India International Punjab

ਖੰਡਾ ਦੇ ਪਰਿਵਾਰ ਨੂੰ ਨਹੀਂ ਮਿਲਿਆ ਇੰਗਲੈਂਡ ਦਾ ਵੀਜ਼ਾ , ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤੀ ਨਿੰਦਾ

Khanda's family did not get a visa to England, Jathedar Shri Akal Takht Sahib condemned

ਅੰਮ੍ਰਿਤਸਰ : ਪਿਛਲੇ ਦਿਨੀਂ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਲਾਤਾਂ ਵਿਚ ਲੰਡਨ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਖੰਡਾ ਦੇ ਅੰਤਿਮ ਸਸਕਾਰ ਨੂੰ ਲੈ ਕੇ ਭਾਰਤ ਰਹਿੰਦੇ ਖੰਡਾ ਦੇ ਪਰਿਵਾਰ ਵਾਲਿਆਂ ਨੇ ਇੰਗਲੈਂਡ ਦੀ ਸਰਕਾਰ ਤੋਂ ਵੀਜ਼ਾ ਲੈਣ ਦੀ ਅਰਜ਼ੀ ਲਾਈ ਸੀ, ਜਿਸ ਨੂੰ ਇੰਗਲੈਂਡ ਸਰਕਾਰ ਨੇ ਰੱਦ ਕਰ ਦਿੱਤਾ ਹੈ। ਅਵਤਾਰ ਸਿੰਘ ਖੰਡਾ ਦੀ ਮਾਤਾ ਅਤੇ ਭੈਣ ਨੂੰ ਇੰਗਲੈਂਡ ਸਰਕਾਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖੰਡਾ ਦੀ ਮਾਂ ਅਤੇ ਭੈਣ ਨੇ ਖੰਡਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਇੰਗਲੈਂਡ ਦਾ ਵੀਜ਼ਾ ਅਪਲਾਈ ਕੀਤਾ ਸੀ, ਪਰ ਬਰਤਾਨੀਆ ਸਰਕਾਰ ਨੇ ਵੀਜ਼ਾ ਰੱਦ ਕਰ ਦਿੱਤਾ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਇਹ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਉਲੰਘਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਯਤਨ ਕਰਨੇ ਚਾਹੀਦੇ ਹਨ ਕਿ ਇੰਗਲੈਂਡ ਦੀ ਸਰਕਾਰ ਨਾਲ ਉਹ ਗੱਲ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀਜ਼ਾ ਦਿਵਾਇਆ ਜਾਵੇ ਤਾਂ ਜੋ ਉਹ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ ਅਤੇ ਆਪਣੇ ਪੁੱਤ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਸਕਣ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਵਾਲ ਚੁੱਕੇ ਸਨ। ਸੋਸ਼ਲ ਮੀਡੀਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ, ਹਰੇਕ ਮਰਨ ਵਾਲੇ ਦਾ ਅੰਤਿਮ ਸੰਸਕਾਰ ਉਸਦੇ ਘਰ ਦਿਆ ਦੀ ਹਾਜ਼ਰੀ ਵਿਚ ਹੋਣ ਦੇਣਾ ਉਸ ਮਰੇ ਹੋਏ ਬੰਦੇ ਦਾ ਵੀ ਆਖਰੀ ਹੱਕ ਹੈ। ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਤੇ ਭੈਣ ਨੂੰ ਉਸਦੇ ਅੰਤਿਮ ਸੰਸਕਾਰ ਲਈ ਵੀਜ਼ਾ ਨਾ ਦੇਣਾ ਇਸ ਅਧਿਕਾਰ ਦੀ ਉਲੰਘਣਾ ਹੈ।ਕੋਈ ਦੁਸ਼ਮਣ ਵੀ ਹੋਵੇ ਤਾਂ ਉਸਦੇ ਰੀਤੀ ਰਿਵਾਜਾਂ ਅਤੇ ਟੱਬਰ ਦੀ ਹਾਜ਼ਰੀ ਵਿੱਚ ਉਸਦਾ ਸੰਸਕਾਰ ਹੋਣ ਦੇਣਾ ਹੀ ਇੱਕ ਸੱਭਿਅਕ ਰਾਜ ਦੀ ਨਿਸ਼ਾਨੀ ਹੁੰਦੀ।ਇਸ ਬਾਰੇ ਇੰਗਲੈਂਡ ਦੇ ਸਿੱਖਾਂ, ਗੁਰਦਵਾਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਨੂੰ ਇੰਗਲੈਂਡ ਸਰਕਾਰ ਨਾਲ ਜਰੂਰ ਗੱਲ ਕਰਨੀ ਚਾਹੀਦੀ ਹੈ।

;

ਖੰਡਾ ਦਾ ਅੰਤਿਮ ਸਸਕਾਰ 5 ਅਗਸਤ ਨੂੰ ਇੰਗਲੈਂਡ ਵਿੱਚ ਹੋ ਰਿਹਾ ਹੈ ਪਰ ਪਰਿਵਾਰ ਨੂੰ ਉੱਥੇ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਪਰਿਵਾਰ ਨੇ ਖ਼ਾਲਸਾ ਪੰਥ ਨੂੰ ਹੀ ਖੰਡਾ ਦਾ ਅੰਤਿਮ ਸਸਕਾਰ ਕਰਨ ਲਈ ਕਿਹਾ।