India

HSGPC ਦੀ ਚੋਣਾਂ ਲਈ CM ਖੱਟਰ ਨੇ ਕਮੇਟੀ ਦੀਆਂ 5 ਸ਼ਰਤਾਂ ਕੀਤੀਆਂ ਮਨਜ਼ੂਰ ! ਉਮੀਦਵਾਰ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ !

ਬਿਉਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਆ ਸ਼ੁਰੂ ਹੋ ਗਈ ਹੈ । ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੋਣਾਂ ਨੂੰ ਲੈਕੇ ਕਮੇਟੀ ਦੀਆ ਪੰਜੋ ਸ਼ਰਤਾਂ ਨੂੰ ਮਨਜ਼ੂਰ ਕਰ ਲਿਆ ਹੈ । ਚੋਣ ਕਮਿਸ਼ਨ ਨੇ 30 ਚੋਣ ਨਿਸ਼ਾਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ । ਚੋਣਾਂ ਨੂੰ ਲੈਕੇ ਕਮੇਟੀ ਮੈਂਬਰਾਂ ਦੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੀਟਿੰਗ ਹੋ ਗਈ ਹੈ । ਇਸ ਮੀਟਿੰਗ ਵਿੱਚ ਉਮੀਦਵਾਰਾਂ ਅਤੇ ਵੋਟਰਾਂ ਨੂੰ ਲੈਕੇ ਸ਼ਰਤਾਂ ਰੱਖਿਆ ਗਈਆਂ ।

5 ਸ਼ਰਤਾਂ ਨੂੰ ਮਨਜ਼ੂਰੀ

ਇਨ੍ਹਾਂ ਸ਼ਰਤਾਂ ਦੇ ਮੁਤਾਬਿਕ ਉਮੀਦਵਾਰ ਅੰਮ੍ਰਿਤਧਾਰੀ ਹੋਵੇਗਾ । ਕਿਸੇ ਵੀ ਸੂਬੇ ਦੇ ਅੰਮ੍ਰਿਤਸਧਾਰੀ ਸਿੱਖ ਨੂੰ HSGPC ਦਾ ਉਮੀਦਵਾਰ ਬਣਨ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਸਾਬਤ ਸੂਰਤ ਸਿੱਖ ਹੀ ਵੋਟ ਪਾ ਸਕਣਗੇ । ਵੋਟਰ ਬਣਾਉਣ ਦਾ ਕੰਮ ਸਿਰਫ ਪੰਜਾਬੀ ਅਧਿਆਪਕਾਂ ਵੱਲੋਂ ਕੀਤਾ ਜਾਵੇਗਾ। ਵੋਟਾਂ ਬਣਾਉਣ ਦਾ ਫਾਰਮ ਹਿੰਦੀ ਦੀ ਥਾਂ ਪੰਜਾਬੀ ਵਿੱਚ ਹੋਵੇਗਾ ।

ਵੋਟਰ ਬਣਨ ਦੀ ਤਰੀਕ ਤੈਅ ਹੋਈ

ਗੁਰਦੁਆਰਾ ਚੋਣ ਕਮਿਸ਼ਨ ਨੇ 30 ਸਤੰਬਰ ਤੱਕ ਨਵੇਂ ਵੋਟ ਬਣਾਉਣ ਦਾ ਸਮੇਂ ਤੈਅ ਕੀਤਾ ਹੈ । ਇਸ ਸਮੇਂ ਵਿੱਚ ਕੋਈ ਵੀ ਨਵਾਂ ਵੋਟਰ HSGPC ਦੀ ਵੋਟਿੰਗ ਲਿਸਟ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ । ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਰਡਾਂ ਦੀ ਹੱਦਬੰਦੀ ਸੂਬਾ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ । 28 ਜੁਲਾਈ ਨੂੰ ਅਧਿਕਾਰਕ ਐਲਾਨ ਵੀ ਹੋ ਚੁੱਕਾ ਹੈ । ਜਿਸ ਦੇ ਮੁਤਾਬਿਕ ਪੂਰੇ ਸੂਬੇ ਨੂੰ 40 ਵਾਰਡਾਂ ਵਿੱਚ ਵੰਡਿਆ ਗਿਆ ਹੈ।

ਇਨ੍ਹਾਂ ਲੋਕਾਂ ਕੋਲ ਮਿਲੇਗਾ ਵੋਟਰ ਫਾਰਮ

HSGPC ਦੀ ਚੋਣ ਦੇ ਲਈ ਸਾਰੇ ਵਾਰਡਾਂ ਵਿੱਚ ਇੱਕ ਮੈਂਬਰ ਚੁਣਿਆ ਜਾਵੇਗਾ । 40 ਮੈਂਬਰਾਂ ਦੀ ਚੋਣ ਤੋਂ ਬਾਅਦ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਦੀ ਨਿਯੁਕਤੀ ਹੋਵੇਗੀ । ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਵੋਟਰਾਂ ਦੀ ਲਿਸਟ ਤਿਆਰ ਕਰਨ ਦੇ ਲਈ ਡੀਸੀ ਨੂੰ ਨਿਰਦੇਸ਼ ਦਿੱਤੇ ਗਏ ਹਨ । ਚੋਣ ਤਿਆਰੀ ਦੇ ਲਈ ਨਾਵਾਂ ਦੇ ਰਜਿਸਟ੍ਰੇਸ਼ਨ ਪੇਂਡੂ ਖੇਤਰ ਵਿੱਚ ਪਟਵਾਰੀ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਪਾਲਿਕਾ,ਪਰਿਸ਼ਦ ਅਤੇ ਨਿਗਮ ਦੇ ਸਕੱਤਰ ਕਰਨਗੇ ।

ਮਹੰਤ ਕਰਮਜੀਤ ਸਿੰਘ ਦਾ ਅਸਤੀਫਾ

14 ਅਗਸਤ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੌਰਾਨ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਗਰੁੱਪ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ । ਜਿਸ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਵੀ ਪਹੁੰਚਿਆ ਸੀ ਉਨ੍ਹਾਂ ਨੇ ਅਗਲੀ ਮੀਟਿੰਗਾਂ ‘ਤੇ ਰੋਕ ਲੱਗਾ ਦਿੱਤੀ ਹੈ ਜਿਸ ਤੋਂ ਬਾਅਦ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।