Punjab

ਸਿੱਖ ਆਗੂਆਂ ਖਿਲਾਫ਼ ਮਾੜੀ ਭਾਸ਼ਾ ਵਰਤਨ ਵਾਲਾ ਸ਼ਿਵਸੈਨਾ ਆਗੂ ਕਾਬੂ ! PM ਮੋਦੀ ਦਾ ਨਾਂ ਵਰਤ ਕੇ ਕਰ ਰਿਹਾ ਸੀ ਇਹ ਕੰਮ !

ਬਿਊਰੋ ਰਿਪੋਰਟ : ਪਟਿਆਲਾ ਪੁਲਿਸ ਨੇ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਸਿੱਖ ਭਾਈਚਾਰੇ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਨਫ਼ਰਤ ਭਰੀ ਭਾਸ਼ਾ ਦੇ ਮਾਮਲੇ ਵਿੱਚ ਸਿੰਗਲਾ ਦੀ ਗ੍ਰਿਫ਼ਤਾਰੀ ਹੋਈ ਹੈ । ਥਾਣਾ ਕੋਤਵਾਲੀ ਪੁਲਿਸ ਨੇ ਹਰੀਸ਼ ਸਿੰਗਲਾ ਨੂੰ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਫਿਰ ਅਦਾਲਤ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਵਰਤਦੇ ਹੋਏ ਸਿੱਖ ਆਗੂਆਂ ਦਾ ਜਲਦ ਤੋਂ ਜਲਦ ਹਿਸਾਬ ਕਰਨ ਦੀ ਚਿਤਾਵਨੀ ਦਿੱਤੀ ਹੈ।

ਸਿੰਗਲਾ ਨੇ ਆਪਣੀ ਪੋਸਟ ਵਿੱਚ ਜਿਨ੍ਹਾਂ ਆਗੂਆਂ ਦਾ ਨਾਂ ਲਿਖਿਆ ਹੈ ਉਸ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ, ਗੁਰਪਤਵੰਤ ਸਿੰਘ ਪੰਨੂ, ਸਿਮਰਨਜੀਤ ਸਿੰਘ ਮਾਨ, ਜਸਬੀਰ ਸਿੰਘ ਰੋਡੇ, ਦਮਦਮੀ ਟਕਸਾਲ ਦਾ ਨਾਂ ਸ਼ਾਮਲ ਹੈ। ਸਿੰਗਲਾ ਨੇ ਪੋਸਟ ਵਿੱਚ ਲਿਖਿਆ ਕਿ ਸਾਵਣ ਮਹੀਨੇ ਵਿੱਚ ਧਰਮਰਾਜ ਨੇ ਇਨ੍ਹਾਂ ਸਾਰਿਆਂ ਦਾ ਖ਼ਾਤਮਾ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਿਆ ਹੈ ।

ਹਰੀਸ਼ ਸਿੰਗਲਾ ਵੱਲੋਂ ਕੀਤਾ ਗਿਆ ਜ਼ਹਿਰੀਲਾ ਟਵੀਟ

ਹਰੀਸ਼ ਸਿੰਗਲਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਧਰਮ ਰਾਜ ਨੇ ਖ਼ਾਲਿਸਤਾਨੀਆਂ ਦੇ ਸਫ਼ਾਏ ਦਾ ਚਾਰਜ ਨਰਿੰਦਰ ਭਾਈ ਮੋਦੀ ਨੂੰ ਦਿੱਤਾ ਹੈ,ਸਾਰੇ ਦੇਸ਼ ਭਗਤ ਇਸ ਨੇਕ ਕੰਮ ਵਿੱਚ ਮੋਦੀ ਸਾਹਿਬ ਦਾ ਸਾਥ ਦੇਣ,ਜੈ ਹਿੰਦੂ,ਜੈ ਹਿੰਦੂ ਰਾਸ਼ਟਰ’। ਇਸ ਤੋਂ ਬਾਅਦ ਸਿੰਗਲਾ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ‘ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਧਰਮ ਰਾਜ ਨੇ 59 ਦਿਨਾਂ ਦੇ ਲਈ ਚਾਰਜ ਨਰਿੰਦਰ ਭਾਈ ਮੋਦੀ ਨੂੰ ਦੇ ਦਿੱਤਾ ਹੈ। ਸਭ ਤੋਂ ਪਹਿਲਾਂ ਹਿਸਾਬ ਕਰਨ ਲਈ ਖਾਲਿਸਤਾਨੀਆਂ ਦੇ ਲਈ ਥਾਂ ਮੁਕੱਰਰ ਦਿੱਤੀ ਗਈ ਹੈ। ਗੁਰਪਤਵੰਤ ਸਿੰਘ ਪੰਨੂ ਦੇ ਨਾਲ ਸਿਮਰਨਜੀਤ ਸਿੰਘ ਮਾਨ,ਅੰਮ੍ਰਿਤਪਾਲ ਸਿੰਘ,ਜਸਬੀਰ ਸਿੰਘ ਰੋਡੇ,ਰਣਜੀਤ ਸਿੰਘ ਨੀਟਾ,ਦਮਦਮੀ ਟਕਸਾਲ । ਸਾਰੇ ਖ਼ਾਲਿਸਤਾਨ ਦੀ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਗਈ ਹੈ । ਇਨ੍ਹਾਂ ਦਾ ਹਿਸਾਬ ਜਲਦ ਹੋ ਸਕਦਾ ਹੈ।

ਸ਼ਿਵ ਸੈਨਾ ਦੇ ਕਈ ਆਗੂ ਅਜਿਹੇ ਪੋਸਟਾਂ ਦੇ ਨਾਲ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ । ਫਿਰ ਧਮਕੀ ਦੇ ਨਾਂ ‘ਤੇ ਪੁਲਿਸ ਸੁਰੱਖਿਆ ਦੇ ਜ਼ਰੀਏ ਹੋਰ ਜ਼ਹਿਰੀਲੀ ਭਾਸ਼ਾ ਦੀ ਵਰਤੋਂ ਕਰਦੇ ਹਨ। ਪੰਜਾਬ ਵਿੱਚ ਅਜਿਹੇ ਕਈ ਆਗੂ ਹਨ ਜਿਨ੍ਹਾਂ ਦਾ ਹਿਸਾਬ ਕਾਨੂੰਨ ਦੇ ਦਾਇਰੇ ਅਧੀਨ ਹੋਣਾ ਚਾਹੀਦਾ ਹੈ । ਪੁੱਛ-ਗਿੱਛ ਵਿੱਚ ਲਾਰੈਂਸ ਬਿਸ਼ਨੋਈ ਨੇ ਵੀ ਮੰਨਿਆ ਸੀ ਕਿ ਕੁਝ ਆਗੂ ਫ਼ਰਜ਼ੀ ਹਮਲੇ ਕਰਵਾ ਕੇ ਪੁਲਿਸ ਸੁਰੱਖਿਆ ਲੈਣ ਦੇ ਲਈ ਉਸ ਨੂੰ ਪੈਸੇ ਦਿੰਦੇ ਸਨ । ਅਜਿਹੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਆਗੂਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।