Punjab Religion

CM ਮਾਨ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਰੱਖਿਆ ਨੀਂਹ ਪੱਥਰ…

CM Mann paid tribute to the martyrs of Saragarhi, laid the foundation stone of Saragarhi War Memorial...

ਫਿਰੋਜ਼ਪੁਰ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰਾਗੜ੍ਹੀ ਦੀ ਲੜਾਈ ਦੇ ਬਹਾਦਰ ਯੋਧਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕਰਨ ਲਈ ਦੁਪਹਿਰ ਬਾਅਦ ਫਿਰੋਜ਼ਪੁਰ ਛਾਉਣੀ ਦੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਮੁੱਖ ਮੰਤਰੀ ਮਾਨ ਨੇ ਅੱਜ ਸ਼ਹੀਦਾਂ ਦੀ ਯਾਦ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸਮਾਗਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੁਨੇਹਾ ਦੇਵੇਗਾ ਕਿ ਕਿਵੇਂ ਸਾਡੇ ਪੁਰਖਿਆਂ ਨੇ, ਸਾਡੇ ਸ਼ਹੀਦਾਂ ਨੇ ਲੋਕਾਂ ਦੀ ਖਾਤਰ ਲੜ੍ਹ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਾਨ ਨੇ ਕਿਹਾ ਕਿ ਇਹ ਲਾਸਾਨੀ ਕੁਰਬਾਨੀਆਂ ਹਮੇਸ਼ਾ ਯਾਦ ਰਹਿਣੀਆਂ ਚਾਹੀਦੀਆਂ ਹਨ ਕਿਉਂਕਿ ਜੋ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਹਨ ਉਹ ਕੌਮਾਂ ਰੁਲ ਜਾਂਦੀਆਂ ਹਨ।

ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਯਾਦ ਕਰਵਾਉਂਦਿਆਂ ਮਾਨ ਨੇ ਕਿਹਾ ਕਿ ਸਿੱਖ ਰੈਜੀਮੈਂਟ ਦੇ 21 ਸਿੱਖ ਯੋਧਿਆਂ ਨੇ 10,000 ਤੋਂ ਵੱਧ ਦੁਸ਼ਮਣ ਫੌਜਾਂ ਨਾਲ ਲੋਹਾ ਲਿਆ। ਸਾਰਾਗੜ੍ਹੀ ਦੀ ਲੜਾਈ 21 ਸਿੱਖ ਯੋਧਿਆਂ ‘ਤੇ ਫਿਲਮ ਤਾਂ ਬਣਾਈ ਗਈ ਪਰ ਬਦਕਿਸਮਤੀ ਨਾਲ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਰਾਗੜ੍ਹੀ ਹੈ ਕਿੱਥੇ।

https://x.com/AAPPunjab/status/1701525745271804327?s=20

ਮਾਨ ਨੇ ਕਿਹਾ ਕਿ ਸਾਰਾਗੜ੍ਹੀ ਵਾਰ ਮੈਮੋਰੀਅਲ ਲਈ 2019 ਵਿੱਚ ਉਸ ਵੇਲੇ ਦੀ ਸਰਕਾਰ ਵੱਲੋਂ 1 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਪਰ 25 ਲੱਖ ਰੁਪਏ ਦੀ ਘਾਟ ਕਾਰਨ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਸੀ। ਮਾਨ ਨੇ ਦੱਸਿਆ ਕਿ 1902 ਵਿੱਚ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਿਸ ਦਾ ਖਰਚਾ 27,118 ਰੁਪਏ ਸੰਗਤ ਵੱਲੋਂ ਕੀਤਾ ਗਿਆ ਸੀ। ਮਾਨ ਨੇ ਕਿਹਾ ਕਿ ਅੱਜ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰਾਗੜ੍ਹੀ ਵਾਰ ਮੈਮੋਰੀਅਲ ਲਈ ਕਿਸੇ ਵੀ ਰਕਮ ਦਾ ਐਲਾਨ ਨਹੀਂ ਕਰਨਗੇ । ਮਾਨ ਨੇ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਵਿੱਚ ਜਿੰਨਾ ਵੀ ਖਰਚ ਆਵੇਗਾ ਉਸਦਾ ਖਰਚਾ ਪੰਜਾਬ ਸਰਕਾਰ ਦੇਵੇਗੀ।

ਮੁੱਖ ਮੰਤਰੀ ਮਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਐਲਾਨ ਕੀਤਾ ਕਿ ਦਸੰਬਰ ਮਹੀਨੇ ਵਿੱਚ ਸਰਕਾਰ ਵਿੱਚ ਕੋਈ ਵੀ ਜਸ਼ਨ ਵਾਲਾ ਪ੍ਰੋਗਰਾਮ ਨਹੀਂ ਮਨਾਇਆ ਜਾਵੇਗਾ। ਮਾਨ ਨੇ ਕਿਹਾ ਕਿ ਦਸੰਬਰ ਪੰਜਾਬ ਲਈ ਸੋਗ ਦਾ ਮਹੀਨਾ ਹੈ ਕਿਉਂਕਿ ਇੱਕ ਹਫ਼ਤੇ ਦੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਸ਼ਹੀਦ ਹੋ ਗਿਆ ਸੀ। ਮਾਨ ਨੇ ਅਪੀਲ ਕੀਤੀ ਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਸ਼ਹੀਦੀ ਹਫ਼ਤੇ ਨੂੰ ਮੇਲਾ ਨਾ ਬਣਾਇਆ ਜਾਵੇ ਇਸਨੂੰ ਸ਼ੋਕ ਦੇ ਹਫ਼ਤੇ ਵਜੋਂ ਯਾਦ ਕੀਤਾ ਜਾਵੇ।