ਮਾਨਸਾ : ਲੱਖਾ ਸਿਧਾਣਾ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿੱਚ ਮਾਨਸਾ ਵਿੱਚ ਚੱਲ ਰਹੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਪਹੁੰਚਿਆ। ਇਸ ਮੌਕੇ ਸਿਧਾਣਾ ਨੇ ਕਿਹਾ ਕਿ ਲੋਕਾਂ ਨੇ ਜੇ ਆਪਣੇ ਪੱਧਰ ਉੱਤੇ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਸਰਕਾਰ ਉਸਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਸਿਧਾਣਾ ਨੇ ਦੱਸਿਆ ਕਿ 14 ਅਗਸਤ ਨੂੰ ਇੱਥੇ ਵੱਡਾ ਇਕੱਠ ਹੈ, ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚਣਗੇ। ਸਿਧਾਣਾ ਨੇ ਮੰਗ ਕੀਤੀ ਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਸਰਕਾਰ ਦੇ ਖਿਲਾਫ਼ ਅਰਥੀ ਫੂਕ ਮੁਜ਼ਾਹਰੇ, ਰੋਸ ਮਾਰਚ ਕੱਢੇ ਜਾਣ।
ਲੱਖਾ ਸਿਧਾਣਾ ਨੇ ਦੱਸਿਆ ਕਿ ਮੇਰੇ ਪਿੰਡ ਰੋਜ਼ ਹੀ ਕਿਲੋ, ਡੇਢ ਕਿਲੋ ਚਿੱਟਾ ਵਿਕਦਾ ਹੈ। ਮੈਂ ਪ੍ਰਸ਼ਾਸਨ ਨੂੰ ਕਈ ਚਿੱਠੀਆਂ ਲਿਖ ਚੁੱਕਾ ਹਾਂ, ਨਸ਼ਾ ਤਸਕਰਾਂ ਦਾ ਨਾਮ ਦੱਸ ਚੁੱਕਾ ਹਾਂ ਪਰ ਮੇਰੇ ਪਿੰਡ ਵਿੱਚ ਹਾਲੇ ਤੱਕ ਰੇਡ ਨਹੀਂ ਮਾਰੀ ਗਈ। ਮੋਟੇ ਤੌਰ ਉੱਤੇ ਇਸ ਵੇਲੇ ਮੇਰਾ ਪਿੰਡ ਨਸ਼ੇ ਦਾ ਹੱਬ ਬਣਿਆ ਪਿਆ ਹੈ।
ਪੰਜਾਬ ਦਾ ਮੁੱਖ ਮੰਤਰੀ ਕਦੇ ਸੁਖਬੀਰ ਬਾਦਲ ਦੀ ਫੋਟੋ ਪਾ ਕੇ ਟਿੱਪਣੀ ਕਰਨ ਲੱਗ ਪੈਂਦਾ ਹੈ, ਕਦੇ ਕੋਈ ਸਾਧ ਦੀ, ਕਦੇ ਚੋਰ ਦੀ ਕਹਾਣੀ ਸੁਣਾ ਰਿਹਾ ਹੁੰਦਾ ਹੈ। ਏਦਾਂ ਲੱਗਦਾ ਹੈ ਜਿਵੇਂ ਉਹ ਕੋਈ ਮੁੱਖ ਮੰਤਰੀ ਨਹੀਂ ਹੈ ਬਲਕਿ ਪੰਜਾਬ ਵਿੱਚ ਕਾਮੇਡੀ ਸ਼ੋਅ ਚੱਲ ਰਿਹਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ 15 ਅਗਸਤ ਤੱਕ ਗਿਰਦਾਉਰੀਆਂ ਕਰਾ ਕੇ ਮਰੀ ਹੋਈ ਮੁਰਗੀ ਤੱਕ ਦਾ ਵੀ ਮੁਆਵਜ਼ਾ ਦੇਵਾਂਗਾ ਪਰ ਕੀ ਹਾਲੇ ਤੱਕ ਕਿਸੇ ਕੋਲ ਕੋਈ ਮਦਦ ਪਹੁੰਚੀ ਹੈ। ਸੀਐੱਮ ਮਾਨ ਸਾਡੇ ਨਾਲ ਜ਼ਜ਼ਬਾਤੀ ਖੇਡ ਖੇਡ ਰਿਹਾ ਹੈ।
ਸਿਧਾਣਾ ਨੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਬਾਰੇ ਬੋਲਦਿਆਂ ਕਿਹਾ ਕਿ ਉਸ ਉੱਤੇ ਕੋਈ ਮੁਕੱਦਮਾ ਦਰਜ ਨਹੀਂ ਹੈ ਪਰ ਉਸਨੂੰ ਤਿੰਨ ਵਾਰ ਇੰਗਲੈਂਡ ਜਾਣ ਤੋਂ ਰੋਕਿਆ ਗਿਆ ਹੈ। ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਹੈ ਪਰ ਜੇ ਪਰਿਵਾਰ ਨੇ ਇੰਗਲੈਂਡ ਜਾ ਕੇ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਵੀਜ਼ਾ ਮੰਗਿਆ ਤਾਂ ਉਹ ਵੀ ਨਹੀਂ ਦਿੱਤਾ ਗਿਆ ਕਿਉਂਕਿ ਅਸੀਂ ਸਿੱਖ ਹਾਂ।
ਹਰਿਆਣਾ ਵਿੱਚ ਅੱਜ ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਜ਼ਿੰਮੇਵਾਰ ਕੌਣ ਹੈ। ਗੋਦੀ ਮੀਡੀਆ ਸਿਰਫ਼ ਇਹੀ ਖਬਰਾਂ ਚਲਾ ਰਿਹਾ ਹੈ ਹਿੰਸਾ ਵਿੱਚ ਪੰਜਾਬ ਦੇ ਨੰਬਰ ਵਾਲੀ ਗੱਡੀ ਵੇਖੀ ਗਈ ਹੈ, ਭਾਵ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਜੂਦਾ ਵਾਪਰ ਰਹੀਆਂ ਘਟਨਾਵਾਂ ਦਾ ਸੇਕ ਪੂਰੇ ਭਾਰਤ ਨੂੰ ਲੱਗਣਾ ਹੈ।