Punjab

ਫਿਲਮ ‘ਮਸਤਾਨੇ’ ਨੇ 10 ਦਿਨਾਂ ‘ਚ ਕੀਤੀ ਜ਼ਬਰਦਸਤ ਕਮਾਈ !

ਬਿਉਰੋ ਰਿਪੋਰਟ : ਨਾਦਰਸ਼ਾਹ ਦੇ ਸਮੇਂ ਸਿੱਖਾਂ ਦੀ ਬਹਾਦੁਰੀ ‘ਤੇ ਬਣੀ ਪੰਜਾਬੀ ਫਿਲਮ ਮਸਤਾਨੇ ਨੂੰ ਦੂਜੇ ਵੀਕਐਂਡ ‘ਤੇ ਵੀ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ ਅਤੇ ਫਿਲਮ ਹੁਣ ਤੱਕ ਆਪਣੀ ਲਾਗਤ ਤੋਂ ਤਕਰੀਬਨ 4 ਗੁਣਾ ਵੱਧ ਕਮਾਈ ਕਰ ਚੁੱਕੀ ਹੈ । ਫਿਲਮ ਦੀ ਵੱਧ ਕਮਾਈ ਓਵਰਸੀਜ਼ ਤੋਂ ਹੋ ਰਹੀ ਹੈ । ਮਸਤਾਨੇ ਫਿਲਮ ਨੂੰ ਬਣਾਉਣ ਵਿੱਚ ਤਕਰੀਬਨ 16 ਕਰੋੜ ਦਾ ਖਰਚ ਆਇਆ ਸੀ । ਜਦਕਿ ਪਹਿਲੇ 11 ਦਿਨਾਂ ਵਿੱਚ ਫਿਲਮ ਨੇ ਹੁਣ ਤੱਕ ਕੁੱਲ 58 ਕਰੋੜ ਕਮਾਈ ਕਰ ਲਈ । ਫਿਲਮ ਜਾਣਕਾਰਾਂ ਦੇ ਮੁਤਾਬਿਕ ਮਸਤਾਨੇ ਫਿਲਮ ਦੇ ਬਜਟ ਦੇ ਹਿਸਾਬ ਨਾਲ 24 ਕਰੋੜ ਦੀ ਕਮਾਈ ਤੋਂ ਬਅਦ ਇਸ ਫਿਲਮ ਨੂੰ ਹਿੱਟ ਕਰਾਰ ਦੇ ਦਿੱਤਾ ਗਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਫਿਲਮ ਨੇ 11 ਦਿਨਾਂ ਵਿੱਚ ਭਾਰਤ ਅੰਦਰ ਹੁਣ ਤੱਕ 22.06 ਕਰੋੜ ਦੀ ਕਮਾਈ ਕੀਤੀ ਹੈ ਜਦਕਿ ਓਵਰਸੀਜ਼ ਵਿੱਚ ਫਿਲਮ ਨੇ ਤਕਰੀਬਨ ਦੁਗਣੀ ਕਮਾਈ ਕੀਤੀ ਹੈ । ਰਿਪੋਟਸ ਦੇ ਮੁਤਾਬਿਕ ਫਿਲਮ ਓਵਰਸੀਜ਼ ਵਿੱਚ 35 ਕਰੋੜ ਕਮਾ ਚੁੱਕੀ ਹੈ । 3 ਸਤੰਬਰ ਐਤਵਾਰ ਨੂੰ ਫਿਲਮ ਮਸਤਾਨੇ ਦੀਆਂ ਪੰਜਾਬ ਵਿੱਚ 52 ਫੀਸਦੀ ਸੀਟਾਂ ਬੁੱਕ ਸਨ । ਸਵੇਰ ਦੇ ਸ਼ੋਅ 35 ਫੀਸਦੀ,ਦੁਪਹਿਰ ਦੇ 67 ਫੀਸਦੀ ਅਤੇ ਸ਼ਾਮ ਦੇ 72 ਫੀਸਦੀ ਸਿਨੇਮਾ ਹਾਲ ਬੁੱਕ ਸਨ ।

ਸਭ ਤੋਂ ਵੱਧ ਪਟਿਆਲਾ 66 ਫੀਸਦੀ ਮਸਤਾਨੇ ਫਿਲਮ ਦੀ ਬੁਕਿੰਗ ਸੀ, ਦੂਜੇ ਨੰਬਰ ‘ਤੇ ਅੰਮ੍ਰਿਤਸਰ 61 ਫੀਸਦ,ਫਿਰ 59 ਫੀਸਦੀ ਨਾਲ ਲੁਧਿਆਣਾ,50 ਫੀਸਦੀ ਨਾਲ ਚੰਡੀਗੜ੍ਹ ਵਿੱਚ ਫਿਲਮ ਲੈਕੇ ਬੁਕਿੰਗ ਵੇਖੀ ਗਈ । ਫਤਿਹ ਫਿਲਮ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਫਿਲਮ ਮਸਤਾਨੇ ਨੂੰ ਡਾਇਰੈਕਟ ਸ਼ਰਨ ਆਰਟ ਵੱਲੋਂ ਕੀਤਾ ਗਿਆ ਹੈ । ਫਿਲਮ ਵਿੱਚ ਤਰਸੇਮ ਜਸੜ ਅਤੇ ਗੁਰਪ੍ਰੀਤ ਗੁੱਘੀ,ਸਿਮੀ ਚਹਿਲ,ਰਾਹੁਲ ਦੇਵ,ਆਰਿਫ ਜਾਫਰੀ ਮੁਖ ਕਿਰਦਾਰ ਵਿੱਚ ਸਨ ।

ਫਿਲਮ ਮਸਤਾਨੇ ਆਪਣੇ ਆਪ ਵਿੱਚ ਪੰਜਾਬੀ ਸਿਨੇਮਾ ਵਿੱਚ ਪਹਿਲੀ ਅਜਿਹੇ ਫਿਲਮ ਹੈ ਜਿਸ ਦੇ ਲਈ ਜ਼ਮੀਨ ਪੱਧਰ ‘ਤੇ ਕੰਮ ਹੋਇਆ ਹੈ, ਇਸ ਦੇ ਸੈੱਟ ਡਿਜ਼ਾਇਨ ਤੋਂ ਲੈਕੇ ਕਹਾਣੀ ਨੂੰ ਫਿਲਮਾਉਣ ਤੱਕ ਬਹੁਤ ਮਿਹਨਤ ਕੀਤੀ ਗਈ ਹੈ । ਇਸੇ ਲਈ ਫਿਲਮ ਦੇ ਟ੍ਰੇਲਰ ਲਾਂਚ ਤੋਂ ਬਾਅਦ ਫਿਲਮ ਦੇ ਪ੍ਰੋਡੂਸਰ ਅਤੇ ਡਾਇਰੈਕਟਰ ਅਤੇ ਕਲਾਕਾਰਾਂ ਨੇ ਇਸ ਦੀ ਕਾਫੀ ਪਬਲਿਸਿਟੀ ਕੀਤੀ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹ ਇਸ ਫਿਲਮ ਨੂੰ ਪਿਆਰ ਦੇਣਗੇ ਤਾਂ ਉਹ ਭਵਿੱਖ ਇਸੇ ਤਰ੍ਹਾਂ ਦੀਆਂ ਹੋਰ ਫਿਲਮਾਂ ਨੂੰ ਬਣਾਉਣ ਦਾ ਜੌਖਮ ਲੈ ਸਕਣਗੇ । ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਨਤਾ ਨੇ ਫਿਲਮ ਨੂੰ ਕਾਫੀ ਪਿਆਰ ਦਿੱਤਾ ਹੈ । ਮੰਨਿਆ ਜਾ ਰਿਹਾ ਹੈ ਕਿ ਫਿਲਮ ਮਸਤਾਨੇ ਆਉਣ ਵਲੇ ਦਿਨਾਂ ਵਿੱਚ 70 ਤੋਂ 75 ਕਰੋੜ ਤੱਕ ਦੀ ਕਮਾਈ ਤੱਕ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ ਫਿਲਮ ਦੇ ਸੈਟਲਾਇਟ ਅਤੇ OTT ਰਾਇਟਸ ਤੋਂ ਵੀ ਚੰਗੀ ਕਮਾਈ ਕਰ ਸਕਦੀ ਹੈ ।