Punjab

NIA ਨੇ ਅਧਿਆਪਕ ਤੇ ਕਿਸਾਨ ਦੇ ਘਰ ਕੀਤੀ ਰੇਡ !

ਬਿਊਰੋ ਰਿਪੋਰਟ :

ਕੌਮੀ ਜਾਂਚ ਏਜੰਸੀ (NIA) ਵੱਲੋਂ 15 ਥਾਵਾਂ ‘ਤੇ ਰੇਡ ਮਾਰੀ ਗਈ ਹੈ । ਖ਼ਾਲਸਾ ਏਡ ਦੇ 2 ਗੁਦਾਮਾਂ ਅਤੇ ਸੰਸਥਾ ਦੇ ਪੰਜਾਬ ਵਿੱਚ ਮੁਖੀ ਅਮਰਪ੍ਰੀਤ ਸਿੰਘ ਤੋਂ ਇਲਾਵਾ ਏਜੰਸੀ ਨੇ ਇੱਕ ਅਧਿਆਪਕ ਦੇ ਘਰ ਵੀ ਰੇਡ ਮਾਰੀ ਗਈ ਹੈ। ਹੁਸ਼ਿਆਰਪੁਰ ਸਥਿਤ ਕਸਬਾ ਹਰਿਆਣਾ ਭੂੰਗਾ ਵਿੱਚ ਸਵੇਰ 6 ਵਜੇ NIA ਦੀ ਟੀਮ ਨੇ ਮੁਹੱਲਾ ਰਾਮਗੜ੍ਹੀਆਂ ਦੇ ਅਧਿਆਪਕ ਸਰਬਜੋਤ ਸਿੰਘ ਦੇ ਘਰ ਵਿੱਚ ਸਰਚ ਆਪ੍ਰੇਸ਼ਨ ਕੀਤਾ। NIA ਦੀ ਟੀਮ ਨੇ 2 ਘੰਟੇ ਤੱਕ ਪਰਿਵਾਰ ਤੋਂ ਪੁੱਛ-ਗਿੱਛ ਦੇ ਬਾਅਦ ਸਰਬਜੋਤ ਦਾ ਮੋਬਾਈਲ ਨਾਲ ਲੈ ਗਈ। ਉਨ੍ਹਾਂ ਨੂੰ 3 ਅਗਸਤ ਨੂੰ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ।

ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕੀ ਸਵੇਰੇ ਟੀਮ ਘਰ ਪਹੁੰਚੀ ਸੀ। ਉਨ੍ਹਾਂ ਨੇ ਸਰਬਜੀਤ ਸਿੰਘ ਤੋਂ ਪੁੱਛ-ਗਿੱਛ ਕੀਤੀ, ਪਰ ਪੁੱਤਰ ਸਰਬਜੋਤ ਸਿੰਘ ਘਰ ਨਹੀਂ ਸੀ। ਉਹ ਆਪਣੇ ਮਾਮੇ ਦੇ ਘਰ ਗਿਆ ਹੋਇਆ ਸੀ । ਜਿਸ ਦੇ ਬਾਅਦ ਟੀਮ ਪਿਤਾ ਨੂੰ ਮਾਮੇ ਦੇ ਘਰ ਲੈ ਗਈ ਅਤੇ ਫਿਰ ਸਰਬਜੋਤ ਨੂੰ ਵਾਪਸ ਘਰ ਲਿਆਈ ।

ਉਨ੍ਹਾਂ ਨੇ ਕਿਹਾ ਇਸ ਸਾਲ ਵਿਸਾਖੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜਥੇ ਨਾਲ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ ਸੀ। 10 ਦਿਨ ਬਾਅਦ ਘਰ ਵਾਪਸੀ ਕੀਤੀ ਸੀ। ਉਨ੍ਹਾਂ ਕਿਹਾ NIA ਦੀ ਟੀਮ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਸਹਿਯੋਗ ਕਰੇਗਾ। ਆਉਣ ਵਾਲੇ ਦਿਨਾਂ ਵਿੱਚ ਦਿੱਲੀ ਆਫ਼ਿਸ ਵਿੱਚ ਉਨ੍ਹਾਂ ਦਾ ਪੁੱਤਰ ਜਾਵੇਗਾ ਅਤੇ ਜਾਂਚ ਵਿੱਚ ਸ਼ਾਮਲ ਹੋਵੇਗਾ । ਪਿਤਾ ਨੇ ਦੱਸਿਆ ਕਿ ਪੁੱਤਰ ਸਰਬਜੋਤ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਦਿੱਤੀ ਹੈ । ਪਰਿਵਾਰ ਨੂੰ ਇਹ ਨਹੀਂ ਪਤਾ ਕਿ ਟੀਮ ਇੱਥੇ ਕਿਉਂ ਆਈ ਹੈ। ਉੱਧਰ ਮੁਕਤਸਰ ਵਿੱਚ ਇੱਕ ਕਿਸਾਨ ਦੇ ਘਰ ਵੀ ਰੇਡ ਹੋਈ ਹੈ ।

ਕਿਸਾਨ ਦੇ ਘਰ ਰੇਡ

ਮੁਕਤਸਰ ਵਿੱਚ ਹਲਕਾ ਮਲੋਟ ਸਥਿਤ ਪਿੰਡ ਸਾਰਵਾ ਬੋਦਲਾ ਵਿੱਚ ਸਵੇਰ NIA ਟੀਮ ਨੇ ਕਿਸਾਨ ਆਗੂ ਸਤਨਾਮ ਸਿੰਘ ਢਾਣੀ ‘ਤੇ ਰੋਡ ਕੀਤੀ । NIA ਦੇ ਅਧਿਕਾਰੀਆਂ ਵੱਲੋਂ ਤਕਰੀਬਨ 2 ਘੰਟੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ । NIA ਦੀ ਰੇਡ ਦੇ ਦੌਰਾਨ ਕਿਸਾਨ ਦੀ ਕੋਠੀ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ । ਹਾਲਾਂਕਿ ਪੁੱਛ-ਗਿੱਛ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਦਾ ਇਜਾਜ਼ਤ ਨਹੀਂ ਦਿੱਤੀ ਗਈ ।

ਮਿਲੀ ਜਾਣਕਾਰੀ ਦੇ ਮੁਤਾਬਕ NIA ਦੀ ਟੀਮ ਜਾਂਦੇ ਸਮੇਂ ਸਤਨਾਮ ਸਿੰਘ ਦਾ I-PHONE ਆਪਣੇ ਨਾਲ ਲੈ ਗਈ । 7 ਅਗਸਤ ਨੂੰ ਸਤਨਾਮ ਸਿੰਘ ਨੂੰ NIA ਦਫ਼ਤਰ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਹੈ । ਸਤਨਾਮ ਸਿੰਘ ਦਾ ਭਰਾ ਅਰਵਿੰਦਰ ਸਿੰਘ ਇੰਗਲੈਂਡ ਵਿੱਚ ਰਹਿੰਦਾ ਹੈ। ਸੋਮਵਾਰ ਨੂੰ ਹੀ ਉਹ ਇੰਗਲੈਂਡ ਤੋਂ ਵਾਪਸ ਆਇਆ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ NIA ਰੇਡ ਦੇ ਬਾਅਦ ਸਤਨਾਮ ਸਿੰਘ ਦਾ ਪਰਿਵਾਰ ਕਿਸੇ ਦੇ ਭੋਗ ਵਿੱਚ ਚਲਾ ਗਿਆ।

ਜਲੰਧਰ ਵਿੱਚ ਅਕਾਲੀ ਆਗੂ ਦੇ ਘਰ ਰੇਡ

ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗ ਦੇ ਪਿੰਡ ਦੌਲਤਪੁਰ ਵਿੱਚ ਸਾਬਕਾ ਸਰਪੰਚ ਮਲਕੀਤ ਸਿੰਘ ਦੌਲਪੁਰ ਦੇ ਘਰ ਵਿੱਚ NIA ਦੀ ਟੀਮ ਪਹੁੰਚੀ । ਉਹ ਅਕਾਲੀ ਦਲ ਦੇ ਆਗੂ ਹਨ। NIA ਦੀ ਟੀਮ ਸਵੇਰ 3 ਵਜੇ ਮਲਕੀਤ ਸਿੰਘ ਦੌਲਤਪੁਰ ਦੇ ਘਰ ਪਹੁੰਚੀ ਉਸ ਵਕਤ ਸਾਰਾ ਪਰਿਵਾਰ ਸੁੱਤਾ ਹੋਇਆ ਸੀ । NIA ਨੇ ਸਾਰਿਆਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬਿਠਾਇਆ ਅਤੇ ਵੱਖ-ਵੱਖ ਪੁੱਛ ਗਿੱਛ ਕੀਤੀ ।

ਗੈਂਗਸਟਰਾਂ ਨਾਲ ਕੁਨੈਕਸ਼ਨ ਨੂੰ ਲੈ ਕੇ ਪੁੱਛ-ਗਿੱਛ

ਇਸ ਤੋਂ ਇਲਾਵਾ ਗੈਂਗਸਟਰ ਸਿੰਡੀਕੇਟ ਨੂੰ ਲੈ ਕੇ NIA ਦੀ ਟੀਮ ਨੇ ਮੋਗਾ ਜ਼ਿਲ੍ਹੇ ਦੇ ਤਹਿਤ ਆਉਂਦੇ ਪਿੰਡ ਧੂਰਕੋਟ ਨਿਹਾਲ ਸਿੰਘ ਵਾਲਾ ਦੇ ਜਸਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ । ਜਸਵਿੰਦਰ ਨਾਲ ਵੀ NIA ਦੇ ਅਧਿਕਾਰੀਆਂ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੂੰ ਲੈ ਕੇ ਪੁੱਛ-ਗਿੱਛ ਕੀਤੀ।

ਇਸ ਤੋਂ ਇਲਾਵਾ NIA ਦੀ ਟੀਮ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਦੇ ਲਵਸ਼ਿੰਦਰ ਸਿੰਘ ਦੇ ਘਰ ਤੜਕੇ ਪਹੁੰਚ ਗਈ । ਲਵਸ਼ਿੰਦਰ ਸਿੰਘ ਸਾਬਕਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗੂ ਹੈ। ਵਿਦੇਸ਼ ਵਿੱਚ ਬੈਠੇ ਖਾਲਿਸਤਾਨੀ ਹਮਾਇਤੀਆਂ ਦੇ ਨਾਲ ਲਿੰਕ ਨੂੰ ਲੈ ਕੇ ਉਸ ਤੋਂ ਪੁੱਛ-ਗਿੱਛ ਕੀਤੀ ਗਈ ।