ਚੰਡੀਗੜ੍ਹ : ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਚਾਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੰਦਰੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗ ਡਰੋਨ ਰਾਂਹੀਂ ਹਥਿਆਰ ਅਤੇ ਹੈਰੋਇਨ ਖਰੀਦਣ ਵਾਲੇ ਕੰਮ ਨਾਲ ਜੁੜੇ ਹੋਏ ਸਨ। ਮੁਲਜ਼ਮਾਂ ਕੋਲੋਂ ਇੱਕ ਚੀਨੀ ਪਿਸਤੌਲ, ਪੰਜ ਕਾਰਤੂਸ, 270 ਗ੍ਰਾਮ ਹੈਰੋਇਨ ਅਤੇ ਇੱਕ ਔਡੀ ਕਾਰ ਬਰਾਮਦ ਹੋਈ ਹੈ। ਪੁੱਛਗਿੱਛ ‘ਚ ਹੋਰ ਵੀ ਕਈ ਰਾਜ਼ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਵਿੱਚ ਕਿਹਾ, “ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਵਿੱਚ, #AGTF ਨੇ @BathindaPolice ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬਲਜਿੰਦਰ ਸਿੰਘ ਉਰਫ ਬਿੰਦਰੀ, ਜੋ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਹਨ, ਨੂੰ ਉਸਦੇ 3 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ।”
ਉਨ੍ਹਾਂ ਨੇ ਟਵੀਟ ਕੀਤਾ, “ਉਨ੍ਹਾਂ ਦਾ ਅਪਰਾਧਿਕ ਇਤਿਹਾਸ ਹੈ, ਉਨ੍ਹਾਂ ਦੇ ਖਿਲਾਫ ਜਬਰੀ ਵਸੂਲੀ, ਅਗਵਾ, ਹਥਿਆਰ ਅਤੇ ਐਨਡੀਪੀਐਸ ਐਕਟ ਨਾਲ ਸਬੰਧਤ ਕਈ ਕੇਸ ਦਰਜ ਹਨ।”
ਬਠਿੰਡਾ ਦੇ ਐਸਪੀ (ਡੀ) ਅਜੈ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਵਨ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਥਾਨਕ ਰਿੰਗ ਰੋਡ ਬਠਿੰਡਾ ਵੱਲੋਂ ਆ ਰਹੀ ਇੱਕ ਹਰਿਆਣਾ ਨੰਬਰ ਦੀ ਕਾਰ ਨੂੰ ਰੋਕਿਆ। ਇਸ ਵਿੱਚ ਸਾਰੇ ਮੁਲਜ਼ਮ ਸਵਾਰ ਸਨ। ਜਦੋਂ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਉਕਤ ਸਾਮਾਨ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਜਿੰਦਰ ਸਿੰਘ ਉਰਫ਼ ਬਿੰਦਰੀ ਨੇ ਪੁਲੀਸ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਦੇ ਪਾਕਿਸਤਾਨ ਵਿੱਚ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਉਹ ਪਾਕਿਸਤਾਨ ਤੋਂ ਹੈਰੋਇਨ ਡਰੋਨ ਰਾਹੀਂ ਬਠਿੰਡਾ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਤਸਕਰੀ ਕਰਦਾ ਹੈ। ਉਸਨੇ ਇਹ ਵੀ ਮੰਨਿਆ ਕਿ ਉਸਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਕਈ ਵਾਰ ਹੈਰੋਇਨ ਮੰਗਵਾਈ ਸੀ।
ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਹੈਰੋਇਨ ਤਸਕਰੀ ਦੇ 9 ਕੇਸ ਦਰਜ ਹਨ। ਇਸ ਦੇ ਨਾਲ ਹੀ ਮੁਲਜ਼ਮ ਮਨੀ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋ ਅਤੇ ਗੋਰਾ ਖ਼ਿਲਾਫ਼ ਇੱਕ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਵਿਰੁੱਧ ਫਿਰੌਤੀ, ਅਗਵਾ, ਅਸਲਾ ਅਤੇ ਐਨਡੀਪੀਐਸ ਐਕਟ ਦੇ ਵੀ ਕੇਸ ਦਰਜ ਹਨ। ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਗਿਆ।