ਫ਼ਿਰੋਜ਼ਪੁਰ , ਬਟਾਲਾ : ਸੂਬੇ ਵਿੱਚ ਇੰਨੀ ਦਿਨੀਂ ਲੁੱਟਾਂ ਖੋਹਾਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਦਾ ਕਾਨੂੰਨ ਅਵਸਥਾ ‘ਤੇ ਉੱਠਦਾ ਜਾ ਰਿਹਾ ਹੈ। ਇਸੇ ਦੌਰਾਨ ਸੂਬੇ ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਬਟਾਲਾ ਤੋਂ ਹੈ ਜਿੱਥੇ ਦੋ ਵਿਅਕਤੀਆਂ ਨੇ ਤਿੰਨ ਜਣਿਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੂਜੀ ਘਟਨਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਹੈ ਜਿੱਥੇ ਇੱਕ ਆੜ੍ਹਤੀਏ ਦੀ ਦੁਕਾਨ ਤੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ।
ਬਟਾਲਾ ਦੇ ਸਿਟੀ ਰੋਡ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ।ਇੱਥੇ ਇਲੈੱਕਟ੍ਰਾਨਿਕ ਸ਼ੋਅਰੂਮ ਦੇ ਮਾਲਕ ਸਮੇਤ ਤਿੰਨ ਜਣਿਆਂ ‘ਤੇ ਦੋ ਵਿਅਕਤੀਆਂ ਨੇ ਦਿਨ-ਦਿਹਾੜੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਦੁਕਾਨਦਾਰ ਰਾਜੀਵ ਮਹਾਜਨ, ਉਨ੍ਹਾਂ ਦਾ ਭਰਾ ਅਨਿਲ ਮਹਾਜਨ ਤੇ ਪੁੱਤਰ ਮਾਨਵ ਮਹਾਜਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੁਕਾਨਦਾਰ ਰਾਜੀਵ ਮਹਾਜਨ ਸ਼ਿਵ ਸੈਨਾ ਸਮਾਜਵਾਦੀ ਦਾ ਸੰਗਠਨ ਮੰਤਰੀ ਹੈ। ਹਸਪਤਾਲ ਚ ਜੇਰੇ ਇਲਾਜ ਅਨਿਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ 12 ਵਜੇ ਇੱਕ ਨੌਜਵਾਨ ਨੇ ਕਿਹਾ ਕਿ ਉਸ ਨੇ ਐਲਈਡੀ ਲੈਣੀ ਹੈ ਤੇ ਉਹ ਨੌਜਵਾਨ ਦੁਬਾਰਾ ਦੁਕਾਨ ਤੋਂ ਚਲਾ ਗਿਆ।
ਏਨੇ ਚਿਰ ਨੂੰ ਉਸ ਦੇ ਨਾਲ ਇੱਕ ਹੋਰ ਨੌਜਵਾਨ ਅੰਦਰ ਆ ਗਿਆ ਤੇ ਉਨ੍ਹਾਂ ਨੇ ਆਉਂਦਿਆਂ ਹੀ ਸਾਡੇ ਉੱਤੇ ਗੋਲ਼ੀਬਾਰੀ ਕਰ ਦਿੱਤੀ ਜਿਸ ਨਾਲ ਉਹ, ਉਨ੍ਹਾਂ ਦਾ ਭਰਾ ਤੇ ਬੇਟਾ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਲਲਿਤ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ।ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਇੱਕ ਆੜ੍ਹਤੀਏ ਦੀ ਦੁਕਾਨ ਤੇ ਅਣਪਛਾਤਿਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਗੋਲੀਬਾਰੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ, ਚਿੱਟੇ ਦਿਨੇ ਬਾਈਕ ਸਵਾਰ ਅਣਪਛਾਤਿਆਂ ਵੱਲੋਂ ਤਲਵੰਡੀ ਭਾਈ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ ਦੀ ਦੁਕਾਨ ਤੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਆੜ੍ਹਤੀਆ ਤਾਂ ਦੁਕਾਨ ਵਿਚ ਨਹੀਂ ਸੀ, ਪਰ ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਬੇਕਸੂਰ ਵਿਅਕਤੀ ਮਾਰਿਆ। ਦੂਜੇ ਪਾਸੇ ਰੋਸ ਵਜੋਂ ਅੱਜ ਤਲਵੰਡੀ ਭਾਈ ਪੂਰਾ ਬੰਦ ਹੈ ਅਤੇ ਇਨਸਾਫ਼ ਦੀ ਮੰਗ ਕਰਦਿਆਂ ਹੋਇਆ ਲੋਕ ਕਹਿ ਰਹੇ ਹਨ ਕਿ, ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।