Punjab

‘ਸਿੱਖ ਖਾਲਿਸਤਾਨ ਦੇ ਖਿਲਾਫ ਬੋਲਣ ਤੇ ਅਖੰਡ ਭਾਰਤ ਦੀ ਹਮਾਇਤ ਕਰਨ’ ! ਕੰਗਨਾ ਦੇ ਬਿਆਨ ‘ਤੇ ਵਿਰਸਾ ਸਿੰਘ ਵਲਟੋਹਾ ਦਾ ਤਗੜਾ ਜਵਾਬ

ਬਿਉਰੋ ਰਿਪੋਰਟ : ਭਾਰਤ ਅਤੇ ਕੈਨੇਡਾ ਦੇ ਵਿਚਾਲੇ ਚੱਲ ਰਹੇ ਵਿਵਾਦ ਵਿਚਾਲੇ ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ‘ਤੇ ਅਕਾਲੀ ਦਲ ਨੇ ਅਦਾਕਾਰਾਂ ਨੂੰ ਘੇਰਿਆ ਹੈ । ਕੰਗਨਾ ਰਨੌਤ ਆਪਣੇ ਇਸ ਬਿਆਨ ਵਿੱਚ ਸਿੱਖਾਂ ਨੂੰ ਸਲਾਹ ਤੋਂ ਘੱਟ ਨਸੀਹਤ ਦਿੰਦੀ ਹੋਈ ਨਜ਼ਰ ਆ ਰਹੀ ਹੈ । ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ‘ਸਿੱਖ ਆਪਣੇ ਆਪ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਖਾਲਿਸਤਾਨ ਦੇ ਖਿਲਾਫ ਬੋਲਣ ਅਤੇ ਅਖੰਡ ਭਾਰਤ ਦੀ ਹਮਾਇਤ ਕਰਨ । ਸਿੱਖਾਂ ਵੱਲੋਂ ਮੇਰਾ ਬਾਇਕਾਟ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਮੇਰੀ ਫਿਲਮਾਂ ਖਿਲਾਫ਼ ਹਿੰਸਕ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿਉਂਕਿ ਮੈਂ ਖਾਲਿਸਤਾਨੀਆਂ ਦਹਿਸ਼ਤਗਰਦਾਂ ਦੇ ਖਿਲਾਫ ਬੋਲ ਦੀ ਹਾਂ, ਇਹ ਉਨ੍ਹਾਂ ਵੱਲੋਂ ਚੰਗਾ ਸੁਨੇਹਾ ਨਹੀ ਹੈ । ਖਾਲਿਸਤਾਨੀ ਦਹਿਸ਼ਤਗਰਦ ਸਿੱਖਾਂ ਦਾ ਨਾਂ ਬਦਨਾਮ ਕਰ ਰਹੇ ਅਤੇ ਉਨ੍ਹਾਂ ਦੇ ਵਿਸ਼ਵਾਸ਼ ਨੂੰ ਵੀ ਹਿੱਲਾ ਰਹੇ ਹਨ । ਇਸ ਤੋਂ ਪਹਿਲਾਂ ਵੀ ਖਾਲਿਸਤਾਨੀਆਂ ਨੇ ਸਿੱਖਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ । ਮੈਂ ਸਾਰੇ ਸਿੱਖਾਂ ਨੂੰ ਅਪੀਲ ਕਰਦੀ ਹਾਂ ਧਰਮ ਦੇ ਨਾਂ ‘ਤੇ ਖਾਲਿਸਤਾਨੀਆਂ ਦੇ ਉਕਸਾਉਣ ਵਿੱਚ ਨਾ ਆਓ’। ਕੰਗਨਾ ਰਨੌਤ ਦੇ ਇਸ ਬਿਆਨ ਦਾ ਜਵਾਬ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਦਿੱਤਾ ।

ਵਲਟੋਹਾ ਦਾ ਕੰਗਨਾ ਨੂੰ ਤਗੜਾ ਜਵਾਬ

ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇੱਕ ਟੀਵੀ ਚੈੱਨਲ ‘ਤੇ ਕੰਗਨਾ ਰਨੌਟ ਦੇ ਬਿਆਨ ‘ਤੇ ਜਵਾਬ ਦਿੰਦੇ ਹੋ ਕਿਹਾ ਜਿੰਨਾਂ ਸਿੱਖਾਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀ ਦਿੱਤੀ ਤੁਸੀਂ ਉਨ੍ਹਾਂ ‘ਤੇ ਸਵਾਲ ਚੁੱਕ ਰਹੇ ਹੋ, ਯਾਨੀ ਤੁਹਾਡੇ ਮਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਗੰਦਗੀ ਭਰੀ ਹੋਈ ਹੈ । ਵਲਟੋਹਾ ਨੇ ਕੰਗਨਾ ਨੂੰ ਚੁਣੌਤੀ ਦਿੱਤੀ ਕਿ ਦੱਖਣੀ ਦਿੱਲੀ ਤੋਂ ਬੀਜੇਪੀ ਦਾ ਐਮਪੀ ਰਮੇਸ਼ ਬਿਧੂਰੀ ਲੋਕਸਭਾ ਵਿੱਚ ਖੜੇ ਹੋਕੇ BSP ਦੇ ਮੁਸਲਿਮ ਐੱਮਪੀ ਨੂੰ ਦਹਿਸ਼ਤਗਰਦ,ਮੁੱਲਾ ਅਤੇ ਹੋਰ ਇਤਰਾਜ਼ ਯੋਗ ਸ਼ਬਦ ਬੋਲਦਾ ਹੈ ਕਿ ਉਸ ਦੇ ਖਿਲਾਫ ਕੰਗਨਾ ਕਿਉਂ ਨਹੀਂ ਬੋਲਦੀ ਹੈ। ਤੁਸੀਂ ਕਦੇ ਗਾਇਕ ਸ਼ੁੱਭ ਦਾ ਵਿਰੋਧ ਕਰਦੇ ਹੋ,ਕਦੇ ਕਿਸੋ ਹੋਰ ਪੰਜਾਬੀ ਦਾ । ਜਿੱਥੇ ਕੋਈ ਗਲਤੀ ਕਰਦਾ ਹੈ ਅਵਾਜ਼ ਚੁੱਕੋ ਪਰ ਸਿਰਫ਼ ਨਫਰਤ ਵਾਲੀਆਂ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਹਨ,ਕੰਗਨਾ ਨੂੰ ਸਿਰਫ਼ ਸਿੱਖ ਹੀ ਨਜ਼ਰ ਆਉਂਦੇ ਹਨ। ਜਦੋਂ ਭਲਵਾਨ ਪ੍ਰਦਰਸ਼ਨ ‘ਤੇ ਬੈਠੇ ਸਨ ਤਾਂ ਉਸ ਨੂੰ ਨਜ਼ਰ ਨਹੀਂ ਆਇਆ ਕਿਉਂ ਨਹੀਂ ਬੋਲੀ ਕਿ ਸਮਾਜ ਵਿੱਚ ਇਨ੍ਹਾਂ ਦਾ ਬਾਇਕਾਟ ਹੋਣਾ ਚਾਹੀਦਾ ਹੈ। ਵਲਟੋਹਾ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਦੇਸ਼ ਮਜ਼ਬੂਤ ਹੋਵੇ ਪਰ ਜਿਸ ਤਰ੍ਹਾਂ ਨਾਲ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਠੀਕ ਨਹੀਂ ਹੈ ।