Punjab

PTC ‘ਤੇ ਨਹੀਂ ਬੰਦ ਹੋਵੇਗੀ ਗੁਰਬਾਣੀ ! ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ SGPC ਦਾ ਫੈਸਲਾ! ਸਿੱਖ ਪੰਥ ਦਾ ਦਿੱਤਾ ਹਵਾਲਾ

ਬਿਊਰੋ ਰਿਪੋਰਟ : 23 ਜੁਲਾਈ ਤੋਂ ਬਾਅਦ ਵੀ PTC ‘ਤੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਰਹੇਗਾ। ਹਾਲਾਂਕਿ SGPC ਦੇ ਨਾਲ PTC ਦਾ ਕਰਾਰ ਸਿਰਫ਼ 23 ਜੁਲਾਈ ਤੱਕ ਸੀ । ਪਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਨਵੇਂ ਸੈਟਲਾਇਟ ਚੈਨਲ ਸ਼ੁਰੂ ਹੋਣ ਤੱਕ PTC ਨੂੰ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਜਥੇਦਾਰ ਰਘਬੀਰ ਸਿੰਘ ਨੇ SGPC ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸੰਗਤਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਿਉਂਕਿ ਇੰਟਰਨੈੱਟ ਕੁਨੈਸ਼ਨ ਹਰ ਕਿਸੇ ਕੋਲ ਨਹੀਂ ਹੈ ਇਸ ਲਈ YOUTUBE ਚੈਨਲ ਦੇ ਜ਼ਰੀਏ ਹਰ ਕੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਹੋਣ ਵਾਲੀ ਗੁਰਬਾਣੀ ਦਾ ਆਨੰਦ ਨਹੀਂ ਮਾਣ ਸਕੇਗਾ ਇਸ ਲਈ ਇਸ ਦਾ ਟੈਲੀਕਾਸਟ ਚੈਨਲ ‘ਤੇ ਵੀ ਕੀਤਾ ਜਾਵੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਕਮੇਟੀ ਨੂੰ ਕਿਹਾ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਚੈਨਲ ‘ਤੇ ਵੀ ਹੋਵੇ ਫੌਰਨ ਇਸ ਦਾ ਇੰਤਜ਼ਾਮ ਕੀਤਾ ਜਾਵੇ।

ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸ੍ਰੀ ਅਕਾਲ ਤਖਤ ਦੇ ਹੁਕਮਾਂ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਅਸੀਂ ਫੈਸਲਾ ਕੀਤਾ ਹੈ ਟੀਵੀ ‘ਤੇ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਿਆ ਜਾਵੇਗਾ । SGPC ਦੇ ਆਪਣੇ ਸੈਟਲਾਇਟ ਚੈਨਲ ਸ਼ੁਰੂ ਹੋਣ ਦੇ ਲਈ ਸਮਾਂ ਲੱਗੇਗਾ,ਇੱਕ ਦਮ ਇੰਤਜ਼ਾਮ ਕਰਨਾ ਮੁਸ਼ਕਿਲ ਹੋਵੇਗਾ ਇਸੇ ਲਈ ਫੈਸਲਾ ਲਿਆ ਗਿਆ ਹੈ ਕਿ PTC ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਜਾਵੇਗੀ ਕਿ ਉਹ SGPC ਦਾ ਸੈਟਲਾਈਟ ਚੈਨਲ ਸ਼ੁਰੂ ਹੋਣ ਤੱਕ ਟੈਲੀਕਾਸਟ ਜਾਰੀ ਰੱਖਣ ।

PTC ਨੂੰ ਵੀ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਅਦਾਰੇ ਵੱਲੋਂ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਉਹ ਗੁਰਬਾਣੀ ਦੀ ਸੇਵਾ ਸਮਾਪਤ ਕਰ ਰਹੇ ਹਨ ਪਰ ਉਹ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ । ਪਰ ਜਿੰਨੀ ਸੇਵਾ ਸੌਂਪੀ ਹੈ ਉਹ ਉਸ ਦਾ ਸ਼ੁਕਰਾਨਾ ਕਰਦੇ ਹਨ ਅਤੇ SGPC ਦੇ ਹਰ ਆਦੇਸ਼ ਨੂੰ ਮੰਨਣ ਲਈ ਤਿਆਰ ਹਨ । ਹਾਲਾਂਕਿ ਵਿਰੋਧੀ ਇਸ ਨੂੰ ਪਹਿਲਾਂ ਤੋਂ ਤਿਆਰ ਕੀਤੀ ਗਈ ਸਕ੍ਰਿਪ ਦੱਸ ਰਹੇ ਹਨ । ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਇਹ ਹੀ ਇਸ਼ਾਰਾ ਕਰ ਰਿਹਾ ਹੈ । ਉਨ੍ਹਾਂ ਕਿਹਾ ‘ਹੈਰਾਨੀ ਦੀ ਗੱਲ ਹੈ ਕਿ ਐੱਸਜੀਪੀਸੀ ਇੱਕ ਨਿੱਜੀ ਚੈਨਲ ਨੂੰ ਹੀ ਬੇਨਤੀ ਕਰ ਰਹੀ ਹੈ ਕਿ ਤੁਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਦੇ ਰਹੋ..ਬਾਕੀਆਂ ਨੂੰ ਕਿਉਂ ਨਹੀਂ ?? ਕੀ ਉਹ ਚੈਨਲ ਰਾਹੀਂ ਇੱਕ ਪਰਿਵਾਰ ਨੂੰ ਫੇਰ ਅਨਿਸ਼ਚਤ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਜਾਣਗੇ ?? ਲਾਲਚ ਦੀ ਹੱਦ ਹੁੰਦੀ ਐ..

ਹਾਲਾਂਕਿ SGPC ਵੱਲੋਂ ਪੀਟੀਸੀ ਨੂੰ ਗੁਰਬਾਣੀ ਦਾ ਟੈਲੀਕਾਸਟ ਜਾਰੀ ਰੱਖਣ ਦੀ ਬੇਨਤੀ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਇੱਕ ਹੋਰ ਟਵੀਟ ਕਰਦੇ ਹੋਏ SGPC ਦੇ ਸਾਹਮਣੇ ਪੇਸ਼ਕਸ਼ ਵੀ ਰੱਖੀ ਸੀ । ‘ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ‘ਐੱਸਜੀਪੀਸੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ..ਸਾਰੇ ਚੈਨਲਾਂ ਨੂੰ free of cost ਅਤੇ free to air ਪ੍ਰਸਾਰਣ ਕਰਨ ਦੇਣਾ ਚਾਹੀਦਾ ਹੈ..ਜੇ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਅਸੀਂ 24 ਘੰਟਿਆਂ ਚ ਸਾਰੇ ਪ੍ਰਬੰਧ ਕਰ ਦੇਵਾਂਗੇ..।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਰਾਜਪਾਲ ਵੱਲੋਂ ਪਾਸ ਕਰਨ ਦੀ ਮੰਗ ਕਰਦੇ ਹੋਏ ਇਹ ਹੀ ਹਵਾਲਾ ਦਿੱਤਾ ਸੀ ਕਿ ਕਿਉਂਕਿ ਗੁਰਬਾਣੀ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੀ ਹੈ ਉਹ ਜਲਦ ਤੋਂ ਜਲਦ ਬਿੱਲ ਪਾਸ ਕਰਨ ਤਾਂਕੀ ਸਾਰੀਆਂ ਨੂੰ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਮਿਲ ਸਕੇ । ਪਰ ਰਾਜਪਾਲ ਨੇ ਸੈਸ਼ਨ ‘ਤੇ ਹੀ ਸਵਾਲ ਚੁੱਕ ਦਿੱਤੇ ਸਨ ਜਿਸ ਤੋਂ ਬਾਅਦ ਬਿੱਲ ਦਾ ਭਵਿੱਖ ਸਵਾਲਾਂ ਵਿੱਚ ਆ ਗਿਆ ਸੀ ।