ਬਿਉਰੋ ਰਿਪੋਰਟ : ਬਠਿੰਡਾ ਦੇ ਗੁਰੂ ਘਰ ਵਿੱਚ 2 ਕੁੜੀਆਂ ਦੇ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਜਥੇਦਾਰ ਸਾਹਿਬ ਵੱਲੋਂ ਵਿਆਹ ਕਰਵਾਉਣ ਵਾਲੇ ਗ੍ਰੰਥੀ ਸਿੰਘ ਅਤੇ ਰਾਗੀ ਜਥੇ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਜਿਸ ਗੁਰਦੁਆਰਾ ਕਲਗ਼ੀਧਰ ਸਾਹਿਬ ਵਿੱਚ ਵਿਆਹ ਹੋਇਆ ਸੀ ਉਸ ਦੇ ਸਾਰੇ ਕੰਮਕਾਜ ਵੀ ਰੋਕ ਦਿੱਤੇ ਹਨ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਇਹ ਸਿਰਫ਼ ਮਰਿਆਦਾ ਦੇ ਉਲਟ ਹੀ ਨਹੀਂ ਬਲਕਿ ਗੈਰ ਕੁਦਰਤੀ ਵੀ ਹੈ । ਉਨ੍ਹਾਂ ਨੇ ਮਾਮਲੇ ਨੂੰ ਲੈ ਕੇ ਇੱਕ ਕਮੇਟੀ ਦਾ ਬਣਾਉਣ ਲਈ ਵੀ ਕਿਹਾ ਹੈ।
ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਮੁਲਾਜ਼ਮਾਂ ‘ਤੇ ਕਾਰਵਾਈ ਹੋਈ ਹੈ ਉਨ੍ਹਾਂ ਦੇ ਨਾਂ ਹਨ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ । ਸਿੰਘ ਸਾਹਿਬ ਜੀ ਨੇ ਕਿਹਾ ਕਿ ਦੋ ਲੜਕੀਆਂ ਦਾ ਵਿਆਹ ਸਿੱਖ ਰਹਿਤ ਮਰਿਆਦਾ ਦੇ ਉਲਟ ਤਾਂ ਹੈ ਹੀ ਬਲਕਿ ਗੈਰ-ਕੁਦਰਤੀ ਵੀ ਹੈ। ਉਨ੍ਹਾਂ ਨੇ ਸੰਸਾਰ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਨੂੰ ਇਸ ਉਲਟ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਸੁਚੇਤ ਰਹਿਣ ਦਾ ਆਦੇਸ਼ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖਾਂ ਨੂੰ ਆਪਣੇ ਸਾਰੇ ਕਾਰਜ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੀ ਕਰਨੇ ਚਾਹੀਦੇ ਹਨ। ਸਿੰਘ ਸਾਹਿਬ ਜੀ ਨੇ ਬਠਿੰਡਾ ਵਿਚ 18 ਸਤੰਬਰ 2023 ਨੂੰ ਦੋ ਲੜਕੀਆਂ ਦੁਆਰਾ ਆਪਸ ਵਿਚ ਅਨੰਦ ਕਾਰਜ ਕਰਵਾਉਣ ਦੀ ਸਾਰੀ ਘਟਨਾ ਬਾਰੇ ਇਕ ਧਾਰਮਿਕ ਸਬ-ਕਮੇਟੀ ਬਣਾ ਕੇ ਜਲਦ ਤੋਂ ਜਲਦ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਵੀ ਕਿਹਾ ਹੈ।
20 ਸਤੰਬਰ ਨੂੰ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਸਿੱਖ ਜਥੇਬੰਦੀਆਂ ਗੁਰਦੁਆਰਾ ਸਾਹਿਬ ਪਹੁੰਚਿਆ ਸਨ ਤਾਂ ਉਨ੍ਹਾਂ ਨੇ ਵਿਆਹ ਕਰਵਾਉਣ ਵਾਲੇ ਗ੍ਰੰਥੀ ਅਤੇ ਰਾਗੀ ਸਿੰਘਾਂ ਕੋਲੋਂ ਹੱਥ ਖੜੇ ਕਰਕੇ ਮੁਆਫ਼ੀ ਮੰਗਵਾਈ ਸੀ । ਉਨ੍ਹਾਂ ਨੇ ਮੰਨਿਆ ਸੀ ਕਿ ਸਾਨੂੰ ਪਤਾ ਸੀ ਕਿ ਵਿਆਹ ਕਰਵਾਉਣ ਵਾਲਿਆਂ ਦੋਵੇਂ ਕੁੜੀਆਂ ਹਨ,ਪਰ ਉਨ੍ਹਾਂ ਵੱਲੋਂ ਇਸ ਨੂੰ ਕਾਨੂੰਨੀ ਤੌਰ ‘ਤੇ ਮਨਜ਼ੂਰੀ ਮਿਲਣ ਦਾ ਦਾਅਵਾ ਕੀਤਾ ਸੀ । ਜਿਸ ਤੋਂ ਬਾਅਦ ਇੱਕ ਗ੍ਰੰਥੀ ਨੇ ਦੂਜੇ ਪਾਠੀ ਨਾਲ ਸਲਾਹ ਕੀਤੀ ਅਤੇ ਫਿਰ ਅਨੰਦ ਕਾਰਜ ਦੀ ਰਸਮ ਹੋਈ । ਵਿਆਹ ਕਰਵਾਉਣ ਵਾਲੀਆਂ ਦੋਵੇਂ ਕੁੜੀਆਂ ਸਿੱਖ ਧਰਮ ਨਾਲ ਸਬੰਧ ਨਹੀਂ ਰੱਖਦੀਆਂ ਸਨ ।
ਭਾਰਤੀ ਕਾਨੂੰਨ ਵਿੱਚ 2 ਕੁੜੀਆਂ ਦੇ ਵਿਆਹ ਨੂੰ ਨਹੀਂ ਮਾਨਤਾ
ਭਾਰਤ ਵਿੱਚ ਇੱਕੋ ਲਿੰਗ ਦੇ ਵਿਆਹ ਨੂੰ ਹੁਣ ਤੱਕ ਮਾਨਤਾ ਨਹੀਂ ਮਿਲੀ ਹੈ । 2 ਮੁੰਡੇ ਜਾਂ ਫਿਰ 2 ਕੁੜੀਆਂ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ ਹਨ। IPC ਦੀ ਧਾਰਾ 377,ਜਿਸ ਵਿੱਚ ਸਮਲਿੰਗੀ ਸਬੰਧਾਂ ਨੂੰ ਅਪਰਾਧਿਕ ਬਣਾਇਆ ਸੀ ਉਸ ਨੂੰ ਸੁਪਰੀਮ ਕੋਰਟ ਨੇ ਹਾਲਾਂਕ 2018 ਵਿੱਚ ਰੱਦ ਕਰ ਦਿੱਤਾ ਸੀ । ਜੋ ਦੇਸ਼ ਵਿੱਚ ਸਮਲਿੰਗੀ ਅਧਿਕਾਰਾਂ ਲਈ ਵੱਡੀ ਜਿੱਤ ਸੀ । ਹਾਲਾਂਕਿ ਹੁਣ ਵੀ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ ‘ਤੇ ਮਨਜ਼ੂਰੀ ਨਹੀਂ ਮਿਲੀ ਹੈ । ਹਾਲਾਂਕਿ 2017 ਵਿੱਚ ਦਿੱਲੀ ਹਾਈਕੋਰਟ ਨੇ ਇਹ ਜ਼ਰੂਰ ਕਿਹਾ ਸੀ ਕਿ ਸਮਲਿੰਗੀ ਜੋੜੇ ਇੱਕ ਰਿਸ਼ਤੇ ਵਿੱਚ ਰਹਿਣ ਦੇ ਹੱਕਦਾਰ ਜ਼ਰੂਰ ਹਨ । ਪਰ ਇਸ ਨੂੰ ਫ਼ਿਲਹਾਲ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਲਿਆਇਆ ਜਾ ਸਕਦਾ ਹੈ।