ਬਿਉਰੋ ਰਿਪੋਰਟ : ਦਿੱਲੀ ਵਿੱਚ G20 ਸੰਮੇਲਨ ਦੌਰਾਨ ਸਿੱਖ ਭਾਈਚਾਰੇ ਨੂੰ ਉਮੀਦ ਸੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਦੁਵੱਲੀ ਗੱਲਬਾਤ ਦੌਰਾਨ ਪੱਗ ‘ਤੇ ਬੈਨ ਦਾ ਮਸਲਾ ਜ਼ਰੂਰ ਚੱਕਣਗੇ । ਪਰ ਜਦੋਂ ਭਾਰਤ ਵੱਲੋਂ ਇਸ ‘ਤੇ ਕੋਈ ਗੱਲਬਾਤ ਨਹੀ ਹੋਈ ਤਾਂ ਹੁਣ ਇਸ ਨੂੰ ਲੈਕੇ ਪੂਰੀ ਦੁਨੀਆ ਦੇ ਸਿੱਖਾਂ ਵਿੱਚ ਨਮੋਸ਼ੀ ਹੈ । ਯੂਨਾਇਟਿਡ ਸਿੱਖ ਜਥੇਬੰਦੀ ਦੀ ਕੌਮਾਂਤਰੀ ਲੀਗਲ ਡਾਇਰੈਕਟਰ ਮਜਿੰਦਰਪਾਲ ਕੌਰ ਨੇ ਕਿਹਾ ਜਿਸ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਪਛਾਣ ਦਾ ਮੁੱਦਾ ਚੁੱਕਣ ਦੀ ਜ਼ਰੂਰਤ ਨਹੀਂ ਸਮਝੀ । ਇਸ ਮੁੱਦੇ ਨੂੰ ਪੂਰੀ ਤਰ੍ਹਾਂ ਅਣਗੋਲਿਆ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੋਰ ਸੰਸਥਾ SGPC ਨੇ G20 ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਪੱਗ ਬੈਨ ਦੇ ਮਸਲੇ ਨੂੰ ਚੁੱਕਣ ਦੀ ਅਪੀਲ ਕੀਤੀ ਸੀ ਪਰ ਦੋਵਾਂ ਦੇਸ਼ਾਂ ਦੀ ਜੁਆਇੰਟ ਸਟੇਟਮੈਂਟ ਵਿੱਚ ਇਹ ਨਜ਼ਰ ਨਹੀਂ ਆਇਆ ਹੈ ।
ਯੂਨਾਇਟਿਡ ਸਿੱਖ ਜਥੇਬੰਦੀ ਦੀ ਕੌਮਾਂਤਰੀ ਲੀਗਲ ਡਾਇਰੈਕਟਰ ਮਜਿੰਦਰਪਾਲ ਕੌਰ ਨੇ ਕਿਹਾ ਕਿ ਫਰਾਂਸ ਦੇ ਸਕੂਲਾਂ ਵਿੱਚ ਸਿੱਖਾਂ ਦੀ ਦਸਤਾਰ ‘ਤੇ ਪਾਬੰਦੀ 20 ਸਾਲ ਤੋਂ ਲਾਗੂ ਹੈ । ਇਹ ਫਰਾਂਸ ਵਸਦੇ ਸਿੱਖ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਪ੍ਰਗਟਾਉਣ ਦੇ ਅਧਿਕਾਰ ਤੋਂ ਮੁਨਕਰ ਕਰਦੀ ਹੈ। ਭਾਰਤ ਅਤੇ ਫਰਾਂਸ ਦੇ ਆਗੂਆਂ ਵਿਚਾਲੇ ਹਾਲ ਹੀ ‘ਚ ਹੋਈ ਬੈਠਕ ਦੌਰਾਨ ਇਸ ਮਾਮਲੇ ‘ਤੇ ਚੁੱਪੀ ਚਿੰਤਾਜਨਕ ਹੈ। ਡਾਇਰੈਕਟਰ ਮਜਿੰਦਰਪਾਲ ਕੌਰ ਨੇ ਕਿਹਾ ਸਾਨੂੰ ਮਨੁੱਖੀ ਅਧਿਕਾਰਾਂ ਦੀ ਇਸ ਉਲੰਘਣਾ ਨੂੰ ਉਜਾਗਰ ਕਰਨ ਲਈ ਇਕੱਠੇ ਹੋ ਕੇ ਰੈਲੀ ਕਰਨੀ ਚਾਹੀਦੀ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਰੋਕ ਨੂੰ ਹਟਾਉਣ ਲਈ ਫਰਾਂਸ ‘ਤੇ ਦਬਾਅ ਪਾਉਣ ਦੀ ਅਪੀਲ ਕਰਨੀ ਚਾਹੀਦੀ ਹੈ।
ਯੂਨਾਇਡ ਸਿੱਖ ਜਥੇਬੰਦੀ ਦੀ ਕੌਮਾਂਤਰੀ ਲੀਗਲ ਡਾਇਰੈਕਟਰ ਮਜਿੰਦਰਪਾਲ ਕੌਰ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੂੰ ਆਗਾਮੀ ਜਨਰਲ ਅਸੈਂਬਲੀ ਦੀ ਬਹਿਸ ਦੌਰਾਨ ਇਸ ਮੁੱਦੇ ‘ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ
ਉਨ੍ਹਾਂ ਕਿਹਾ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਨੇ 2012 ਵਿੱਚ ਇਸ ਪਾਬੰਦੀ ਨੂੰ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਵਜੋਂ ਕਰਾਰ ਦਿੱਤਾ ਸੀ। ਪਰ ਇਸ ਦੇ ਬਾਵਜੂਦ ਫਰਾਂਸ ਆਪਣੇ ਕਦਮ ਤੋਂ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ । ਯੂਨਾਇਟਿਡ ਸਿੱਖ ਜਥੇਬੰਦੀ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਫਰਾਂਸ ਪੱਗ ਵਿਰੋਧੀ ਕਾਨੂੰਨੀ ਖਿਲਾਫ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਏਕੇ ਦਾ ਸੁਨੇਹਾ ਦੇਕੇ ਅਸੀਂ ਰਲ ਕੇ ਸਿੱਖ ਦਸਤਾਰ ਦੀ ਪਾਬੰਦੀ ਨੂੰ ਅਤੀਤ ਦੀ ਗੱਲ ਬਣਾ ਸਕਦੇ ਹਾਂ।