ਚੰਡੀਗੜ੍ਹ : ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਪੱਧਰ ਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਸਾਹਮਣੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਆਪਣੀਆਂ ਮੰਗ ਰੱਖਦਿਆਂ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਦਿਨੀਂ ਪੰਜਾਬ ‘ਚ ਹੜ੍ਹਾਂ ਨੂੰ ਫ਼ੌਰੀ ਕੌਮੀ ਆਫ਼ਤ ਐਲਾਨ ਕਰਕੇ ਪੰਜਾਬ ਨੂੰ ਦੱਸ ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਵੇ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਮੁਆਵਜ਼ਾ ਵੰਡਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਜਾਨ-ਮਾਲ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਦੇ ਕੀਤੇ ਹੁਕਮਾਂ ’ਤੇ ਅਮਲਦਾਰੀ ਯਕੀਨੀ ਬਣਾਵੇ। ਪਟਿਆਲਾ ਤੋ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਤਬਾਹ ਹੋਈਆਂ ਫ਼ਸਲਾਂ ਮੁੜ ਬੀਜੀਆਂ ਹਨ, ਉਨ੍ਹਾਂ ਦੇ ਨੁਕਸਾਨ ਨੂੰ ਗਿਰਦਾਵਰੀ ਵਿੱਚ ਗਿਣਿਆ ਜਾਵੇ, ਇਸ ਸਬੰਧੀ ਪਿੰਡ ਦੀ ਪੰਚਾਇਤ, ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੀ ਗਵਾਹੀ ਨੂੰ ਸਬੂਤ ਮੰਨਿਆ ਜਾਵੇ ਅਤੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕਿਸਾਨਾਂ ਨੂੰ ਸਲੈਬਾਂ ਬਣਾ ਕੇ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਦੀਆਂ ਮੰਗਾਂ
• ਜਿਨ੍ਹਾਂ ਕਿਸਾਨਾਂ ਦੀ ਇਸ ਸੀਜ਼ਨ ਦੀ ਪੂਰੀ ਫ਼ਸਲ ਖ਼ਰਾਬ ਅਤੇ ਅਗਲੇ ਸੀਜ਼ਨ ਦੀ ਫ਼ਸਲ ਉੱਪਰ ਵੀ ਸੰਕਟ ਮੰਡਰਾ ਰਿਹਾ, ਉਸ ਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
• ਜਿਨ੍ਹਾਂ ਕਿਸਾਨਾਂ ਦੀ ਇਸ ਸੀਜ਼ਨ ਦੀ ਫ਼ਸਲ ਖ਼ਰਾਬ ਹੋਣ ਕਾਰਨ ਪੈਦਾਵਾਰ ਨਹੀਂ ਹੋਵੇਗੀ, ਉਨ੍ਹਾਂ ਨੂੰ ਸੱਤਰ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
• ਜਿਨ੍ਹਾਂ ਕਿਸਾਨਾਂ ਦੇ ਝੋਨਾ ਜਾਂ ਕੋਈ ਹੋਰ ਫ਼ਸਲ ਖ਼ਰਾਬ ਹੋਈ ਪ੍ਰੰਤੂ ਪਾਣੀ ਉੱਤਰਨ ਮਗਰੋਂ ਉਨ੍ਹਾਂ ਫ਼ਸਲ ਬੀਜ ਲਈ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
• ਜਿਨ੍ਹਾਂ ਕਿਸਾਨਾਂ ਦੇ ਟਿਊਬਵੈੱਲ ਖੜ ਗਏ ਹਨ ਜਾਂ ਖੇਤਾਂ ਵਿੱਚ ਮਿੱਟੀ ਜਾਂ ਰੇਤ ਭਰ ਗਈ ਹੈ, ਉਨ੍ਹਾਂ ਨੂੰ ਰੇਤਾ ਅਤੇ ਮਿੱਟੀ ਚੁਕਾਉਣ ਲਈ ਨਿਯਮਾਂ ਵਿੱਚ ਛੋਟ ਦਿੱਤੀ ਜਾਵੇ।
• ਟਿਊਬਵੈੱਲਾਂ ਨੂੰ ਚਾਲੂ ਹਾਲਤ ਵਿੱਚ ਕਰਨ ਲਈ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਲਈ ਉਨ੍ਹਾਂ ਕਿਸਾਨਾਂ ਨੂੰ ਖ਼ਰਾਬੇ ਦੇ ਮੁਆਵਜ਼ੇ ਦੇ ਨਾਲ-ਨਾਲ ਹੋਏ ਨੁਕਸਾਨ ਦੇ ਅਨੁਸਾਰ ਵਿਸ਼ੇਸ਼ ਮੁਆਵਜ਼ਾ ਅਲੱਗ ਤੋਂ ਦਿੱਤਾ ਜਾਵੇ।
• ਜਿੰਨਾ ਪਰਿਵਾਰਾਂ ਦੇ ਜੀਅ ਦੀ ਮੌਤ ਹੋਈ ਹੈ ਉਹਨਾਂ ਨੂੰ ਦਸ ਲੱਖ ਰੁਪਏ ਪ੍ਰਤੀ ਜੀਅ ਅਤੇ ਮਰੇ ਪਸ਼ੂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ।
• ਘਰਾਂ ਦੇ ਹੋਏ ਨੁਕਸਾਨ ਦਾ ਪੰਜ ਲੱਖ ਰੁਪਏ ਪ੍ਰਤੀ ਘਰ ਮੁਆਵਜ਼ਾ ਦਿੱਤਾ ਜਾਵੇ।