Punjab

‘ਢੀਂਡਸਾ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਸਲੀ ਵਾਰਿਸ’ !

ਬਿਊਰੋ ਰਿਪੋਰਟ :  ਬੀਜੇਪੀ ਹੁਣ ਅਕਾਲੀ ਦਲ ਨਾਲ ਪੰਜਾਬ ਵਿੱਚ ਸਿਆਸੀ ਮਾਈਂਡ ਗੇਮ ਖੇਡ ਰਹੀ ਹੈ । ਕੌਮੀ ਜ਼ਮਹੂਰੀ ਗੱਠਜੋੜ(NDA) ਦੇ 25 ਸਾਲ ਹੋਣ ਵੇਲੇ ਕੀਤੇ ਗਏ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਖਦੇਵ ਸਿੰਘ ਢੀਂਡਸਾ ਨੂੰ ਲੈ ਕੇ ਦਿੱਤਾ ਗਿਆ ਬਿਆਨ ਕਿਧਰੇ ਨਾ ਕਿਧਰੇ ਇਹ ਹੀ ਇਸ਼ਾਰਾ ਕਰ ਰਿਹਾ ਹੈ।

NDA ਦੀ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੋਂ ਸ਼ਾਮਲ ਹੋਏ ਸੁਖਦੇਵ ਸਿੰਘ ਢੀਂਡਸਾ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਬਾਅਦ ਅਕਾਲੀ ਦਲ ਦੇ ਅਸਲੀ ਵਾਰਿਸ ਤਾਂ ਢੀਂਡਸਾ ਸਾਹਿਬ ਹਨ। ਯਾਨੀ ਪ੍ਰਧਾਨ ਮੰਤਰੀ ਸਿੱਧੇ-ਸਿੱਧੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ।

ਪ੍ਰਧਾਨ ਮੰਤਰੀ ਦਾ ਇਹ ਇਸ਼ਾਰਾ ਪੰਜਾਬ ਦੀ ਸਿਆਸਤ ਵਿੱਚ ਕੀ ਕੰਮ ਕਰੇਗਾ, ਇਹ ਤਾਂ ਪਤਾ ਨਹੀਂ ਪਰ ਇਨ੍ਹਾਂ ਜ਼ਰੂਰ ਹੈ ਕਿ ਫ਼ਿਲਹਾਲ ਬੀਜੇਪੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਦੇ ਜਰੀਏ ਉਹ ਕੁਝ ਦੇਰ ਹੋਰ ਖੇਡਣਾ ਚਾਹੁੰਦੀ ਹੈ। ਸਿੱਖ ਸਿਆਸਤ ਦੀ ਨਬਜ਼ ਫੜਨਾ ਚਾਹੁੰਦੀ ਹੈ ।

ਪ੍ਰਧਾਨ ਮੰਤਰੀ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦਾ ਅਸਲੀ ਵਾਰਿਸ ਦੱਸਣ ‘ਤੇ ਢੀਂਡਸਾ ਕਾਫ਼ੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਫ਼ੌਰਨ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮੈਂ ਹੀ ਸਭ ਤੋਂ ਸੀਨੀਅਰ ਆਗੂ ਸੀ, ਮੇਰੀ ਪਾਰਟੀ ਵਿੱਚ ਨੰਬਰ 2 ਦੀ ਪੁਜ਼ੀਸ਼ਨ ਸੀ। ਸੁਖਬੀਰ ਬਾਦਲ ਦੀ ਤਾਨਾਸ਼ਾਹੀ ਦੀ ਵਜ੍ਹਾ ਕਰਕੇ ਅਕਾਲੀ ਦਲ ਦੀ ਬੁਨਿਆਦ ਖ਼ਤਮ ਹੋਈ । ਵੈਸੇ ਪ੍ਰਧਾਨ ਦਾ ਢੀਂਡਸਾ ਦੇ ਭਰੋਸਾ, ਉਨ੍ਹਾਂ ਲਈ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੈ । ਕਿਉਂਕਿ ਉਨ੍ਹਾਂ ਨੂੰ ਨਵੀਂ ਪਾਰਟੀ ਬਣਾਏ ਹੋਏ ਤਕਰੀਬਨ 4 ਸਾਲ ਹੋ ਗਏ ਹਨ। ਉਹ ਲੋਕ-ਸਭਾ ਅਤੇ ਵਿਧਾਨਸਭਾ ਚੋਣਾਂ ਵੀ ਲੜ ਚੁੱਕੇ ਹਨ । ਪਰ ਪੱਲੇ ਇੱਕ ਵੀ ਸੀਟ ਨਹੀਂ ਪਈ ਹਾਲਾਂਕਿ ਵਿਧਾਨਸਭਾ ਵਿੱਚ ਤਾਂ ਉਨ੍ਹਾਂ ਨੇ ਬੀਜੇਪੀ ਨਾਲ ਗੱਠਜੋੜ ਕੀਤਾ ਸੀ । ਪਰ ਕੋਈ ਵੀ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ। ਉਨ੍ਹਾਂ ਦਾ ਆਪਣਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਜੋ ਅਕਾਲੀ ਦਲ ਦੀ ਟਿਕਟ ‘ਤੇ 2 ਵਾਰ ਜਿੱਤਿਆ ਸੀ ਉਹ ਵੀ ਹਾਰ ਗਿਆ । ਹੁਣ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ ਢੀਂਡਸਾ ਨੂੰ ਕਿਵੇਂ ਫ਼ਾਇਦਾ,ਦਰਅਸਲ ਜਿਹੜੇ ਅਕਾਲੀ ਦਲ ਦੇ ਬਾਗ਼ੀ ਆਗੂ ਹਨ ਉਨ੍ਹਾਂ ਦੇ ਲਈ ਹੁਣ ਢੀਂਡਸਾ ਪਲੇਟਫ਼ਾਰਮ ਹੋ ਸਕਦੇ ਹਨ । ਕਿਉਂਕਿ ਇਸ ਵੇਲੇ ਢੀਂਡਸਾ ਆਪਣੇ ਸਿਆਸੀ ਰਸੂਕ ਨਾਲ ਕੇਂਦਰ ਅਤੇ ਸੂਬੇ ਵਿੱਚ ਆਪਣੇ ਕੰਮ ਕਰਵਾ ਸਕਦੇ ਹਨ ।

ਇਸ ਤੋਂ ਇਲਾਵਾ ਢੀਂਡਸਾ ਦੇ ਇਸ਼ਾਰੇ ‘ਤੇ ਬੀਜੇਪੀ SGPC ਦੀਆਂ ਚੋਣਾਂ ਵੀ ਕਰਵਾ ਸਕਦੀ ਹੈ । ਸ਼੍ਰੋਮਣੀ ਕਮੇਟੀ ਦੀ ਚੋਣ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਲਈ ਕਿੰਨੇ ਮਾਅਨੇ ਰੱਖ ਦੀ ਹੈ। ਇਹ ਸਾਰੇ ਜਾਣ ਦੇ ਹਨ। ਪ੍ਰਧਾਨ ਮੰਤਰੀ ਨੇ ਢੀਂਡਸਾ ਨੂੰ ਅਕਾਲੀ ਦਲ ਦਾ ਅਸਲੀ ਵਾਰਿਸ ਦੱਸ ਕੇ ਜਿਹੜੀ ਸਿਆਸੀ ਚਾਲ ਚੱਲੀ ਹੈ, ਜੇਕਰ ਇਹ ਸਿੱਧੀ ਪੈ ਗਈ ਅਤੇ SGPC ਦੀਆਂ ਚੋਣਾਂ ਵਿੱਚ ਢੀਂਡਸਾ ਸਾਰੇ ਬਾਦਲ ਵਿਰੋਧੀਆਂ ਨੂੰ ਇਕੱਠਾ ਕਰਨ ਵਿੱਚ ਕਾਮਯਾਬ ਰਹੇ ਅਤੇ ਕੋਈ ਕ੍ਰਿਸ਼ਮਾ ਵਿਖਾਇਆ ਤਾਂ ਫਿਰ ਬੀਜੇਪੀ ਸੁਖਬੀਰ ਬਾਦਲ ਦੇ ਅਕਾਲੀ ਦਲ ਦੇ ਬਰਾਬਰ ਇੱਕ ਪਾਰਲਰ ਅਕਾਲੀ ਦਲ ਖੜ੍ਹਾ ਕਰ ਦੇਵੇਗੀ।

ਜੇਕਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਮੰਤਰੀ ਦੇ ਅਸਲੀ ਅਕਾਲੀ ਦਲ ਦੇ ਵਾਰਿਸ ਦੇ ਬਿਆਨ ਦੇ ਖਰੇ ਨਹੀਂ ਵੀ ਉੱਤਰੇ ਤਾਂ ਵੀ ਕੋਈ ਚੱਕਰ ਨਹੀਂ। ਸਿਆਸਤ ਵਿੱਚ ਅੱਜ ਦੇ ਬਿਆਨ ਕੱਲ੍ਹ ਕੋਈ ਮਾਅਨੇ ਨਹੀਂ ਰੱਖ ਦੇ ਹਨ ।

ਬੀਜੇਪੀ ਅਤੇ ਅਕਾਲੀ ਦਲ ਦੇਵੇ ਇਸ ਗੱਲ ਤੋਂ ਜਾਣੂ ਹਨ । ਗਲਵੱਕੜੀ ਪਾਉਣ ਲਈ ਭਾਈਚਾਰਕ ਸਾਂਝ, ਸੂਬੇ ਦੀ ਸ਼ਾਂਤੀ ਅਤੇ ਨੂੰਹ ਮਾਸ ਦਾ ਰਿਸ਼ਤੇ ਵਾਲਾ ਫ਼ਾਰਮੂਲਾ ਤਾਂ ਹਮੇਸ਼ਾ ਹੈ।

ਅਕਾਲੀ ਦਲ ਦੀ ਢੀਂਡਸਾ ਨੂੰ ਚੁਨੌਤੀ

ਉੱਧਰ ਜਦੋਂ ਸੁਖਦੇਵ ਸਿੰਘ ਢੀਂਡਸਾ ‘ਤੇ ਪ੍ਰਧਾਨ ਮੰਤਰੀ ਵੱਲੋਂ ਜਤਾਏ ਗਏ ਭਰੋਸੇ ਬਾਰੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕੱਲ੍ਹ ਤੱਕ ਤਾਂ ਢੀਂਡਸਾ ਸਾਹਿਬ ਕਹਿ ਰਹੇ ਸਨ ਕਿ ਬੀਜੇਪੀ ਸਾਨੂੰ ਕੋਈ ਤਵੱਜੋ ਨਹੀਂ ਦੇ ਰਹੀ ਹੈ । ਅੱਜ ਅਚਾਨਕ ਬੀਜੇਪੀ ਅਤੇ ਢੀਂਡਸਾ ਦੇਵੇ ਇੱਕ ਦੂਜੇ ਦੀ ਤਾਰੀਫ਼ ਕਰ ਰਹੇ ਹਨ।

ਵਲਟੋਹਾ ਨੇ ਢੀਂਡਸਾ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ ਆਪਣੇ ਪੁੱਤ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣਾ ਸਿਆਸੀ ਫ਼ੈਸਲਾ ਲੈਣ ਲਈ ਆਜ਼ਾਦ ਕਰ ਦੇਣ ਤਾਂ ਸ਼ਾਮ ਨੂੰ ਉਹ ਸੁਖਬੀਰ ਸਿੰਘ ਬਾਦਲ ਦੇ ਸੱਜੇ ਪਾਸੇ ਨਾ ਬੈਠੇ ਹੋਣ ਤਾਂ ਕਹਿ ਦੇਣਾ । ਵਲਟੋਹਾ ਨੇ ਕਿਹਾ ਅਸੀਂ ਤਾਂ NDA ਗੱਠਜੋੜ ਤੋਂ ਕਿਸਾਨਾਂ ਦੇ ਮੁੱਦੇ ‘ਤੇ ਵੱਖ ਹੋਏ ਸੀ ਜੇਕਰ ਉਸ ਵੇਲੇ ਪ੍ਰਧਾਨ ਮੰਤਰੀ ਸਾਡੀ ਮੰਗ ਮੰਨ ਲੈਂਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ । ਹੁਣ ਵੀ ਜੇਕਰ ਬੀਜੇਪੀ ਬੰਦੀ ਸਿੰਘਾਂ ਦੀ ਮੰਗ ਮੰਨ ਲਏ ਤਾਂ ਅਸੀਂ ਨਾਲ ਆਉਣ ਨੂੰ ਤਿਆਰ ਹਾਂ ਹਾਲਾਂਕਿ ਬੀਜੇਪੀ ਨਾਲ ਮੁੜ ਤੋਂ ਗੱਠਜੋੜ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ । ਹਾਲਾਂਕਿ ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਗੱਠਜੋੜ ਦੀ ਗੱਲਬਾਤ ਸ਼ੁਰੂ ਹੋਈ ਸੀ ਪਰ ਸੁਨੀਲ ਜਾਖੜ ਦੇ ਪੰਜਾਬ ਬੀਜੇਪੀ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਬੀਜੇਪੀ ਥੋੜ੍ਹਾ ਹੋਰ ਸਮਾਂ ਆਪਣੇ ਦਮ ‘ਤੇ ਖੜੇ ਹੋਣ ਦੀ ਕੋਸ਼ਿਸ਼ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ।

ਦੂਜਾ ਬੀਜੇਪੀ ਅਕਾਲੀ ਦਲ ਜਿਹੜਾ ਸੀਟਾਂ ਨੂੰ ਲੈ ਕੇ ਬਟਵਾਰਾ ਕਰਨਾ ਚਾਹੁੰਦੀ ਸੀ ਉਸ ਦੇ ਲਈ ਵੀ ਅਕਾਲੀ ਦਲ ਫ਼ਿਲਹਾਲ ਤਿਆਰ ਨਹੀਂ ਸੀ । ਅਕਾਲੀ ਦਲ ਲੋਕ-ਸਭਾ ਵਿੱਚ ਤਾਂ ਬੀਜੇਪੀ ਨੂੰ 3 ਤੋਂ ਵੱਧ ਸੀਟਾਂ ਦੇਣ ਨੂੰ ਤਿਆਰ ਸੀ ਪਰ ਵਿਧਾਨਸਭਾ ਵਿੱਚ ਅੱਧੋਂ-ਅੱਧ ਕਰਨ ਨੂੰ ਤਿਆਰ ਨਹੀਂ ਸੀ । ਇਸੇ ਲਈ ਫ਼ਿਲਹਾਲ ਦੋਵਾਂ ਦੇ ਵਿਚਾਲੇ ਸਮਝੌਤਾ ਸਿਰੇ ਨਹੀਂ ਚੜ ਸਕਿਆ । ਇਸੇ ਲਈ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਬੀਜੇਪੀ ਨੇ ਵੀ ਢੀਂਡਸਾ ਨੂੰ ਅਸਲੀ ਅਕਾਲੀ ਦਲ ਦੱਸਣਾ ਸ਼ੁਰੂ ਕਰ ਦਿੱਤਾ ਹੈ ।

ਸੂਬਾ ਬੀਜੇਪੀ ਨੇ ਵੀ ਬਦਲੀ ਰਣਨੀਤੀ

ਉੱਧਰ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਭਾਜਪਾ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਸਤਿਕਾਰ ਕਰਦੀ ਹੈ। ਉਹ ਦੇਸ਼ ਭਗਤ ਸਨ। ਦੇਸ਼ ਲਈ ਐਨਡੀਏ ਬਣਾਉਣ ਵਿਚ ਉਨ੍ਹਾਂ ਦਾ ਬੜਾ ਵੱਡਾ ਯੋਗਦਾਨ ਸੀ। ਬਾਦਲ ਨੂੰ ਚਾਹੁਣ ਵਾਲੇ ਸਾਡੇ ਸਮਰਥਨ ਵਿਚ ਹਨ, ਸਾਡੇ ਨਾਲ ਹਨ। ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕਰਾਂਗਾ ਕਿ ਜੇਕਰ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਦੇ ਹਨ ਤਾਂ ਉਹ ਸੁਖਦੇਵ ਸਿੰਘ ਢੀਂਡਸਾ ਸਣੇ ਹੋਰ ਭਾਜਪਾ ਦਾ ਸਮਰਥਨ ਕਰਨ ਵਾਲੇ ਅਕਾਲੀ ਆਗੂਆਂ ਦੀ ਅਗਵਾਈ ਵਿਚ ਭਾਜਪਾ ਦਾ ਸਾਥ ਦੇਣ ਤਾਂ ਜੋ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਪਾ ਸਕੀਏ। ਇਸ ਲਈ ਢੀਂਡਸਾ ਦੇ ਅਗਵਾਈ ਵਿਚ ਇਕੱਠੇ ਹੋ ਜਾਣਾ ਚਾਹੀਦਾ ਹੈ।