾ ਫੈਸਲਾ ਲਿਆ ।

ਹਰਦਵਿੰਦਰ ਸਿੰਘ ਕਹਿੰਦੇ ਹਨ ਕਿ ਅਸੀਂ ਇਸ ਨੂੰ 21 ਅਗਸਤ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਦੇ ਪ੍ਰੋਗਰਾਮ ਦੇ ਤੌਰ ‘ਤੇ ਮਨਾਇਆ। ਇਸ ਵਿੱਚ ਤਕਰੀਬਨ 600 ਤੋਂ 700 ਬਜ਼ੁਰਗ ਸ਼ਾਮਲ ਹੋਏ। ਉਸ ਵੇਲੇ ਉਨ੍ਹਾਂ ਨੂੰ ਬਜ਼ੁਰਗਾਂ ਦੇ ਇਕੱਲੇਪਨ ਦਾ ਜ਼ਿਆਦਾ ਅਹਿਸਾਸ ਹੋਇਆ । ਪੰਜਾਬ ਵਿੱਚ ਬਜ਼ੁਰਗਾਂ ਵਿੱਚ ਵੱਧ ਰਹੇ ਇਕੱਲੇਪਨ ਦਾ ਇੱਕ ਹੋਰ ਵੀ ਵੱਡਾ ਕਾਰਨ ਹੈ । 80 ਦੇ ਦਹਾਕੇ ਵਿੱਚ ਘਰਾਂ ਵਿੱਚ 4 ਤੋਂ 5 ਬੱਚੇ ਹੁੰਦੇ ਸਨ । ਜੇਕਰ ਕੰਮ ਦੇ ਲਈ 2 ਅਤੇ 3 ਬੱਚੇ ਵਿਦੇਸ਼ ਜਾਂ ਦੇਸ਼ ਦੇ ਕਿਸੇ ਕੋਨੇ ਨੌਕਰੀ ਲਈ ਚੱਲੇ ਵੀ ਗਏ ਤਾਂ 1 ਤੋਂ 2 ਬੱਚੇ ਮਾਪਿਆਂ ਦੇ ਕੋਲ ਹੁੰਦੇ ਸਨ । ਹੁਣ ਘਰਾਂ ਵਿੱਚ 2 ਬੱਚੇ ਹੁੰਦੇ ਹਨ,ਦੋਵੇ ਹੀ ਰੋਜ਼ੀ ਰੋਟੀ ਲਈ ਬਾਹਰ ਚੱਲੇ ਜਾਂਦੇ ਹਨ ਘਰ ਵਿੱਚ ਪਿੱਛੇ ਮਾਪੇ ਇਕੱਲੇ ਰਹਿ ਜਾਂਦੇ ਹਨ ।

ਕਿਵੇਂ ਤਿੰਨੋ ਦੋਸਤ ਬਜ਼ੁਰਗਾਂ ਦੇ ਆੜੀ ਬਣੇ

ਆੜੀ-ਆੜੀ ਗਰੁੱਪ ਦੇ ਮੈਂਬਰ ਗੁਰਮੀਤ ਸਿੰਘ ਦੱਸ ਦੇ ਹਨ ਕਿ ਅਸੀਂ ਬਠਿੰਡਾ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਇਕੱਲੇ ਰਹਿ ਰਹੇ ਬੁਜ਼ਰਗਾ ਜੋੜਿਆਂ ਨੂੰ ਮਿਲਣ ਜਾਂਦੇ ਹਾਂ । ਉਨ੍ਹਾਂ ਦੇ ਨਾਲ ਸਮਾਂ ਬਿਤਾਉਂਦੇ ਹਾਂ ਅਤੇ ਖਾਣਾ ਵੀ ਖਾਂਦੇ ਹਾਂ। ਬਜ਼ੁਰਗ ਸਾਡੇ ਨਾਲ ਆਪਣੇ ਬੱਚਿਆਂ ਵਾਂਗ ਵਤੀਰਾ ਕਰਦੇ ਹਨ। ਅਸੀਂ ਉਨ੍ਹਾਂ ਦੇ ਪਿਆਰ ਸਦਕਾ ਉਨ੍ਹਾਂ ਕੋਲ ਪਹੁੰਚਣ ਦਾ ਇੰਤਜ਼ਾਰ ਕਰਦੇ ਹਾਂ ਅਤੇ ਉਹ ਵੀ ਸਾਡੀ ਉਡੀਕ ਕਰਦੇ ਹਨ। ਅਸੀਂ ਇਕੱਲੇਪਨ ਦੂਰ ਕਰਨ ਦੇ ਲਈ ਉਨ੍ਹਾਂ ਦੀ ਮਦਦ ਕਰਦੇ ਹਾਂ ਜਿਸ ਨਾਲ ਸਾਨੂੰ ਅੰਦਰੂਨੀ ਖੁਸ਼ੀ ਮਿਲ ਦੀ ਹੈ । ਕਈ ਪਰਿਵਾਰ ਤਾਂ ਰਾਤ ਅਤੇ ਦਿਨ ਦੇ ਖਾਣੇ ‘ਤੇ ਸਾਨੂੰ ਸਦਾ ਦਿੰਦੇ ਹਨ ਨਾਲ ਬੈਠ ਕੇ ਖਾਣੇ ਲਈ ਮਜ਼ਬੂਰ ਵੀ ਕਰਦੇ ਹਨ । ਉਨ੍ਹਾਂ ਪਿਆਰ ਵੇਖ ਸਾਡੇ ਕੋਲ ਵੀ ਨਾ ਨਹੀਂ ਹੁੰਦੀ ਹੈ ।

ਹਰਦਵਿੰਦਰ ਸਿੰਘ ਦੇ ਦੋਸਤ ਆੜੀ ਗਰੁੱਪ ਦੇ ਦੂਜੇ ਮੈਂਬਰ ਹਰਜਿੰਦਰ ਸਿੰਘ ਮੁਤਾਬਿਕ 20 ਤੋਂ 25 ਬਜ਼ੁਰਗ ਜੋੜਿਆਂ ਦੇ ਅਸੀਂ ਸੰਪਰਕ ਵਿੱਚ ਹਾਂ ਜਿੰਨਾਂ ਦੇ ਬੱਚੇ ਸ਼ਹਿਰ ਜਾਂ ਫਿਰ ਦੇਸ਼ ਤੋਂ ਬਾਹਰ ਰਹਿੰਦੇ ਹਨ । ਜਦੋਂ ਵੀ ਸਾਨੂੰ ਸਮਾਂ ਮਿਲ ਦਾ ਹੈ ਅਸੀਂ ਉਨ੍ਹਾਂ ਦੇ ਕੋਲ ਚੱਲੇ ਜਾਂਦੇ ਹਾਂ। ਅਸੀਂ ਉਨ੍ਹਾਂ ਦੇ ਜਨਮ ਦਿਨ,ਵਿਆਹ ਦੀ ਸਾਲਗਿਰਾ ਮਨਾਉਣ ਦੇ ਲਈ ਜਾਂਦੇ ਹਾਂ। ਹਰਿੰਦਰ ਸਿੰਘ ਨੇ ਦੱਸਿਆ 10 ਅਕਤੂਬਰ ਨੂੰ ਅਜਿਹੇ ਹੀ ਇੱਕ ਬਜ਼ੁਰਗ ਜੋੜੇ ਰਜਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੇ ਵਿਆਹ ਦੀ ਸ਼ਾਲਗਿਰਾ ਸੀ । ਉਨ੍ਹਾਂ ਦੀਆਂ ਤਿੰਨ ਧੀਆਂ ਹਨ ਤਿੰਨਾਂ ਦਾ ਵਿਆਹ ਹੋ ਗਿਆ ਸੀ । ਉਹ ਘਰ ਵਿੱਚ ਇਸ ਮੁਬਾਰਕ ਦਿਹਾੜੇ ‘ਤੇ ਉਦਾਸ ਬੈਠੇ ਸਨ ਅਸੀਂ ਤਿੰਨੋ ਦੋਸਤ ਘਰ ਕੇਕ ਲੈਕੇ ਪਹੁੰਚ ਗਏ । ਸੁਰਿੰਦਰ ਕੌਰ ਕੇਕ ਵੇਖ ਕੇ ਹੈਰਾਨ ਹੋ ਗਈ ਉਨ੍ਹਾਂ ਅੱਖਾਂ ਖੁਸ਼ੀ ਨਾਲ ਭਰ ਆਇਆ । ਫਿਰ ਸਾਰਿਆਂ ਨੇ ਮਿਲਕੇ ਕੇਕ ਕੱਟਿਆ ਅਤੇ ਫਿਰ ਮੁਸਕੁਰਾਉਂਦੇ ਹੋਏ ਚਹਿਰੇ ਵੇਖ ਸਾਡਾ ਵੀ ਦਿਲ ਖੁਸ਼ ਹੋ ਗਿਆ ।

ਬਜ਼ੁਰਗ ਸੁਰਿੰਦਰ ਕੌਰ ਮੁਤਾਬਿਕ ਜਦੋਂ ਵੀ ਸਾਨੂੰ ਜ਼ਰੂਰ ਹੁੰਦੀ ਹੈ ਆੜੀ-ਆੜੀ ਗਰੁੱਪ ਦੇ ਮੈਂਬਰ ਹਾਜ਼ਰ ਹੋ ਜਾਂਦੇ ਹਨ। ਭਾਵੇ ਉਹ ਦਵਾਈ ਹੋਵੇ ਜਾਂ ਫਿਰ ਘਰ ਦੀ ਹੋਰ ਜ਼ਰੂਰੀ ਚੀਜ਼ ਇੱਕ ਫੋਨ ‘ਤੇ ਕੋਈ ਨਾ ਕੋਈ ਆ ਜਾਂਦਾ ਹੈ ਅਤੇ ਸਾਡੀ ਮਦਦ ਕਰਦਾ ਹੈ। ਬਜ਼ੁਰਗ ਸੁਰਿੰਦਰ ਕੌਰ ਮੁਤਾਬਿਕ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ਜਦੋਂ ਮੈਨੂੰ ਆੜੀ-ਆੜੀ ਗਰੁੱਪ ਬਾਰੇ ਪਤਾ ਨਹੀਂ ਸੀ । ਪਰ ਹੁਣ ਦਿਨ ਵਿੱਚ ਤਿੰਨਾਂ ਦਾ ਫੋਨ ਜਦੋਂ ਆਉਂਦਾ ਹੈ ਸਾਡਾ ਹਾਲ ਚਾਲ ਪੁੱਛ ਦੇ ਹਨ ਸਾਡਾ ਇਕੱਲਾਪਨ ਦੂਰ ਹੋ ਜਾਂਦਾ ਹੈ । ਸੁਰਿੰਦਰ ਕੌਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਬਠਿੰਡਾ ਵਾਂਗ ਪੂਰੇ ਪੰਜਾਬ ਵਿੱਚ ਅਜਿਹੇ ਕਈ ਬਜ਼ੁਰਗ ਹਨ । ਜਿੰਨਾਂ ਨੂੰ ਆੜੀਆਂ ਦੀ ਜ਼ਰੂਰਤ ਹੈ,ਤੁਸੀਂ ਉਨ੍ਹਾਂ ਦੀ ਮਦਦ ਕਰੋ ।

 

ਸੁਰਿੰਦਰ ਕੌਰ ਦੇ ਪਤੀ ਰਜਿੰਦਰ ਸਿੰਘ ਕਹਿੰਦੇ ਹਨ ਉਹ ਅਰਾਮ ਨਾਲ ਜ਼ਿੰਦਗੀ ਜੀਅ ਰਹੇ ਸਨ ਪਰ ਇਕੱਲਾਪਨ ਮਹਿਸੂਸ ਹੁੰਦਾ ਸੀ । ਉਨ੍ਹਾਂ ਕਿਹਾ ਮੈਂ ਦਿਲ ਅਤੇ ਸ਼ੂਗਰ ਦਾ ਮਰੀਜ਼ ਹਾਂ ਇਕੱਲੇਪਨ ਦੀ ਚਿੰਤਾ ਮੇਰੀ ਸਿਹਤ ਲਈ ਸਭ ਤੋਂ ਜ਼ਿਆਦਾ ਖਤਰਨਾਕ ਸੀ । ਪਰ ਜਦੋਂ ਵੀ ਆੜੀ ਗਰੁੱਪ ਦੇ ਹਰਦਵਿੰਦਰ ਨੂੰ ਫੋਨ ਕੀਤਾ ਉਹ ਮਹੇਸ਼ਾ ਮੇਰੇ ਨਾਲ ਸੀ । ਰਰਜਿੰਦਰ ਸਿੰਘ ਨੇ ਕਿਹਾ ਆੜੀ ਗਰੁੱਪ ਦੀ ਵਜ੍ਹਾ ਕਰਕੇ ਮੈਂ ਆਪਣੇ ਵਿੱਚ ਰਚਨਾਤਮ ਪੱਖ ਨੂੰ ਤਲਾਸ਼ਿਆ ਹੈ । ਸੀਨੀਅਰ ਸਿਟੀਜ਼ਨ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਇਸ ਨੂੰ ਪੇਸ਼ ਵੀ ਕੀਤਾ ਸੀ।

ਸੁਰਿੰਦਰ ਕੌਰ ਅਤੇ ਰਜਿੰਦਰ ਸਿੰਘ ਵਾਂਗ ਅਬੋਹਰ ਦੇ ਤਿਰਲੋਕ ਸਿੰਘ ਬਰਾੜ ਅਤੇ ਗੁਰਵਿੰਦਰ ਕੌਰ ਵੀ ਆੜੀ-ਆੜੀ ਗਰੁੱਪ ਦੇ ਨਾਲ ਜੁੜੇ ਹੋਏ ਹਨ । ਦੋਵੇ ਪਤੀ-ਪਤਨੀ ਸਰਕਾਰੀ ਨੌਕਰੀ ਤੋਂ ਰਿਟਾਇਡ ਹਨ। ਜਦੋਂ ਵੀ ਆੜੀ ਗਰੁੱਪ ਦੇ ਤਿੰਨੋ ਨੌਜਵਾਨ ਉਨ੍ਹਾਂ ਦੇ ਘਰ ਜਾਂਦੇ ਹਨ ਤਾਂ ਗੇਟ ‘ਤੇ ਹੀ ਤਾਜ਼ਾ ਲਾਲ ਗੁਲਾਬਾਂ ਨਾਲ ਸਵਾਗਤ ਕਰਦੀ ਹੈ । ਪਤੀ-ਪਤਨੀ ਨੂੰ ਆੜੀ-ਆੜੀ ਗਰੁੱਪ ਦੇ ਤਿੰਨੋ ਮੈਂਬਰਾਂ ਦਾ ਇਨ੍ਹਾਂ ਚਾਹ ਹੁੰਦਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਭੋਜਨ ਬਣਾਉਂਦੀ ਹੈ ਪਕੌੜੇ ਅਤੇ ਮਿੱਠਾ ਪਕਵਾਨ ਤਿਆਰ ਕਰਦੀ ਹੈ।

ਗੁਰਵਿੰਦਰ ਕੌਰ ਮੁਤਾਬਿਕ ਤੁਹਾਨੂੰ ਮਨ ਨੂੰ ਅਰਾਮ ਦੇਣ ਲਈ ਦੋਸਤਾਂ ਕੋਲ ਜਾਣਾ ਚਾਹੀਦਾ ਹੈ ਅਤੇ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ । ਜਦੋਂ ਵੀ ਰਵਿੰਦਰ ਸਿੰਘ,ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਘਰ ਆਉਂਦੇ ਹਨ ਮਨ ਵਿੱਚ ਚਾਹ ਚੜ ਜਾਂਦਾ ਹੈ ਮੇਰੇ ਪੁੱਤਰਾਂ ਵਾਂਗ ਹਨ । ਅਸੀਂ ਉਨ੍ਹਾਂ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਬਹੁਤ ਦੀ ਮਜ਼ਾ ਕੀਤਾ । ਗੁਰਵਿੰਦਰ ਕੌਰ ਕਹਿੰਦੀ ਕਿ ਸਾਨੂੰ ਵੱਧ ਤੋਂ ਵੱਧ ਸਮਾਂ ਪਰਿਵਾਰ ਨਾਲ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਨੌਕਰੀ ਲਈ ਦੂਰ ਜਾਣਾ ਪੈਂਦਾ ਹੈ,ਇਸ ਲਈ ਵੱਧ ਤੋਂ ਵੱਧ ਸਮਾਂ ਉਨ੍ਹਾਂ ਨਾਲ ਗੁਜ਼ਾਰੀਏ । ਪਤੀ-ਪਤਨੀ ਹੁਣ ਇਕੱਲਾਪਨ ਮਹਿਸੂਸ ਨਹੀਂ ਕਰਦੇ ਹਨ। ਉਹ ਕਹਿੰਦੇ ਹਨ ਕਿ ਸਾਨੂੰ ਇਕੱਲਾਪਨ ਦੂਰ ਕਰਨ ਦੇ ਲਈ ਆਪਣੀ ਰਵਾਇਤਾਂ ਨਾਲ ਜੁੜਨਾ ਹੋਵੇਗਾ । ਦੋਸਤਾਂ ਨਾਲ ਗੱਲ ਕਰਨੀ ਹੋਵੇਗੀ,ਖੇਤੀਬਾੜੀ ਅਤੇ ਖੇਤਾਂ ਵਿੱਚ ਜਾਣਾ ਹੋਵੇਗਾ।

ਪੰਜਾਬ ਦੀ ਕੁੱਲ ਅਬਾਦੀ ਵਿੱਚ 10% ਬਜ਼ੁਰਗ ਅਬਾਦੀ ਹੈ ਜਦਕਿ ਕੌਮੀ ਔਸਤ 8 ਫਸਦੀ ਹੈ । ਅਜਿਹੇ ਵਿੱਚ ਕਿਸੇ ਬਜ਼ੁਰਗ ਕੋਲ ਅਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਸ ਨਾਲ ਉਹ ਗੱਲ ਕਰ ਸਕੇ । ਪੰਜਾਬ ਵਿੱਚ ਬਜ਼ੁਰਗ ਇਕੱਲੇ ਰਹਿ ਰਹੇ ਹਨ । ਜਿਹੜੇ ਬੱਚੇ ਵਿਦੇਸ਼ ਗਏ ਹਨ ਉਹ ਨਵੀਂ ਥਾਵਾਂ ਨੂੰ ਜਲਦ ਅਪਨਾ ਲੈਂਦੇ ਹਨ ਪਰ ਬਜ਼ੁਰਗਾਂ ਨੂੰ ਉੱਥੇ ਜ਼ਿਆਦਾ ਕੰਮ ਨਹੀਂ ਮਿਲਦਾ ਜਾਂ ਵੀਜ਼ਾ ਸਬੰਦੀ ਪਰੇਸ਼ਾਨੀ ਕਾਰਨ ਉਹ ਜ਼ਿਆਦਾ ਦਿਨ ਨਹੀਂ ਰੁਕ ਪਾਂਦੇ ਹਨ ਜਦੋਂ ਘਰ ਵਾਪਸ ਆਉਂਦੇ ਹਨ ਤਾਂ ਉਹ ਹੀ ਡਿਪਰੈਸ਼ਨ ਅਤੇ ਚਿੰਤਾ ਦਾ ਸ਼ਿਕਾਰ ਹੋ ਜਾਂਦੇ ਹਨ ।

ਕੁੱਲ ਮਿਲਾਕੇ ਹਰਦਵਿੰਦਰ ਸਿੰਘ,ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਬਠਿੰਡਾ ਤੋਂ ਬਜ਼ੁਰਗਾਂ ਨੂੰ ਆੜੀ ਬਣਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਹੈ । ਉਸ ਦੀ ਜ਼ਰੂਰਤ ਪੂਰੇ ਪੰਜਾਬ ਨੂੰ ਬਹੁਤ ਜ਼ਿਆਦਾ ਹੈ । ਕਿਉਂਕਿ ਜਿੰਨਾਂ ਬਜ਼ੁਰਗਾਂ ਨੇ ਸਾਡੇ ਲਈ ਆਪਣੀ ਜ਼ਿੰਦਗੀ ਦੀ ਸਾਰੀ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਉਨ੍ਹਾਂ ਦੀ ਜ਼ਿੰਦਗੀ ਗੁਲਜ਼ਾਰ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਅਤੇ ਤੁਹਾਡੀ ਹੈ । ਖੁਸ਼ੀਆਂ ਤੁਹਾਡੇ ਕੋਲ ਨਹੀਂ ਚੱਲ ਕੇ ਆਉਂਦੀਆਂ ਹਨ ਤੁਹਾਨੂੰ ਉਨ੍ਹਾਂ ਕੋਲ ਜਾਣਾ ਪੈਂਦਾ ਹੈ। ਆੜੀ-ਆੜੀ ਗਰੁੱਪ ਦੇ ਤਿੰਨ ਨੌਜਵਾਨਾਂ ਨੇ ਸਕੂਨ ਭਰੀ ਖੁਸ਼ੀ ਦਾ ਜਿਹੜਾ ਰਾਹ ਸਾਨੂੰ ਵਿਖਾਇਆ ਹੈ ਉਮੀਦ ਹੈ ਕਿ ਪੰਜਾਬ ਦੇ ਨੌਜਵਾਨ ਉਸ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਨਗੇ । ਕਿਉਂਕਿ ਹਰ ਇੱਕ ਘਰ ਤੁਹਾਡੀ ਉਡੀਕ ਕਰ ਰਿਹਾ ਹੈ। ਤਿਰਲੋਕ ਸਿੰਘ ਗੁਰਵਿੰਦਰ ਕੌਰ ਵਰਗੇ ਬਜ਼ੁਰਗ ਫੁੱਲਾਂ ਲੈਕੇ ਤੁਹਾਡਾ ਇੰਤਜ਼ਾਰ ਕਰ ਹਹੇ ਹਨ। ਤੁਹਾਡੇ ਨਾਲ ਹੱਸਨਾ ਚਾਹੁੰਦੇ ਹਨ ਤੁਹਾਡੇ ਨਾਲ ਖਾਣਾ ਖਾਉਣਾ ਚਾਹੁੰਦੇ ਹਨ,ਤੁਹਾਡੇ ਤੋਂ ਪਿਆਰ ਦੀ ਉਮੀਦ ਕਰਦੇ ਹਨ ।