Punjab

ਨਾਨਕਸ਼ਾਹੀ ਕਲੰਡਰ ਮੁੜ ਵਿਵਾਦਾਂ ‘ਚ ! ਜਿਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਦਾ ਦਿਨ,ਉਸੇ ਦਿਨ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਦਾ ਜੋਤੀ-ਜੋਤ ਦਿਹਾੜਾ ਮਨਾਇਆ ਗਿਆ !

ਬਿਉਰੋ ਰਿਪੋਰਟ : ਨਾਨਕਸ਼ਾਹੀ ਕਲੰਡਰ ਨੂੰ ਲੈਕੇ ਮੁੜ ਤੋਂ ਵਿਵਾਦ ਹੋ ਗਿਆ ਹੈ । ਭਾਰਤ ਵਿੱਚ 22 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਸਮਾਗਮ ਮਨਾਇਆ ਜਾ ਰਿਹਾ ਹੈ ਜਦਕਿ ਪਾਕਿਸਤਾਨ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਸਮਾਗਮ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਇਸ ਦੇ ਪਿੱਛੇ ਵੱਡੀ ਵਜ੍ਹਾ ਮੂਲ ਨਾਨਕਸ਼ਾਹੀ ਕਲੰਡਰ ਅਤੇ ਸੋਧੇ ਹੋਏ ਕਲੰਡਰ ਨੂੰ ਲੈਕੇ ਵਿਵਾਦ ਹੈ ।

ਜਿੱਥੇ ਬੀਤੀ ਸ਼ਾਮ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਬਰਾਤ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਤੋਂ ਨਿਕਲ ਕੇ ਹੁਣ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਪਹੁੰਚ ਗਈ ਹੈ । 22 ਸਤੰਬਰ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬੀਬੀ ਸੁਲਖਨੀ ਦੇ ਨਾਲ ਵਿਆਹ ਹੋਣਾ ਹੈ । ਉਧਰ ਇਸੇ ਦਿਨ ਹੀ ਪਾਕਿਸਤਾਨ ਦੇ ਇਤਿਹਾਸਕ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਹ ਉਹ ਹੀ ਥਾਂ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਅੰਤਮ ਸਮੇਂ 18 ਸਾਲ ਗੁਜ਼ਾਰੇ ।

ਸਮਾਗਮ ਨੂੰ ਲੈਕੇ ਸਹਿਮਤੀ ਨਹੀਂ ਬਣੀ

SGPC ਨੇ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਦੇ ਹਿਸਾਬ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਹਾੜਾ 9 ਅਕਤੂਬਰ ਨੂੰ ਤੈਅ ਕੀਤਾ ਸੀ ਜਦਕਿ ਵਿਆਹ ਸਮਾਗਮ 22 ਸਤੰਬਰ ਜਦਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕਲੰਡਰ ਦੇ ਹਿਸਾਬ ਨਾਲ 22 ਸਤੰਬਰ ਜੋਤੀ ਜੋਤ ਦਿਹਾੜਾ ਮਨਾਉਣ ਦਾ ਫੈਸਲਾ ਲਿਆ ਜਦਕਿ 30 ਅਗਸਤ ਨੂੰ ਵਿਆਹ ਸਮਾਗਮ ਮਨਾਇਆ ਗਿਆ ਸੀ ।

ਬੁੱਧੀਜੀਵਿਆਂ ਨੇ ਇਸ ‘ਤੇ ਦੁੱਖ ਜਤਾਇਆ ਹੈ

ਸਿੱਖ ਬੁੱਧੀਜੀਵੀ ਚਰਣਜੀਤ ਸਿੰਘ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਇਹ ਨਿਰਾਸ਼ਾ ਵਾਲੀ ਗੱਲ ਹੈ ਕਿ ਅਸੀਂ ਗੁਰੂ ਸਾਹਿਬ ਦੇ ਦਿਹਾੜੇ ਤੈਅ ਨਹੀਂ ਕਰ ਸਕੇ ਹਾਂ। ਇਸ ਨੂੰ ਲੈਕੇ ਸਿੱਖ ਭਾਈਚਾਰੇ ਵਿੱਚ ਵਿਵਾਦ ਹੈ,ਜਿਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਪਾਲ ਸਿੰਘ ਪੂਰੇਵਾਲ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕਲੰਡਰ ਨੂੰ 2003 ਵਿੱਚ ਮਨਜ਼ੂਰੀ ਮਿਲੀ ਸੀ । ਪਰ ਦਮਦਮੀ ਟਕਸਾਲ,ਤਖਤ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਸੀ । ਜਿਸ ਤੋਂ ਬਾਅਦ ਇਸ ਵਿੱਚ ਸੋਧ ਕੀਤੀ ਗਈ ਸੀ । ਪਰ ਸੋਧੇ ਹੋਏ ਕਲੰਡਰ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸੋਧੇ ਹੋਇਆ ਕਲੰਡਰ ਬ੍ਰਾਹਮਣਵਾਦ ਵੱਲ ਸਿੱਖਾਂ ਨੂੰ ਧੱਕ ਦਾ ਹੈ । ਜਿਸ ਨੂੰ ਉਹ ਮਨਜ਼ੂਰ ਨਹੀਂ ਕਰ ਸਕਦੇ ਹਨ। ਉਨ੍ਹਾਂ ਪੁੱਛਿਆ ਕਿ ਸਿੱਖਾਂ ਦੇ ਗੁਰੂਆਂ ਦੇ ਦਿਹਾੜੇ ਹੁਣ ਪੰਡਤ ਤੈਅ ਕਰਨਗੇ ।

ਸਿੱਖਾਂ ਦਾ ਬੁੱਧੀਜੀਵੀ ਦਾ ਸੁਝਾਅ ਹੈ ਕਿ SGPC ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਨਾਨਕਸ਼ਾਹੀ ਕਲੰਡਰ ਵਿਵਾਦ ਨੂੰ ਦੂਰ ਕਰਨਾ ਚਾਹੀਦਾ ਹੈ। ਇਸ ਦੇ ਲਈ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦ ਹੈ । ਉਧਰ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ ਹੈ । ਪਰ ਉਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਪਰ ਉਹ ਅਜਿਹਾ ਨਹੀਂ ਕਰ ਰਹੇ ਹਨ। ਤਰੀਕਾਂ ਨੂੰ ਲੈਕੇ ਮੱਤਭੇਦ ਚੱਲ ਰਿਹਾ ਹੈ। ਇਸ ਦੇ ਲਈ ਦੋਵਾਂ ਕਮੇਟੀਆਂ ਦੇ ਵਿਚਾਲੇ ਗੱਲਬਾਤ ਹੋ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਜਲਦ ਇਸ ‘ਤੇ ਸਹਿਮਤੀ ਬਣੇਗੀ ।