Punjab

ਛੋਟੇ ਭਰਾ ਦੇ ਸਰਟੀਫਿਕੇਟ ‘ਤੇ ਫੌਜ ‘ਚ ਨੌਕਰੀ ਕੀਤੀ ! ਰਿਟਾਇਰਡ ਹੋਇਆ ! ਭਰਾ ਨੂੰ ਕੰਨੋਂ-ਕੰਨ ਖਬਰ ਨਹੀਂ !

ਬਿਊਰੋ ਰਿਪੋਰਟ : 2 ਭਰਾਵਾਂ ਦਾ ਅਜੀਬੋ ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਖ਼ੂਨ ਦਾ ਰਿਸ਼ਤਾ ਹੋਣ ਦੇ ਬਾਵਜੂਦ ਵੱਡੇ ਭਰਾ ਨੇ ਧੋਖੇ ਨਾਲ ਆਪਣੇ ਛੋਟੇ ਭਰਾ ਦੇ ਸਰਟੀਫਿਕੇਟ ‘ਤੇ ਨਾ ਸਿਰਫ਼ ਫ਼ੌਜ ਵਿੱਚ ਨੌਕਰੀ ਕੀਤੀ ਬਲਕਿ ਰਿਟਾਇਰ ਵੀ ਹੋਇਆ। ਹੁਣ ਤਕਰੀਬਨ 40 ਸਾਲ ਬਾਅਦ ਇਹ ਭੇਦ ਖੁੱਲ੍ਹਿਆ ਜਦੋਂ ਛੋਟੇ ਭਰਾ ਨੇ ਬੁਢਾਪਾ ਪੈਨਸ਼ਨ ਦੇ ਲਈ ਅਪਲਾਈ ਕੀਤਾ। ਇਹ ਮਾਮਲਾ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦਾ ਹੈ ਪਰ ਇਹ ਕਈ ਸਵਾਲ ਖੜੇ ਕਰ ਰਿਹਾ ਹੈ ਫ਼ੌਜ ਦੇ ਕੰਮ ਕਰਨ ਦੇ ਤਰੀਕੇ ‘ਤੇ ਅਤੇ ਸਾਡੇ ਸਿਸਟਮ ਵਿੱਚ ਫੈਲੇ ਭ੍ਰਿਸ਼ਟਾਚਾਰ ‘ਤੇ ਜਿਸ ਦੀ ਵਜ੍ਹਾ ਕਰਕੇ ਇੱਕ ਸ਼ਖ਼ਸ ਫ਼ਰਜ਼ੀ ਦਸਤਾਵੇਜ਼ ‘ਤੇ ਨੌਕਰੀ ਕਰਕੇ ਰਿਟਾਇਰ ਵੀ ਹੋ ਗਿਆ ਅਤੇ ਹੁਣ ਜਾ ਕੇ ਉਸ ਦੇ ਫਰਜ਼ੀਵਾੜੇ ਬਾਰੇ ਪੱਤਾ ਚੱਲਿਆ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਹੈਰਾਨੀ ਦੀ ਗੱਲ ਇਹ ਹੈ ਕਿ ਸੱਕੇ ਛੋਟੇ ਭਰਾ ਨੂੰ ਆਪਣੇ ਵੱਡੇ ਭਰਾ ਦੀ ਇਸ ਕਰਤੂਤ ਬਾਰੇ ਦਹਾਕਿਆਂ ਤੱਕ ਪਤਾ ਹੀ ਨਹੀਂ ਚੱਲ ਸਕਿਆ ।

ਅੰਬਾਲਾ ਦੇ ਨਰਾਇਣਗੜ੍ਹ ਦੇ ਪਿੰਡ ਲਾਹਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਰਾਜਪਾਲ ਸਿੰਘ ਬਹੁਤ ਹੀ ਸ਼ਾਤਿਰ ਕਿਸਮ ਦਾ ਸ਼ਖ਼ਸ ਸੀ। ਵੱਡਾ ਭਰਾ ਸਰਕਾਰੀ ਨੌਕਰੀ ਚਾਉਂਦਾ ਸੀ ਪਰ ਉਹ ਬਹੁਤ ਹੀ ਘੱਟ ਪੜ੍ਹਿਆ ਸੀ। ਇਸੇ ਲਈ ਉਸ ਦੇ ਵੱਡੇ ਭਰਾ ਰਾਜਪਾਲ ਸਿੰਘ ਨੇ ਸਰਕਾਰੀ ਨੌਕਰੀ ਹਾਸਲ ਕਰਨ ਦੇ ਲਈ ਸਾਜਿਸ਼ ਦੇ ਤਹਿਤ ਉਸ ਦੇ ਸਰਟੀਫਿਕੇਟ ਦੇ ਅਧਾਰ ‘ਤੇ ਭੁਪਿੰਦਰ ਸਿੰਘ ਬਣ ਕੇ ਫ਼ੌਜ ਵਿੱਚ ਨੌਕਰੀ ਲਈ ਹੈ । ਇਹ ਹੀ ਨਹੀਂ ਪੂਰੀ ਉਮਰ ਨੌਕਰੀ ਵੀ ਕੀਤੀ ਅਤੇ ਫਿਰ ਨੌਕਰੀ ਤੋਂ ਰਿਟਾਇਰ ਵੀ ਹੋ ਗਿਆ।

ਰਾਜਪਾਲ ਸਿੰਘ,ਭੁਪਿੰਦਰ ਸਿੰਘ ਦੇ ਨਾਂ ‘ਤੇ ਫੌਜ ਵਿੱਚ ਨੌਕਰੀ ਕਰਨ ਵਾਲਾ ਵੱਡਾ ਭਰਾ

ਫਰਵਰੀ 2023 ਵਿੱਚ ਭਰਾ ਦੀ ਮੌਤ ਹੋਈ

ਸ਼ਿਕਾਇਤਕਰਤਾ ਛੋਟੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਉਸੇ ਦੇ ਵੱਡੇ ਭਰਾ ਰਾਜਪਾਲ ਦੀ 23 ਫਰਵਰੀ 2023 ਨੂੰ ਮੌਤ ਹੋ ਗਈ ਸੀ । ਪਰ ਫਰਜੀਵਾੜਾ ਵਿੱਚ ਸਾਥ ਦੇਣ ਵਾਲੀ ਪਤਨੀ ਅਤੇ ਉਸ ਦੇ ਪੁੱਤਰ ਪੈਨਸ਼ਨ ਲੈ ਰਹੇ ਸਨ । ਸ਼ਿਕਾਇਤਕਰਤਾ ਨੇ ਦੱਸਿਆ ਸਾਰੇ ਦਸਤਾਵੇਜ਼ ਅਤੇ ਸਰਟੀਫਿਕੇਟ ਭੁਪਿੰਦਰ ਸਿੰਘ ਦੇ ਨਾਂ ਹਨ ਜਦਕਿ ਮੈਂ ਜ਼ਿੰਦਾ ਹਾਂ ਪਰ ਭਾਬੀ ਅਤੇ ਭਤੀਜੇ ਨੇ ਰਾਜਪਾਲ ਸਿੰਘ ਦਾ ਡੈੱਥ ਸਰਟੀਫਿਕੇਟ ਵੀ ਭੁਪਿੰਦਰ ਸਿੰਘ ਦੇ ਨਾਂ ‘ਤੇ ਬਣਾਇਆ ਹੈ। ਇਹ ਹੀ ਨਹੀਂ ਜਦੋਂ ਛੋਟੇ ਭਰਾ ਅਸਲੀ ਭੁਪਿੰਦਰ ਸਿੰਘ ਨੂੰ ਪਤਾ ਚੱਲਿਆ ਤਾਂ ਧਮਕੀ ਦਿੱਤੀ ਜਾ ਰਹੀ ਹੈ ਕਿ ਜੋ ਜਾਇਦਾਦ ਮੇਰੇ ਨਾਂ ਹੈ ਉਸ ਦਾ ਇੰਤਕਾਲ ਵੀ ਆਪਣੇ ਨਾਂ ਉਸ ਦੇ ਹੈਲਥ ਸਰਟੀਫਿਕੇਟ ਦੇ ਅਧਾਰ ‘ਤੇ ਕਰਵਾ ਲੈਣਗੇ ।

ਪੀੜ੍ਹਤ ਭੁਪਿੰਦਰ ਸਿੰਘ

ਪੈਨਸ਼ਨ ਬਣਵਾਉਣ ਗਿਆ ਤਾਂ ਸਰਕਾਰੀ ਨੌਕਰੀ ਬਾਰੇ ਪਤਾ ਚੱਲਿਆ

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਬੁਢਾਪਾ ਪੈਨਸ਼ਨ ਬਣਾਉਣ ਦੇ ਲਈ ਗਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਸਰਕਾਰੀ ਨੌਕਰੀ ਹੈ। ਹਾਲਾਂਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸ ਦੇ ਭਰਾ ਨੇ ਨੌਕਰੀ ਹਾਸਲ ਕਰਨ ਦੇ ਲਈ ਉਸ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਅਤੇ ਆਪਣਾ ਨਾਂ ਰਾਜਪਾਲ ਸਿੰਘ ਦੀ ਥਾਂ ਭੁਪਿੰਦਰ ਸਿੰਘ ਦੱਸਿਆ।
ਪੀੜਤ ਨੇ ਦੱਸਿਆ ਕਿ ਮੈਂ 4 ਤੋਂ 5 ਵਾਰ ਪੈਨਸ਼ਨ ਦੇ ਲਈ ਅਰਜ਼ੀ ਦਿੱਤੀ ਹਰ ਵਾਰ ਇਹ ਹੀ ਕਾਰਨ ਦੱਸਿਆ ਜਾਂਦਾ ਕਿ ਤੁਹਾਨੂੰ ਸਰਕਾਰ ਤੋਂ ਪੈਨਸ਼ਨ ਮਿਲ ਰਹੀ ਹੈ ਇਸ ਲਈ ਤੁਹਾਨੂੰ ਬੁਢਾਪਾ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ ਹੈ।

ਮੁਲਜ਼ਮ ਕਤਲ ਕਰਨ ਦੀ ਧਮਕੀ ਦੇ ਰਿਹਾ ਹੈ

ਸ਼ਿਕਾਇਤਕਰਤਾ ਨੇ ਦੱਸਿਆ ਕਿ ਹੁਣ ਭਤੀਜਾ ਜਤਿੰਦਰ ਸਿੰਘ ਅਤੇ ਉਸ ਦੀ ਮਾਂ ਸੁਰਿੰਦਰ ਕੌਰ ਮਿਲੀਭੁਗਤ ਕਰਕੇ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾਉਣਾ ਚਾਹੁੰਦੇ ਹਨ। ਜਦੋਂ ਪੀੜਤ ਭੁਪਿੰਦਰ ਸਿੰਘ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਗ਼ਲਤ ਕੰਮ ਕਰਨ ਤੋਂ ਮਨ੍ਹਾ ਕੀਤਾ ਤਾਂ ਧਮਕੀ ਦਿੱਤੀ ਗਈ ਤੇਰਾ ਕਤਲ ਕਰਵਾ ਕੇ ਹੈਲਥ ਸਰਟੀਫਿਕੇਟ ਰਾਜਪਾਲ ਸਿੰਘ ਦੇ ਨਾਂ ‘ਤੇ ਬਣਵਾ ਦੇਵਾਂਗੇ। ਕਿਸੇ ਨੂੰ ਪਤਾ ਨਹੀਂ ਚੱਲੇਗਾ । ਪੁਲਿਸ ਨੇ ਮੁਲਜ਼ਮ ਜਤਿੰਦਰ ਸਿੰਘ ਉਸ ਦੇ ਭਰਾ ਰਣਜੀਤ ਸਿੰਘ ਅਤੇ ਮਾਂ ਸੁਰਿੰਦਰ ਕੌਰ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।