Punjab

ਕੈਨੇਡਾ ‘ਚ ‘PR’ ਮਿਲਣ ਦੀ ਖੁਸ਼ੀ ਅਕਾਸ਼ਦੀਪ ਦੀ ਜ਼ਿੰਦਗੀ ‘ਤੇ ਭਾਰੀ ਪੈ ਗਈ !

ਬਿਉਰੋ ਰਿਪੋਰਟ : ਹੁਸ਼ਿਆਰਪੁਰ ਤੋਂ ਲਗਾਤਾਰ ਦੂਜੇ ਦਿਨ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਪਰੇਸ਼ਾਨ ਕਰ ਦਿੱਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸੀਕਰੀ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਦੀ ਝੀਲ ਵਿੱਚ ਡੁੱਬਣ ਦੀ ਵਜ੍ਹਾ ਕਰਕੇ ਮੌਤ ਹੋ ਗਈ। ਆਕਾਸ਼ਦੀਪ ਨੂੰ ਤਕਰੀਬਨ 5 ਸਾਲ ਬਾਅਦ ਸਟੱਡੀ ਵੀਜ਼ਾ ‘ਤੇ ਕੈਨੇਡਾ ਦੀ PR ਮਿਲੀ ਸੀ। ਤਕਰੀਬਨ 10 ਦਿਨ ਪਹਿਲਾਂ ਹੀ ਉਸ ਨੂੰ ਕੈਨੇਡਾ ਦੀ ਪਰਮਾਨੈਂਟ ਰੈਸੀਡੈਂਟਸ਼ਿਫ ਮਿਲਣ ਦੀ ਖ਼ੁਸ਼ੀ ਨਸੀਬ ਹੋਈ ਸੀ । ਇਸ ਨੂੰ ਲੈ ਕੇ ਉਹ ਜਸ਼ਨ ਮਨਾਉਣ ਦੇ ਲਈ ਦੋਸਤਾਂ ਦੇ ਨਾਲ ਚਾਰ ਦਿਨ ਪਹਿਲਾਂ ਓਨਟਾਰੀਓ ਵਿੱਚ ਪੋਰਟ ਪੈਰੀ ਝੀਲ ਗਿਆ ਸੀ, ਜਿੱਥੇ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ।

ਉਸ ਦੇ ਦੋਸਤਾਂ ਮੁਤਾਬਕ ਉਨ੍ਹਾਂ ਨੇ ਆਕਾਸ਼ਦੀਪ ਨੂੰ ਬਚਾਉਣ ਦੀ ਕਾਫ਼ੀ ਕੋਸ਼ਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਉਸ ਦੀ ਲਾਸ਼ ਝੀਲ ਤੋਂ ਮਿਲੀ ਹੈ । ਮ੍ਰਿਤਕ ਆਕਾਸ਼ਦੀਪ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ । ਉਸ ਦੀ ਮਾਂ ਜਤਿੰਦਰ ਕੌਰ ਆਪਣੇ ਮਾਪਿਆਂ ਕੋਲ ਹੀ ਰਹਿੰਦੀ ਹੈ ਅਤੇ ਆਕਾਸ਼ਦੀਪ ਉਸ ਦਾ ਇਕਲੌਤਾ ਪੁੱਤਰ ਸੀ । ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ ਦੀ ਮੌਤ ਦੀ ਖ਼ਬਰ ਕੈਨੇਡਾ ਤੋਂ ਆਈ ਸੀ ।

2 ਦਿਨਾਂ ਵਿੱਚ ਕੈਨੇਡਾ ਤੋਂ ਤੀਜੇ ਨੌਜਵਾਨ ਦੀ ਮੌਤ

4 ਸਾਲ ਪਹਿਲਾਂ ਸਚਿਨ ਕੈਨੇਡਾ ਗਿਆ ਸੀ । ਪਰਿਵਾਰ ਮੁਤਾਬਿਕ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਪੁੱਤਰ ਦੀ ਤੇਜ਼ ਬੁਖ਼ਾਰ ਦੀ ਵਜ੍ਹਾ ਕਰਕੇ ਮੌਤ ਹੋਈ ਹੈ । 26 ਸਾਲ ਦਾ ਸਚਿਨ ਪਿਤਾ ਬਿਸ਼ਨ ਦਾਸ ਦਾ ਇਕਲੌਤਾ ਪੁੱਤ ਸੀ ਉਹ 2019 ਵਿੱਚ ਪੜਾਈ ਕਰਨ ਦੇ ਲਈ ਕੈਨੇਡਾ ਗਿਆ ਸੀ । ਕੁਝ ਸਮੇਂ ਦੇ ਬਾਅਦ ਭੈਣ ਵੀ ਕੈਨੇਡਾ ਚੱਲੀ ਗਈ ਦੋਵੇਂ ਭੈਣ-ਭਰਾ ਨਾਲ ਹੀ ਰਹਿੰਦੇ ਸਨ ।

ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਪੜਾਈ ਦੇ ਬਾਅਦ ਸਚਿਨ ਉੱਥੇ ਕੰਮ ਕਰ ਰਿਹਾ ਸੀ । ਬੀਤੀ ਰਾਤ 9 ਵਜੇ ਦੇ ਕਰੀਬ ਪੁੱਤਰ ਨਾਲ ਗੱਲ ਹੋਈ ਉਹ ਉਸ ਵੇਲੇ ਕੰਮ ਖ਼ਤਮ ਕਰਕੇ ਘਰ ਵਾਪਸ ਆ ਰਿਹਾ ਸੀ। ਪੁੱਤਰ ਨੇ ਦੱਸਿਆ ਕਿ ਉਸ ਨੂੰ ਥੋੜ੍ਹਾ ਬੁਖ਼ਾਰ ਹੈ ਤਾਂ ਮੈਂ ਉਸ ਨੂੰ ਕਿਹਾ ਘਰ ਪਹੁੰਚਣ ਤੋਂ ਪਹਿਲਾਂ ਉਹ ਰਸਤੇ ਵਿੱਚ ਦਵਾਈ ਲੈ ਕੇ ਜਾਵੇ । ਪੁੱਤਰ ਘਰ ਪਹੁੰਚਿਆ ਇਸ ਦੇ ਬਾਅਦ ਧੀ ਨਾਲ ਗੱਲ ਹੋਈ ਉਸ ਨੂੰ ਸਚਿਨ ਦਾ ਖ਼ਿਆਲ ਰੱਖਣ ਨੂੰ ਕਿਹਾ ਤਕਰੀਬਨ 2 ਘੰਟੇ ਬਾਅਦ ਧੀ ਦਾ ਫ਼ੋਨ ਆਇਆ ਉਸ ਨੇ ਦੱਸਿਆ ਕਿ ਸਚਿਨ ਨੂੰ ਹਸਪਤਾਲ ਲੈ ਕੇ ਆਏ ਹਾਂ ।

ਥੋੜ੍ਹੀ ਦੇ ਬਾਅਦ ਧੀ ਨੇ ਦੱਸਿਆ ਕਿ ਡਾਕਟਰਾਂ ਨੇ ਸਚਿਨ ਨੂੰ ਮ੍ਰਿਤਕ ਐਲਾਨਿਆ ਹੈ । ਸਚਿਨ ਦੀ ਮੌਤ ਬੁਖ਼ਾਰ ਦੀ ਵਜ੍ਹਾ ਕਰਕੇ ਹੋਈ ਜਾਂ ਫਿਰ ਕਿਸੇ ਹੋਰ ਵਜ੍ਹਾ ਨਾਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ 2 ਦਿਨ ਤੱਕ ਰੱਖਿਆ ਜਾਵੇਗਾ । ਪਰਿਵਾਰ ਨੇ ਸਰਕਾਰ ਤੋਂ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮਦਦ ਮੰਗੀ ਹੈ । ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਨੇ ਪੀੜਤ ਪਰਿਵਾਰ ਨੂੰ ਫ਼ੋਨ ਕਰਕੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਪਰਿਵਾਰ ਦੀ ਹਰ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਤੋਂ ਪਹਿਲਾਂ ਬਰਨਾਲਾ ਦੀ 22 ਸਾਲਾ ਮਨਪ੍ਰੀਤ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖ਼ਬਰ ਸਾਹਮਣੇ ਆਈ ਸੀ । 18 ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਸੀ। ਮਨਪ੍ਰੀਤ ਕੌਰ ਬਰਨਾਲਾ ਦੀ ਰਹਿਣ ਵਾਲੀ ਸੀ। ਮਨਪ੍ਰੀਤ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਡਾਕਟਰ ਦਾ ਫ਼ੋਨ ਆਇਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਧੀ ਦੇ ਨਾਲ ਰਹਿਣ ਵਾਲੀਆਂ ਕੁੜੀਆਂ ਨੇ ਦੱਸਿਆ ਕਿ ਮਨਪ੍ਰੀਤ ਨੂੰ ਉਲਟੀ ਹੋਈ ਸੀ ਅਤੇ ਫਿਰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ । ਪਿਤਾ ਮੁਤਾਬਕ ਉਸ ਦੇ ਦੋਸਤਾਂ ਨੇ ਹੀ ਮਨਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ । ਪਰ ਉੱਥੇ ਕੁਝ ਦੇਰ ਬਾਅਦ ਸਾਹ ਰੁਕ ਗਏ ਡਾਕਟਰਾਂ ਨੇ ਉੱਥੇ ਮਨਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ ।