Punjab

ਮੋਗਾ ਪੁਲਿਸ ਨੂੰ ਨਹੀਂ ਮਿਲੇਗੀ ਜਿਪਸੀ…!

Moga police will not get Gypsy...!

ਫ਼ਰੀਦਕੋਟ ਅਦਾਲਤ ਨੇ ਬਹਿਬਲ ਗੋਲੀ ਕਾਂਡ ’ਚ ਪੁਲੀਸ ਅਧਿਕਾਰੀਆਂ ਵੱਲੋਂ ਧਰਨਾ ਦੇ ਰਹੀ ਸਿੱਖ ਸੰਗਤ ਖ਼ਿਲਾਫ਼ ਝੂਠੀ ਗਵਾਹੀ ਲਈ ਕਥਿਤ ਖੁਦ ਗੋਲੀਆਂ ਮਾਰ ਕੇ ਤਿਆਰ ਕੀਤੀ ਸਰਕਾਰੀ ਜਿਪਸੀ ਮੋਗਾ ਪੁਲਿਸ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬਹਿਬਲ ਗੋਲੀ ਕਾਂਡ ’ਚ ਦੋ ਸਿੱਖ ਨੌਜਵਾਨਾਂ ਦੀ ਮੌਤ ਤੋਂ ਬਾਅਦ ਮੌਕੇ ’ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਆਪਣੀ ਹੀ ਜਿਪਸੀ ’ਤੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਬਾਅਦ ’ਚ ਦਾਅਵਾ ਕੀਤਾ ਸੀ ਕਿ ਧਰਨਾਕਾਰੀਆਂ ਨੇ ਪੁਲੀਸ ’ਤੇ ਗੋਲੀਆਂ ਚਲਾਈਆਂ ਸਨ, ਜੋ ਜਿਪਸੀ ’ਤੇ ਲੱਗੀਆਂ। ਇਹ ਜਿਪਸੀ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੇ ਸੁਰੱਖਿਆ ਕਰਮਚਾਰੀਆਂ ਦੀ ਸੀ।

ਮੋਗਾ ਪੁਲਿਸ ਨੇ ਪਟੀਸ਼ਨ ਦਾਇਰ ਕਰ ਕੇ ਚੱਲਦੇ ਮੁਕੱਦਮੇ ਤੱਕ ਜਿਪਸੀ ਦੀ ਸਪੁਰਦਦਾਰੀ ਦੇਣ ਦੀ ਮੰਗ ਕੀਤੀ ਸੀ ਪਰ ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਕਿ ਉੱਚ ਪੁਲਿਸ ਅਧਿਕਾਰੀਆਂ ਖਿਲਾਫ਼ ਸੰਗਤ ’ਤੇ ਝੂਠੇ ਕੇਸ ਬਣਾਉਣ ਦਾ ਇਹ ਸਭ ਤੋਂ ਅਹਿਮ ਸਬੂਤ ਹੈ। ਇਸ ਲਈ ਇਹ ਜਿਪਸੀ ਜਾਂਚ ਟੀਮ ਕੋਲ ਹੀ ਰਹਿਣੀ ਚਾਹੀਦੀ ਹੈ। ਅਦਾਲਤ ਨੇ ਜਿਪਸੀ ਦੀ ਸਪੁਰਦਦਾਰੀ ਦੇਣ ਤੋਂ ਇਨਕਾਰ ਕਰਦਿਆਂ ਮੋਗਾ ਪੁਲਿਸ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ।

ਬਹਿਬਲ ਗੋਲੀ ਕਾਂਡ ’ਚ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋਏ। ਅਦਾਲਤ ਨੇ ਇਸ ਕੇਸ ਦੀ ਅਗਲੀ ਤਰੀਕ 19 ਅਗਸਤ ਤੈਅ ਕੀਤੀ ਹੈ ਅਤੇ ਇਲਾਕਾ ਮੈਜਿਸਟਰੇਟ ਤੋਂ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ’ਚ ਪੇਸ਼ ਹੋਏ ਚਲਾਨਾਂ ਦੀ ਮੁਕੰਮਲ ਰਿਪੋਰਟ ਵੀ ਤਲਬ ਕੀਤੀ ਹੈ।