ਬਿਉਰੋ ਰਿਪੋਰਟ : ਹੁਸ਼ਿਆਰਪੁਰ ਦੇ ਮਾਹਿਲਪੁਰ ਕਸਬੇ ਦੀ ਰਹਿਣ ਵਾਲੀ ਹਰਮਿਲਨ ਕੌਰ ਬੈਂਸ ਵੀਰਵਾਰ ਨੂੰ ਏਸ਼ੀਅਨ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਦੂਜੇ ਨੰਬਰ ‘ਤੇ ਰਹੀ ਅਤੇ ਉਸ ਨੇ ਦੂਜਾ ਮੈਡਲ ਜਿੱਤਿਆ । ਸੋਸ਼ਲ ਮੀਡੀਆ ‘ਤੇ ਕੁਈਨ ਨਾਂ ਨਾਲ ਮਸ਼ਹੂਰ ਹਰਮਿਲਨ ਕੌਰ ਬੈਂਸ ਨੇ 2 ਦਿਨ ਪਹਿਲਾਂ 1500 ਮੀਟਰ ਰੇਸ ਵਿੱਚ ਸਿਲਵਰ ਮੈਡਲ ਜਿੱਤਿਆ ਸੀ । ਪਰਿਵਾਰ ਲਈ ਡਬਰ ਖੁਸ਼ੀ ਦੀ ਗੱਲ ਇਹ ਹੈ ਕਿ ਉਸ ਨੇ ਆਪਣੀ ਮਾਂ ਦੇ 21 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਜਿਸ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ।
800 ਅਤੇ 1500 ਮੀਟਰ ਦੌੜ ਵਿੱਚ ਜਿੱਤੇ 2 ਮੈਡਲ
ਪਰਿਵਾਰ ਨੇ ਦੱਸਿਆ ਹੈ ਕਿ 21 ਸਾਲ ਪਹਿਲਾਂ ਹਰਮਿਲਨ ਕੌਰ ਬੈਂਸ ਦੀ ਮਾਂ ਨੇ ਭਾਰਤ ਦੇ ਲਈ ਸਿਲਵਰ ਮੈਡਲ ਜਿੱਤਿਆ ਸੀ । ਪਰ ਅੱਜ ਉਨ੍ਹਾਂ ਦੀ ਧੀ ਨੇ 2 ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ । ਬਹੁਤ ਖੁਸ਼ੀ ਹੋਈ ਹੈ ਕਿ ਉਹ 800 ਮੀਟਰ ਦੌੜ ਵਿੱਚ ਦੂਜੇ ਨੰਬਰ ‘ਤੇ ਰਹੀ ਹੈ। ਪਿਤਾ ਨੇ 1500 ਮੀਟਰ ਰੇਸ ਵਿੱਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਹਰਮਿਲਨ ਕੌਰ ਬੈਂਸ 800 ਮੀਟਰ ਵਿੱਚ ਵੀ ਮੈਡਲ ਜਿੱਤੇਗੀ ।
ਪਿਤਾ ਨੇ ਦੱਸਿਆ ਕਿ ਅੱਜ ਦਾ ਮੁਕਾਬਲਾ ਬਹੁਤ ਮੁਸ਼ਕਿਲ ਸੀ । ਪਰ ਫਿਰ ਵੀ ਹਰਮਿਲਨ ਨੇ ਨਾਂ ਰੋਸ਼ਨ ਕੀਤਾ ਹੈ । ਹਰਮਿਲਨ ਨੇ ਵੀਡੀਓ ਕਾਲ ਕਰਕੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਬਹੁਤ ਖੁਸ਼ ਹੈ । ਉਸ ਨੇ 2 ਮੈਡਲ ਜਿੱਤੇ ਹਨ । ਦਾਦੀ ਨੇ ਕਿਹਾ ਕਿ ਉਹ ਹਰ ਵੇਲੇ ਹਰਮਿਲਨ ਦੇ ਲਈ ਅਰਦਾਸ ਕਰਦੀ ਸੀ ਕਿ ਰੱਬ ਉਸ ਦੀ ਪੋਤਰੀ ਨੂੰ ਸਫ਼ਲਤਾ ਬਖਸ਼ੇ। ਅੱਜ ਰੱਬ ਨੇ ਮੇਰੀ ਮੁਰਾਦ ਸੁਣ ਲਈ ਹੈ। ਪੋਤਰੀ ਨੇ ਡਬਲ ਮੈਡਲ ਜਿੱਤਿਆ ਹੈ।