ਕੈਨੇਡਾ : ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਲੱਖਾਂ ਨੌਜਵਾਨ ਹਰ ਸਾਲ ਪੰਜਾਬ ਵਿੱਚੋਂ ਵਿਦੇਸ਼ਾਂ ਵਿੱਚ ਜਾ ਰਹੇ ਹਨ। ਚੰਗੇ ਭਵਿੱਖ ਦੀ ਤਲਾਸ਼ ਵਿੱਚ ਸੱਤ ਸਮੁੰਦਰੋਂ ਪਾਰ ਗਏ ਨੌਜਵਾਨਾਂ ਨਾਲ ਵਾਪਰ ਰਹੀਆਂ ਘਟਨਾਵਾਂ ਵੀ ਚਿੰਤਾ ਦਾ ਵਿਸ਼ਾ ਹੈ। ਇੱਕ ਬਾਰ ਫਿਰ ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਵੈਨਕੂਵਰ ਦੀ ਮੇਨ ਸਟਰੀਟ ਅਤੇ ਈਸਟ 12 ਐਵਿਨਿਊ ਦੀ ਇੰਟਰ ਸੈਕਸ਼ਨ ’ਤੇ 31 ਜੁਲਾਈ ਸਵੇਰੇ 1:30 ਵਜੇ ਭਿਆਨਕ ਹਾਦਸਾ ਵਾਪਰਿਆ ਸੀ। ਜਿਸ ’ਚ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਗਰੇਵਾਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 17 ਸਾਲ ਦੇ ਕਲਾਸ 7 ਡਰਾਈਵਰ ਨੇ ਲਾਲ ਰੰਗ ਦੀ ਕੈਡੀਲੈਕ ਨਾਲ ਉਬਰ ਡਰਾਈਵਰ ਦਿਲਪ੍ਰੀਤ ਸਿੰਘ ਦੇ ਵਾਹਨ ਤੇ ਇਕ ਹੋਰ ਟੈਕਸੀ ’ਚ ਟੱਕਰ ਮਾਰੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦਿਲਪ੍ਰੀਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਬਾਕੀ 7 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ।
27 ਸਾਲਾ ਦਿਲਪ੍ਰੀਤ ਸਿੰਘ ਗਰੇਵਾਲ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਆਵਾ ਨਾਲ ਸਬੰਧਿਤ ਸੀ। ਮ੍ਰਿਤਕ ਨੌਜੁਆਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦਿਲਪ੍ਰੀਤ ਸਾਲ 2015 ’ਚ ਬਤੌਰ ਸਟੂਡੈਂਟ ਕੈਨੇਡਾ ਆਇਆ ਸੀ ਅਤੇ ਹੁਣ ਰਾਈਡ ਹੇਲਿੰਗ ਡਰਾਈਵਰ ਸੀ। ਉਸ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਦਿਲਪ੍ਰੀਤ ਦੀ ਭੈਣ ਟੋਰਾਂਟੋ ਤੋਂ ਪਹੁੰਚੀ, ਜਦਕਿ ਉਸ ਦੇ ਮਾਪੇ ਭਾਰਤ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹਰੇਕ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ-ਕੁੜੀਆਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਜਾਂਦੇ ਹਨ ਤੇ ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉੱਥੇ ਜਾ ਕੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨਗੇ ਤੇ ਆਪਣਾ ਭਵਿੱਖ ਉੱਜਵਲ ਬਣਾਉਣਗੇ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਭਾਰਤ ਤੋਂ ਹਰ ਸਾਲ ਹਜਾਰਾਂ ਨੌਜਵਾਨ ਵਿਦੇਸੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ ਜੂਝਣਾ ਪੈਂਦਾ ਹੈ ਪਰ ਇਸ ਦੇ ਨਾਲ ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਡਲੇ ਜਿੰਦਗੀ ਦੇ ਸੰਘਰਸ਼ ਵਿੱਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।