International Punjab

ਪੰਜਾਬੀ ਨੌਜਵਾਨ ਨੂੰ ਲੈ ਕੇ ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ

ਅੰਮ੍ਰਿਤਸਰ : ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਨੌਜਵਾਨ ਦੀ ਪਛਾਣ 23 ਸਾਲਾਂ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਗੁਰਸਾਹਿਬ ਸਿੰਘ ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਪੜ੍ਹਾਈ ਕਰਨ ਗਿਆ ਸੀ। ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਜਲਦੀ ਹੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ।

ਗੁਰਸਾਹਿਬ ਸਿੰਘ ਦੀ ਮੌਤ ਸਬੰਧੀ ਉਨ੍ਹਾਂ ਦੇ ਮਾਮਾ ਸੁਖਚੈਨ ਸਿੰਘ ਸੁੱਖ ਭੰਗੂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਉਮਰ ਕਰੀਬ 23 ਸਾਲ ਪੁੱਤਰ ਪਲਵਿੰਦਰ ਸਿੰਘ ਬਾਠ ਪਿੰਡ ਮਹੱਧੀਪੁਰ ਪੁਲਿਸ ਥਾਣਾ ਮਜੀਠਾ 1 ਮਹੀਨਾ ਪਹਿਲਾਂ 13 ਮਾਰਚ, 2024 ਨੂੰ ਹੀ ਕੈਨੇਡਾ ਦੇ ਸਰੀ ਸ਼ਹਿਰ ਵਿਚ ਪੜ੍ਹਾਈ ਲਈ ਗਿਆ ਸੀ। 13 ਅਪ੍ਰੈਲ, 2024 ਨੂੰ ਜਦੋਂ ਉਹ ਕਾਲਜ ਤੋਂ ਪੈਦਲ ਆ ਰਿਹਾ ਸੀ ਤਾਂ ਅਚਾਨਕ ਇਕ ਵੱਡਾ ਸੜਕ ਹਾਦਸਾ ਵਾਪਰਿਆ।

ਉਨ੍ਹਾਂ ਦੱਸਿਆ ਕਿ 3 ਓਵਰ ਸਪੀਡ ਗੱਡੀਆਂ ਦੀ ਆਪਸ ’ਚ ਟੱਕਰ ਹੋ ਗਈ ਤੇ ਗੁਰਸਾਹਿਬ ਸਿੰਘ ਵੀ ਉਨ੍ਹਾਂ ਗੱਡੀਆਂ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਜਲਦੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ।