Punjab

ਹਰਿਆਣਾ ਦਾ ਟੋਲ ਮੁੜ ਵਿਵਾਦਾਂ ‘ਚ ! ਡਿਊਟੀ ‘ਤੇ ਫੌਜੀ ਕੋਲੋਂ ਮੰਗਿਆ ਟੋਲ, ID ਤੇ ਦਸਤਾਵੇਜ਼ਾਂ ਨੂੰ ਨਹੀਂ ਮੰਨਿਆ ! ਜ਼ਬਰਦਸਤ ਬਹਿਸ ਤੋਂ ਬਾਅਦ ਇਸ ਸ਼ਰਤ ‘ਤੇ ਜਾਣ ਦਿੱਤਾ !

ਬਿਉਰੋ ਰਿਪੋਰਟ : ਹਰਿਆਣਾ ਦੇ ਟੋਲ ਹਮੇਸ਼ਾ ਵਿਵਾਦਾਂ ਵਿੱਚ ਰਹਿੰਦੇ ਹਨ । ਬੀਤੇ ਦਿਨ ਮੂਰਥਲ ਸੋਨੀਪਤ ਟੋਲ ‘ਤੇ ਇੱਕ ਔਰਤ ਅਤੇ ਉਸ ਦੇ ਪਤੀ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਹੈ । ਹੁਣ ਹਰਿਆਣਾ ਦੇ ਬੱਗਲ ਨਾਂ ਦੇ ਟੋਲ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ਵਿੱਚ ਫੌਜ ਦਾ ਇੱਕ ਜਵਾਨ ਆਪਣੀ ਡਿਊਟੀ ਜੁਆਇਨ ਕਰਨ ਦੇ ਲਈ ਜਾ ਰਿਹਾ ਸੀ । ਪਰ ਟੋਲ ਮੁਲਾਜ਼ਮਾਂ ਨੇ ਉਸ ਤੋਂ ਟੋਲ ਮੰਗ ਲਿਆ । ਫੌਜੀ ਨੇ ਆਪਣਾ ਆਈ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਵਿਖਾਏ ਪਰ ਟੋਲ ਪਲਾਜ਼ਾ ਦੇ ਮੁਲਾਜਮ ਅੜ੍ਹ ਗਏ ਕਿ ਉਹ ਬਿਨਾਂ ਟੋਲ ਦਿੱਤੇ ਨਹੀਂ ਗੁਜ਼ਰਨ ਦੇਣਗੇ । ਜਦੋਂ ਫੌਜੀ ਦੇ ਨਾਲ ਬੈਠੇ ਸ਼ਖਸ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਕਰਾਂਗੇ,ਜਵਾਨ ਨੇ ਡਿਊਟੀ ਜੁਆਇਨ ਕਰਨ ਦੇ ਲਈ ਟ੍ਰੇਨ ਫੜਨੀ ਹੈ ਜੇਕਰ ਇਹ ਛੁੱਟ ਗਈ ਤਾਂ ਉਹ ਇਸ ਦੇ ਲਈ ਜਿੰਮੇਵਾਰ ਹੋਣਗੇ। ਫੌਜੀ ਦੇ ਨਾਲ ਬੈਠੇ ਸ਼ਖਸ ਨੇ ਦੱਸਿਆ ਕਿ ਅਸੀਂ 10 ਕਿਲੋਮੀਟਰ ਪਹਿਲਾਂ ਵੀ ਟੋਲ ਤੋਂ ਗੁਜ਼ਰ ਕੇ ਆ ਰਹੇ ਹਾਂ ਸਾਡੇ ਕੋਲ ਕਿਸੇ ਨੇ ਟੋਲ ਨਹੀਂ ਲਿਆ ਕਿਉਂਕਿ ਸਾਡੇ ਕੋਲ ਫੌਜ ਦਾ ਆਈ ਕਾਰਡ ਸੀ । ਤੁਹਾਡੇ ਟੋਲ ‘ਤੇ ਇਸ ਨੂੰ ਕਿਉਂ ਨਹੀਂ ਮਾਨਤਾ ਦਿੱਤੀ ਜਾਂਦੀ ਹੈ । ਫਿਰ NHAI ਦਾ ਮੁਲਾਜ਼ਮ ਟੋਲ ਨਿਯਮਾਂ ਦਾ ਪੇਪਰ ਲੈ ਆਇਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ । ਬਿਨਾਂ ਡਿਊਟੀ ਦੇ ਪ੍ਰਾਈਵੇਟ ਗੱਡੀ ਵਿੱਚ ਫੌਜੀ ਨੂੰ ਵੀ ਟੋਲ ਤੋਂ ਛੋਟ ਨਹੀਂ ਹੈ । ਜਦਕਿ ਫੌਜੀ ਨੇ ਕਿਹਾ ਉਹ ਡਿਊਟੀ ‘ਤੇ ਹੀ ਜਾ ਰਿਹਾ ਹੈ। ਫਿਰ ਕਿਵੇਂ ਉਹ ਟੋਲ ਵਸੂਲ ਸਕਦੇ ਹਨ । ਫਿਰ ਟੋਲ ਮੁਲਾਜ਼ਮ ਨੇ ਵਰਦੀ ਵਿਖਾਉਣ ਨੂੰ ਕਿਹਾ ਤਾਂ ਫੌਜੀ ਅਤੇ ਉਸ ਦੇ ਸਾਥੀ ਨੇ ਆਪਣੀ ਵਰਦੀ ਵੀ ਵਿਖਾਈ । ਫਿਕ ਜਾਕੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ ।

ਫੌਜੀਆਂ ਦੇ ਟੋਲ ਨੂੰ ਲੈਕੇ ਕੀ ਹੈ ਨਿਯਮ ?

NHAI ਦੇ ਨਿਯਮ 11 ਦੇ ਸਬ ਰੂਲ B (i) ਮੁਤਾਬਿਕ ਫੌਜੀ ਜਵਾਨਾਂ ਨੂੰ ਟੋਲ ਤੋਂ ਫ੍ਰੀ ਜਾਣ ਦੀ ਇਜਾਜ਼ਤ ਸੀ । ਪਰ 2014 ਦੌਰਾਨ ਸੜਕ ਅਤੇ ਟਰਾਂਸਪੋਰਟ ਮਹਿਕਮੇ ਵੱਲੋਂ ਇਸ ਵਿੱਚ ਸੋਧ ਕੀਤੀ ਗਈ ਅਤੇ ਕਿਹਾ ਗਿਆ ਕਿ ਸਿਰਫ ਡਿਊਟੀ ਦੌਰਾਨ ਹੀ ਫੌਜੀਆਂ ਨੂੰ ਫ੍ਰੀ ਟੋਲ ਦੀ ਛੋਟ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਰਿਟਾਇਡ ਫੌਜੀਆਂ ਨੂੰ ਵੀ ਇਸ ਤੋਂ ਬਾਹਰ ਕਰ ਦਿੱਤਾ ਗਿਆ ਸੀ । NHAI ਨੇ RTI ਦੇ ਜਵਾਬ ਵਿੱਚ ਸਾਫ ਕੀਤਾ ਸੀ ਕਿ ਜੇਕਰ ਕੋਈ ਵੀ ਫੌਜੀ ਆਪਣੀ ਪ੍ਰਾਈਵੇਟ ਗੱਡੀ ‘ਤੇ ਯਾਤਰਾ ਕਰ ਰਿਹਾ ਹੈ ਤਾਂ ਉਸ ਨੂੰ ਟੋਲ ਦੇਣਾ ਹੋਵੇਗਾ । ਪੰਜਾਬ,ਹਰਿਆਣਾ ਅਤੇ ਰਾਜਸਥਾਨ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਹੁਣ ਵੀ ਲਗਾਤਾਰ ਸਾਹਮਣੇ ਆਉਂਦੇ ਹਨ ਜਦੋਂ ਫੌਜੀ ਜਵਾਨ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿੱਚ ਇਸ ਨੂੰ ਲੈਕੇ ਵਿਵਾਦ ਹੁੰਦਾ ਹੈ । ਇਸੇ ਲਈ NHAI ਨੇ ਸਾਰੇ ਮੁਲਾਜ਼ਮਾਂ ਨੂੰ ਨਿਯਮਾਂ ਦੀ ਕਾਪੀ ਸੌਂਪੀ ਹੋਈ ਹੈ ਕਿ ਉਹ ਵਿਵਾਦ ਹੋਣ ‘ਤੇ ਇਸ ਨੂੰ ਵਿਖਾ ਸਕਣ। ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਫੌਜੀਆਂ ਨੂੰ ਪਹਿਲਾਂ ਟੋਲ ਤੋਂ ਛੋਟ ਸੀ ਤਾਂ ਹੁਣ ਕਿਉਂ ਨਹੀਂ ? ਜੇਕਰ ਸਰਕਾਰ ਨੇ ਇਸ ਨੂੰ ਬਦਲ ਲਿਆ ਤਾਂ ਫੌਜ ਨੂੰ ਵੀ ਇਸ ਦੀ ਇਤਲਾਹ ਹੋਣੀ ਚਾਹੀਦੀ ਹੈ ਤਾਂਕੀ ਉਹ ਫੌਜੀਆਂ ਨੂੰ ਇਸ ਬਾਰੇ ਸਹੀ ਜਾਣਕਾਰੀ ਦੇ ਸਕਣ। ਇਸ ਤਰ੍ਹਾਂ ਇੱਕ ਪਾਸੜ ਜਾਣਕਾਰੀ ਕਿਸੇ ਵੇਲੇ ਵੀ ਵੱਡੇ ਵਿਵਾਦ ਦਾ ਕਾਰਨ ਬਣ ਸਕਦੀ ਹੈ।

ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਵੀ NHAI ਨੂੰ ਡਿਊਟੀ ‘ਤੇ ਮੌਜੂਦ ਸਰਕਾਰੀ ਮੁਲਾਜ਼ਮਾਂ ਦਾ ਟੋਲ ਫ੍ਰੀ ਕਰਨ ਲਈ ਪੱਤਰ ਲਿਖਿਆ ਸੀ ਪਰ ਕੌਮੀ ਸ਼ਾਹਰਾਹ ਅਥਾਰਿਟੀ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ । ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਤੋਂ ਇੱਕ ਪੱਤਰਕਾਰ ਨੇ ਆਪਣੇ ਖਿਤੇ ਦੇ ਪੱਤਰਕਾਰਾਂ ਲਈ ਟੋਲ ਫ੍ਰੀ ਕਰਨ ਦੀ ਮੰਗ ਕੀਤੀ ਸੀ ਤਾਂ ਉਨ੍ਹਾਂ ਨੇ ਮੂੰਹ ਹੀ ਸਾਫ ਇਨਕਾਰ ਕਰ ਦਿੱਤਾ ਸੀ ।