Punjab

ਪ੍ਰਤਾਪ ਬਾਜਵਾ ਲੋਕਸਭਾ ਚੋਣਾਂ ਲਈ ‘ਆਪ’ ਨਾਲ ਗਠਜੋੜ ਲਈ ਰਾਜ਼ੀ ! ਕਿਹਾ ‘ਕੇਰਲਾ ਵਰਗਾ ਫਾਰਮੂਲਾ ਪੰਜਾਬ ‘ਚ ਹੋਵੇ ਤੈਅ’ !

ਬਿਉਰੋ ਰਿਪੋਰਟ : ਪੰਜਾਬ ਵਿੱਚ INDIA ਗਠਜੋੜ ਨੂੰ ਲੈਕੇ ਆਪ ਅਤੇ ਕਾਂਗਰਸ ਦੇ ਸਖਤ ਸੁਰ ਹੁਣ ਢਿੱਲੇ ਪੈਂਦੇ ਹੋਏ ਨਜ਼ਰ ਆ ਰਹੇ ਹਨ । ਪਹਿਲਾਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਸ਼ਾਰਾ ਕੀਤਾ ਸੀ ਕਿ ਦੇਸ਼ ਹਿੱਤ ਅਤੇ ਜਮਹੂਰੀਅਤ ਦੀ ਰਾਖੀ ਦੇ ਲਈ ਗਠਜੋੜ ਬਣਾਇਆ ਗਿਆ ਹੈ । ਪੰਜਾਬ ਵਿੱਚ ਵੀ ਛੋਟੀਆਂ ਮੋਟੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਵੇਗਾ । ਹੁਣ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੀ INDIA ਗਠਜੋੜ ਦਾ ਕੇਰਲਾ ਵਾਲਾ ਫਾਰਮੂਲਾ ਪੰਜਾਬ ਵਿੱਚ ਲਾਗੂ ਕਰਨ ਦੀ ਹਮਾਇਤ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਕੇਰਲਾ ਵਿੱਚ CPM ਸਰਕਾਰ ਵਿੱਚ ਹੈ ਅਤੇ ਕਾਂਗਰਸ ਵਿਰੋਧੀ ਧਿਰ ਵਿੱਚ ਪਰ ਜਦੋਂ ਲੋਕਸਭਾ ਦੀਆਂ ਚੋਣਾਂ ਦੇ ਨਤੀਜੇ ਆਉਣਗੇ ਤਾਂ ਦੋਵਾਂ ਪਾਰਟੀਆਂ ਦੇ ਲੋਕਸਭਾ ਦੇ ਮੈਂਬਰ ਇਕੱਠੇ ਹੋ ਜਾਣਗੇ । ਯਾਨੀ ਲੋਕਸਭਾ ਚੋਣਾਂ ਦੌਰਾਨ ਦੋਵੇ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਉਮੀਦਵਾਰ ਮੈਦਾਨ ਵਿੱਚ ਜ਼ਰੂਰ ਉਤਾਰਨਗੇ । ਇਸੇ ਤਰ੍ਹਾਂ ਪੰਜਾਬ ਦੀਆਂ 13 ਲੋਕਸਭਾ ਸੀਟਾਂ ‘ਤੇ ਆਪ ਅਤੇ ਕਾਂਗਰਸ ਭਾਵੇ ਇੱਕ ਦੂਜੇ ਦੇ ਖਿਲਾਫ ਲੜਨਗੇ ਪਰ ਜਦੋਂ ਗੱਲ ਕੇਂਦਰ ਵਿੱਚ ਸਰਕਾਰ ਬਣਾਉਣ ਦੀ ਹੋਵੇਗੀ ਤਾਂ ਦੋਵਾਂ ਦੇ ਲੋਕਸਭਾ ਦੇ ਮੈਂਬਰ ਇਕੱਠੇ ਰਲ ਕੇ ਸਰਕਾਰ ਬਣਾਉਣਗੇ ।

ਹੁਣ ਤੱਕ ਪ੍ਰਤਾਪ ਸਿੰਘ ਬਾਜਵਾ ਆਪ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਹੋਣ ਦੀ ਗੱਲ ਕਹਿੰਦੇ ਸਨ ਪਰ ਹੁਣ ਉਨ੍ਹਾਂ ਦੇ ਸੁਰ ਵਿੱਚ ਨਰਮੀ ਜ਼ਰੂਰ ਵੇਖੀ ਗਈ ਹੈ । ਪ੍ਰਤਾਪ ਸਿੰਘ ਬਾਜਵਾ ਨੇ ਕਿਹਾ INDIA ਗਠਜੋੜ ਬੀਜੇਪੀ ਨੂੰ ਰੋਕਣ ਦੇ ਲਈ ਬਣਾਇਆ ਗਿਆ ਹੈ ਅਤੇ ਇਸ ਦਾ ਮਕਸਦ ਵੱਡਾ ਹੈ । ‘ਇੱਕ ਦੇਸ਼ ਇੱਕ ਚੋਣ’ ਦੇ ਵਿਰੋਧ ਵਿੱਚ ਬੋਲ ਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਪੀਐੱਮ ਮੋਦੀ ਨੂੰ ਸਵਾਲ ਪੁੱਛਿਆ ਕਿ ਜਦੋਂ ਉਨ੍ਹਾਂ ਦੀ ਸਰਕਾਰ ਪਿਛਲੀ ਵਾਰ ਬਣੀ ਸੀ ਤਾਂ ਉਹ ਇੱਕ ਸਾਲ ਦੇ ਅੰਦਰ ਚੋਣ ਕਰਵਾਉਂਦੇ ਅਤੇ ਉਦਾਹਰਣ ਪੇਸ਼ ਕਰਦੇ ਹੁਣ ਸਰਕਾਰ ਦਾ ਸਮਾਂ ਪੂਰਾ ਹੋ ਗਿਆ ਹੈ ਅਤੇ ਹੁਣ ਉਹ ਇੱਕ ਦੇਸ਼ ਇੱਕ ਚੋਣ ਦਾ ਰਾਗ ਅਲਾਪ ਰਹੇ ਹਨ । ਬਾਜਵਾ ਨੇ ਕਿਹਾ ਅਸੀਂ ਨਹੀਂ ਚਾਹੁੰਦੇ ਹਾਂ ਕਿ ਪੰਜਾਬ ਸਮੇਤ ਹਿਮਾਚਲ,ਗੁਜਰਾਤ,ਕਰਨਾਟਕਾ ਵਰਗੇ ਉਨ੍ਹਾਂ ਸੂਬਿਆਂ ਵਿੱਚ 8 ਮਹੀਨੇ ਤੋਂ ਡੇਢ ਸਾਲ ਦੇ ਅੰਦਰ ਚੋਣਾਂ ਮੁੜ ਹੋਣ ਜਦਕਿ ਜਨਤਾ ਨੇ 5 ਸਾਲ ਦਾ ਬਹੁਮਤ ਦਿੱਤਾ ਹੈ ।

ਬਾਜਵਾ ਨੇ ਬੀਜੇਪੀ ‘ਤੇ ਇਲਜ਼ਾਮ ਲਗਾਇਆ ਕਿ ਉਹ ਅਮਰੀਕਾ ਦੀ ਤਰਜ ‘ਤੇ ਭਾਰਤ ਵਿੱਚ ਲੋਕਸਭਾ ਚੋਣਾ ਕਰਵਾਉਣਾ ਚਾਹੁੰਦੇ ਹਨ । ਜਿਸ ਤਰ੍ਹਾਂ ਅਮਰੀਕਾ ਇੱਕ ਸ਼ਖਸ ਰਾਸ਼ਟਰਪਤੀ ਦੀ ਚੋਣ ਲਈ ਖੜਾ ਹੁੰਦਾ ਹੈ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੀ ਚੋਣ ਸਿੱਧੇ ਤੌਰ ‘ਤੇ ਕਰਵਾਈ ਜਾਵੇ । ਬਾਜਵਾ ਨੇ ਕਿਹਾ ਬੀਜੇਪੀ ਘਬਰਾ ਰਹੀ ਹੈ ਲੋਕਾਂ ਦੇ ਗੁੱਸੇ ਤੋਂ ਉਨ੍ਹਾਂ ਨੂੰ ਲੱਗ ਦਾ ਹੈ ਕਿ ਲੋਕਸਭਾ ਵਿੱਚ ਉਨ੍ਹਾਂ ਦਾ ਬਹੁਮਤ ਨਹੀਂ ਆਵੇਗਾ ਇਸੇ ਲਈ ਉਹ ਹੁਣ ਦੂਜੇ ਰਸਤੇ ਤੋਂ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵੇਖਣਾ ਚਾਹੁੰਦੀ ਹੈ ।