Punjab

ਅਵਤਾਰ ਸਿੰਘ ਖੰਡਾ ਦੇ ਸਸਕਾਰ ਦੀ ਮਾਂ ਨੇ ਤਰੀਕ ਬਦਲੀ ! ਸਿੱਖ ਸੰਗਤ ਨੂੰ ਕੀਤੀ ਵੱਡੀ ਅਪੀਲ!

ਬਿਉਰੋ ਰਿਪੋਰਟ : ਅਵਤਾਰ ਸਿੰਘ ਖੰਡਾ ਦੇ ਸਸਕਾਰ ਦੀ ਤਰੀਕ ਇੱਕ ਵਾਰ ਮੁੜ ਤੋਂ ਬਦਲ ਦਿੱਤੀ ਗਈ ਹੈ । UK ਦੀ ਸਿੱਖ ਸੰਗਤ ਨੇ ਖੰਡਾ ਦੀ ਮਾਂ ਚਰਨਜੀਤ ਕੌਰ ਨੂੰ ਸਸਕਾਰ ਦੀ ਤਰੀਕ ਤੈਅ ਕਰਨ ਲਈ ਕਿਹਾ ਸੀ । ਪਹਿਲਾਂ ਤੈਅ ਹੋਇਆ ਸੀ ਕਿ 5 ਅਗਸਤ ਨੂੰ ਸਸਕਾਰ ਕੀਤਾ ਜਾਣਾ ਹੈ ਪਰ ਹੁਣ ਤਰੀਕ ਬਦਲ ਦਿੱਤੀ ਗਈ ਹੈ ।

ਖੰਡਾ ਦਾ ਸਸਕਾਰ ਬ੍ਰਿਟੇਨ ਦੇ ਸਮੇਥਵਿਕ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿੱਚ ਕੀਤਾ ਜਾਣਾ ਹੈ । ਮਾਂ ਚਰਨਜੀਤ ਕੌਰ ਨੇ ਸਾਰਿਆਂ ਨੂੰ 12 ਅਗਸਤ ਦੇ ਦਿਨ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ । ਇਨ੍ਹਾਂ ਹੀ ਨਹੀਂ ਸਸਕਾਰ ਲਈ ਸਿੱਖ ਭਾਈਚਾਰੇ ਕੋਲੋ ਮਦਦ ਵੀ ਮੰਗੀ ਹੈ ।

ਅਵਤਾਰ ਸਿੰਘ ਖੰਡਾ ਦਾ ਦਿਹਾਂਤ 15 ਜੂਨ ਨੂੰ ਲੰਦਨ ਦੇ ਇੱਕ ਹਸਪਤਾਲ ਵਿੱਚ ਹੋਇਆ ਸੀ । ਉਹ ਬਲਡ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ । ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਕੇ ਖੰਡਾ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕੀਤੀ ਸੀ । ਜਿਸ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। ਅਦਾਲਤ ਨੇ ਪੁੱਛਿਆ ਸੀ ਕਿ ਖੰਡਾ ਭਾਰਤ ਦਾ ਨਾਗਰਿਕ ਹੈ ਜਾਂ ਫਿਰ ਬ੍ਰਿਟੇਨ ਦਾ ਜਿਸ ਦਾ ਜਵਾਬ ਭਾਰਤੀ ਹਾਈਕਮਿਸ਼ਨ ਨੇ ਯੂਕੇ ਦੀ ਸਰਕਾਰ ਤੋਂ ਮੰਗਿਆ ਸੀ ।

ਇਸ ਦੇ ਨਾਲ ਮਾਂ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਸਿੰਘ ਨੇ UK ਜਾਣ ਦੇ ਲ਼ਈ ਵੀਜਾ ਅਪਲਾਈ ਕੀਤਾ ਸੀ ਜਿਸ ਨੂੰ ਬ੍ਰਿਟੇਨ ਦੀ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸੇ ਲਈ ਪਹਿਲਾਂ ਖੰਡਾ ਦਾ ਸਸਕਾਰ ਕਰਨ ਦੀ ਤਰੀਕ 5 ਅਗਸਤ ਨੂੰ ਤੈਅ ਹੋਈ ਸੀ । ਹਾਈਕੋਰਟ ਅਤੇ ਬ੍ਰਿਟੇਨ ਦੀ ਸਰਕਾਰ ਵੱਲੋਂ ਵੀਜ਼ਾ ਮਨਜ਼ੂਰ ਨਾ ਕਰਨ ਦੀ ਵਜ੍ਹਾ ਕਰਕੇ ਹੁਣ ਪਰਿਵਾਰ ਨੇ 12 ਅਗਸਤ ਨੂੰ ਸਸਕਾਰ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪਰਿਵਾਰ ਮੁੜ ਤੋਂ UK ਜਾਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ । ਪਰ ਪਰਿਵਾਰ ਦੇ ਕਿਸੇ ਮੈਂਬਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ।ਵੀਜ਼ਾ ਰੱਦ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ,ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਨਾ ਦੱਸਿਆ ਹੈ । ਉਨ੍ਹਾਂ ਨੇ ਕਿਹਾ ਕਿ ਅੰਤਿਮ ਸਸਕਾਰ ਵਿੱਚ ਪਰਿਵਾਰ ਨੂੰ ਸ਼ਾਮਲ ਹੋਣ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ । SGPC ਨੇ ਵੀ ਯੂਕੇ ਦੀ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਅਤੇ ਵੀਜ਼ਾ ਦੇਣ ਦੀ ਮੰਗ ਕੀਤੀ ਹੈ ।

ਖੰਡਾ ਦੇ ਭਾਰਤੀ ਹੋਣ ਦਾ ਸਬੂਤ ਮੰਗਿਆ ਹਾਈਕੋਰਟ ਨੇ

ਹਾਈਕੋਰਟ ਨੇ ਭੈਣ ਜਸਪ੍ਰੀਤ ਕੌਰ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਜਿਸ ਦਾ ਜਵਾਬ ਦਿੰਦੇ ਹੋਏ ਕੇਂਦਰ ਸਰਕਾਰ ਨੇ ਸਾਫ ਕਿਹਾ ਹੈ ਕਿ ਖੰਡਾ ਨੂੰ ਲੈਕੇ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਸਾਬਿਤ ਹੋ ਸਕੇ ਕਿ ਉਹ ਭਾਰਤੀ ਨਾਗਰਿਕ ਹੈ । ਜਦਕਿ ਖੰਡਾ ਦੀ ਸਾਰੀ ਪੜਾਈ ਭਾਰਤ ਵਿੱਚ ਹੀ ਹੋਈ ਹੈ । ਇਸ ਤੋਂ ਬਾਅਦ ਕੋਰਟ ਨੇ ਪਰਿਵਾਰ ਨੂੰ ਖੰਡਾ ਦੀ ਨਾਗਰਿਕਤਾ ਸਾਬਿਤ ਕਰਨ ਲਈ ਕਿਹਾ ਸੀ ।

ਅੰਮ੍ਰਿਤਪਾਲ ਦੀ ਪਤਨੀ ਖੰਡਾ ਦੇ ਸਸਕਾਰ ‘ਚ ਸ਼ਾਮਲ ਹੋਣਾ ਚਾਹੁੰਦੀ ਸੀ

ਅਵਤਾਰ ਸਿੰਘ ਖੰਡਾ ਨੂੰ ਅੰਮ੍ਰਿਤਪਾਲ ਸਿੰਘ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ । ਖੰਡਾ ਦੇ ਦਿਹਾਂਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਯੂਕੇ ਜਾਣਾ ਚਾਹੁੰਦੀ ਹੈ। ਉਹ 2 ਵਾਰ ਯੂਕੇ ਜਾਣ ਦੇ ਲਈ ਏਅਰਪੋਰਟ ਪਹੁੰਚੀ ਪਰ ਹਰ ਵਾਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ । ਉਨ੍ਹਾਂ ਨੇ ਦੱਸਿਆ ਸੀ ਕਿ ਉਹ ਖੰਡਾ ਦੇ ਸਸਕਾਰ ਵਿੱਚ ਸ਼ਾਮਲ ਹੋਣ ਜਾਣਾ ਚਾਹੁੰਦੀ ਹਨ ।