Punjab

ਪੰਜਾਬ ਬੀਜੇਪੀ ਨੂੰ 12 ਘੰਟੇ ‘ਚ 8 ਵੱਡੇ ਝਟਕੇ !

ਬਿਉਰੋ ਰਿਪੋਰਟ : ਸ਼ੁੱਕਰਵਾਰ ਸਵੇਰ ਪੰਜਾਬ ਬੀਜੇਪੀ ਨੂੰ ਜਿਹੜਾ ਝਟਕਾ ਰਾਜ ਕੁਮਾਰ ਵੇਰਕੇ ਵੱਲੋਂ ਪਾਰਟੀ ਛੱਡਣ ਨੂੰ ਲੈਕੇ ਲਗਿਆ ਸੀ ਉਹ ਸ਼ਾਮ ਹੁੰਦੇ-ਹੁੰਦੇ ਇਨ੍ਹਾਂ ਵੱਡਾ ਹੋ ਗਿਆ ਕਿ 4 ਮਹੀਨੇ ਪਹਿਲਾਂ ਸੂਬਾ ਪ੍ਰਧਾਨ ਦੀ ਕੁਰਸੀ ਸੰਭਾਲਣ ਵਾਲੇ ਸੁਨੀਲ ਜਾਖੜ ਦੀ ਕੁਰਸੀ ਵੀ ਹੁਣ ਖਤਰੇ ਵਿੱਚ ਪੈ ਸਕਦੀ ਹੈ । 4 ਜੂਨ 2022 ਨੂੰ ਜਾਖੜ ਨੇ ਜਿਹੜੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀਆਂ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਇਆ ਸੀ ਉਨ੍ਹਾਂ ਵਿੱਚੋ ਜ਼ਿਆਦਾਤਰ ਬੀਜੇਪੀ ਦੇ ਆਗੂ ਹੁਣ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ।

ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲਿਆਂ ਵਿੱਚ ਜਿਹੜੇ 4 ਸਾਬਕਾ ਮੰਤਰੀਆਂ ਦੇ ਚਹਿਰੇ ਹਨ । ਉਨ੍ਹਾਂ ਵਿੱਚ 3 ਵਾਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ,ਮੋਹਾਲੀ ਤੋਂ ਹੀ ਤਿੰਨ ਵਾਰ ਦੇ ਜੇਤੂ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਰਾਮਪੁਰਾ ਫੁੱਲ ਤੋਂ 3 ਵਾਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਮੰਤਰੀ ਹੰਸਰਾਜ ਜੋਸ਼ਨ ਹਨ । ਇਹ ਸਾਰੇ ਆਗੂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ ਨਾਲ ਮਿਲੇ । ਇਸ ਵਿੱਚ 2 ਹੋਰ ਵੱਡੇ ਨਾਂ ਵੀ ਸ਼ਾਮਲ ਹਨ । ਪਹਿਲਾਂ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਜਿੰਨਾਂ ਨੇ ਆਪਣੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਹੋਣ ਤੋਂ ਬਾਅਦ ਅਕਾਲੀ ਦਲ ਛੱਡੀ ਹੈ। ਦੂਜਾ ਨਾਂ ਸੀ ਮਹੇਂਦਰ ਰਿਣਵਾ ਦਾ । ਜੀਤ ਮਹਿੰਦਰ ਵੱਡਾ ਨਾਂ ਹੈ 2012 ਵਿੱਚ ਕਾਂਗਰਸ ਦੀ ਟਿਕਟ ‘ਤੇ ਤਲਵੰਡੀ ਸਾਬੋ ਦੀ ਚੋਣ ਜਿੱਤੀ ਸੀ ਪਰ 2014 ਵਿੱਚ ਉਨ੍ਵਾਂ ਨੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇਕੇ ਅਕਾਲੀ ਦਲ ਜੁਆਇਨ ਕਰ ਲਈ ਅਤੇ ਫਿਰ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਜਿੱਤ ਹਾਸਲ ਕੀਤੀ । ਫਿਰ 2017 ਅਤੇ 2022 ਵਿੱਚ ਉਨ੍ਹਾਂ ਨੇ ਅਕਾਲੀ ਦਲ ਦੀ ਟਿਕਟ ਤੋਂ ਹੀ ਤਲਵੰਡੀ ਸਾਬੋ ਤੋਂ ਚੋਣ ਲੜੀ ਪਰ ਹਾਰ ਗਏ । ਇਸ ਦੇ ਬਾਵਜੂਦ ਤਲਵੰਡੀ ਸਾਬੋ ਵਿੱਚ ਉਨ੍ਹਾਂ ਦਾ ਕੱਦ ਵੱਡਾ ਹੈ ।

ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਵਾਲੇ ਸਾਰੇ ਕੈਪਟਨ ਦੇ ਖਾਸ

ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਵਾਲੇ ਬਲਬੀਰ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਜਕੁਮਾਰ ਵੇਰਕਾ ਕੈਪਟਨ ਅਮਰਿੰਦਰ ਸਿੰਘ ਕੇ ਕਾਫੀ ਨਜ਼ਦੀਕੀ ਸਨ । ਇਸ ਤੋਂ ਪਹਿਲਾਂ ਚਰਚਾ ਸੀ ਕਿ ਕੈਪਟਨ ਵੀ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇਸ ਖਬਰ ਤੋਂ ਬਾਅਦ ਉਨ੍ਹਾਂ ਦੀ ਧੀ ਜੈਇੰਦਰ ਨੂੰ ਪਾਰਟੀ ਨੇ ਮਹਿਲਾ ਮੋਰਚਾ ਦਾ ਪ੍ਰਧਾਨ ਬਣਾਇਆ ਸੀ । ਪਰ ਸ਼ੁੱਕਵਾਰ ਨੂੰ ਹੋਈ ਹਲਚਲ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸੀਬਤਾਂ ਜ਼ਰੂਰ ਵੱਧ ਸਕਦੀਆਂ ਹਨ ।

ਜਾਖੜ ਲਈ ਵੱਡਾ ਸਿਰਦਰਦ

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੁਨੀਲ ਜਾਖੜ ਦੇ ਬੀਜੇਪੀ ਦਾ ਪ੍ਰਧਾਨ ਬਣਨ ਨਾਲ ਬੀਜੇਪੀ ਦੇ ਟਕਸਾਲੀ ਆਗੂ ਨਰਾਜ਼ ਹਨ ਅਤੇ ਉਹ ਪਾਰਟੀ ਛੱਡ ਸਕਦੇ ਹਨ। ਜਾਖੜ ਲਈ ਉਨ੍ਹਾਂ ਨੂੰ ਸੰਭਾਲਣਾ ਵੱਡੀ ਚੁਣੌਤੀ ਹੋਵੇਗੀ । ਪਰ ਜਿਹੜੇ ਆਗੂਆਂ ਨੂੰ ਸੁਨੀਲ ਜਾਖੜ ਆਪ ਲੈਕੇ ਆਏ ਸਨ ਉਨ੍ਹਾਂ ਦਾ ਸਾਥ ਛੱਡਣਾ ਉਨ੍ਹਾਂ ਦੇ ਲਈ ਵੱਡੀ ਚੁਣੌਤੀ ਸਾਬਿਤ ਹੋ ਸਕਦਾ ਹੈ। ਪਾਰਟੀ ਹਾਈਕਮਾਨ ਉਨ੍ਹਾਂ ਤੋਂ ਸਵਾਲ ਜਵਾਬ ਕਰ ਸਕਦਾ ਹੈ । ਕੀ ਆਖਿਰ ਅਜਿਹਾ ਕੀ ਹੋਇਆ ਕਿ ਇਨ੍ਹੀ ਛੇਤੀ ਆਗੂਆਂ ਦਾ ਬੀਜੇਪੀ ਤੋਂ ਮੋਹ ਭੰਗ ਹੋ ਗਿਆ । ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਜੋ ਸਮਝ ਆ ਰਿਹਾ ਹੈ ਕਿ ਉਹ ਹੈ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਨ੍ਹਾਂ ਆਗੂਆਂ ਨੂੰ ਜਿਹੜੇ ਅਹੁਦੇ ਦੀ ਉਮੀਦ ਸੀ ਉਨ੍ਹਾਂ ਨੂੰ ਨਹੀਂ ਮਿਲਿਆ । ਦੂਜਾ ਉਨ੍ਹਾਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਵਿਜੀਲੈਂਸ ਦੇ ਕੇਸਾਂ ਤੋਂ ਬੀਜੇਪੀ ਉਨ੍ਹਾਂ ਨੂੰ ਬਚਾ ਲਏਗੀ ਪਰ ਅਜਿਹਾ ਹੋਇਆ ਨਹੀਂ। ਤੀਜਾ ਜੇਕਰ ਕਾਂਗਰਸ ਅਤੇ ਆਪ ਦਾ ਸਮਝੌਤਾ ਲੋਕਸਭਾ ਲਈ ਹੋ ਜਾਂਦਾ ਹੈ ਤਾਂ ਉਹ ਵਿਜੀਲੈਂਸ ਤੋਂ ਬਚ ਸਕਦੇ ਹਨ । ਚੌਥਾ ਜ਼ਿਆਦਾਤਰ ਸਾਬਕਾ ਵਿਧਾਇਕ ਨਿੱਜੀ ਪੱਖੋ ਵੀ ਸਿਆਸਤ ਵਿੱਚ ਕਾਫੀ ਤਾਕਤਵਰ ਹਨ । ਉਨ੍ਹਾਂ ਨੂੰ ਕਾਂਗਰਸ ਲੋਕਸਭਾ ਵਿੱਚ ਵੀ ਉਮੀਦਵਾਰ ਬਣਾ ਸਕਦੀ ਹੈ।

‘ਬੀਜੇਪੀ ਵਿੱਚ ਗੈਰ ਬਰਾਬਰੀ ਦਾ ਸਲੂਕ ਹੁੰਦਾ ਹੈ’

ਰਾਜ ਕੁਮਾਰ ਵੇਰਕਾ ਨੇ ਜਦੋਂ ਸ਼ੁੱਕਰਵਾਰ ਸਵੇਰ ਬੀਜੇਪੀ ਛੱਡੀ ਸੀ ਤਾਂ ਇਲਜ਼ਾਮ ਲਗਾਇਆ ਸੀ ਕਿ ਪਾਰਟੀ ਵਿੱਚ ਗੈਰ ਬਰਾਬਰੀ ਵਾਲਾ ਸਲੂਕ ਕੀਤਾ ਜਾਂ ਰਿਹਾ ਸੀ। ਉਨ੍ਹਾਂ ਨੇ ਮੰਨਿਆ ਕਿ ਮੈਂ ਗਲਤੀ ਕੀਤੀ ਹੈ ਉਸ ਨੂੰ ਸੁਧਾਰਨ ਜਾ ਰਿਹਾ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਵੇਰਕਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸਿਆਸੀ ਯਾਤਰਾ ਵਿੱਚ ਉਨ੍ਹਾਂ ਦੇ ਜਿਹੜੇ ਹਮਸਫਰ ਆਗੂਆਂ ਨੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣਗੇ ਜੋ ਸ਼ਾਮ ਹੁੰਦੇ-ਹੁੰਦੇ ਸੱਚ ਵੀ ਸਾਬਿਤ ਹੋ ਗਿਆ ।