ਚੰਡੀਗੜ੍ਹ : ਪੰਜਾਬ ਵਿੱਚ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ। ਹੁਣ ਅਗਲੇ ਦਿਨਾਂ ਲਈ ਵੀ ਚੰਡੀਗੜ੍ਹ ਮੌਸਮ ਕੇਂਦਰ ਨੇ ਚਿਤਾਵਨੀ ਜਾਰੀ ਕੀਤੀ ਹੈ। ਜਿਸ ਮੁਤਾਬਕ ਕੱਲ੍ਹ ਨੂੰ ਯਾਨੀ ਅੱਠ ਜੁਲਾਈ ਨੂੰ ਮਾਝਾ ਅਤੇ ਦੋਆਬਾ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਓਰੈਂਜ ਅਲਰਟ ਹੈ ਜਦਕਿ ਪੱਛਮੀ ਅਤੇ ਪੂਰਬੀ ਮਾਲਵਾ ਵਿਖੇ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਹੋਇਆ ਹੈ।
9 ਜੁਲਾਈ ਨੂੰ ਦੋਆਬਾ ਅਤੇ ਪੂਰਬੀ ਮਾਲਵਾ ਵਿਖੇ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਹੈ। ਮਾਝਾ ਅਤੇ ਪੱਛਮੀ ਮਾਲਵਾ ਦੇ ਜ਼ਿਆਦਾਤਰ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ।
10 ਜੁਲਾਈ ਨੂੰ ਦੋਆਬਾ ਅਤੇ ਪੂਰਬੀ ਮਾਲਵਾ ਵਿਖੇ ਦੇ ਜ਼ਿਆਦਾਤਰ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ। ਜਦਕਿ ਪੱਛਮੀ ਮਾਲਵਾ ਵਿਖੇ ਕਿਤੇ ਕਿਤੇ ਕਿਣ-ਮਿਣ ਅਤੇ ਮਾਝਾ ਖੇਤਰ ਖ਼ੁਸ਼ਕ ਰਹੇਗਾ। 11 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿਖੇ ਕਿਤੇ ਕਿਤੇ ਹਲਕਾ ਮੀਂਹ ਅਤੇ ਪੱਛਮੀ ਮਾਲਵਾ ਖ਼ੁਸ਼ਕ ਰਹੇਗਾ।
ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਕਿਤੇ ਕਿਤੇ ਗਰਜ ਚਮਕ ਦਾ ਮੌਸਮ ਬਣਿਆ ਰਹੇਗਾ।
ਬੀਤੇ ਦਿਨ ਹੁਸ਼ਿਆਰਪੁਰ ਵਿਖੇ 33.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿਖੇ ਸਭ ਤੋਂ ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਖੇਤਰ ਮਾਝਾ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਾਰਨ ਤਾਰਨ ਜ਼ਿਲ੍ਹੇ ਆਉਂਦੇ ਹਨ।
-ਦੋਆਬਾ ਵਿੱਚ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਜਲੰਧਰ।
-ਪੱਛਮੀ ਮਾਲਵਾ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ।
-ਪੂਰਬੀ ਮਾਲਵਾ ਵਿੱਚ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਸ਼ਾਮਲ ਹੈ।