ਬਟਾਲਾ ਨੇੜਲੇ ਪਿੰਡ ਖਤੀਬ ਨੇੜੇ ਇੱਕ ਪੈਲੇਸ ਵਿੱਚ ਪਲੰਬਰ ਦਾ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਜ ਸਿੰਘ ਵਾਸੀ ਬਾਸਰਪੁਰਾ ਵਜੋਂ ਹੋਈ ਹੈ। ਰਿਸ਼ਤੇਦਾਰਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਬਾਸਰਪੁਰਾ ਵਾਸੀ ਗਗਨ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਗੁਰਮੇਜ ਸਿੰਘ (23) ਇਕ ਠੇਕੇਦਾਰ ਕੋਲ ਪਲੰਬਰ ਦਾ ਕੰਮ ਕਰਦਾ ਸੀ ਅਤੇ ਸ਼ੁੱਕਰਵਾਰ ਨੂੰ ਪਿੰਡ ਖਤੀਬ ਦੇ ਇਕ ਪੈਲੇਸ ਵਿਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਪਰ ਠੇਕੇਦਾਰ ਵੱਲੋਂ ਰਿਸ਼ਤੇਦਾਰਾਂ ਨੂੰ ਕੁਝ ਨਾ ਦੱਸਿਆ ਗਿਆ ਅਤੇ ਉਹ ਸਿੱਧੇ ਗੁਰਮੇਜ ਸਿੰਘ ਨੂੰ ਹਸਪਤਾਲ ਲੈ ਗਏ।
ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਵੱਲੋਂ ਉਨ੍ਹਾਂ ਨਾਲ ਵੀ ਮਾੜਾ ਵਿਹਾਰ ਕੀਤਾ ਗਿਆ। ਜਦੋਂ ਉਨ੍ਹਾਂ ਠੇਕੇਦਾਰ ਨੂੰ ਪੁੱਛਿਆ ਕਿ ਉਸ ਨੇ ਪਰਿਵਾਰ ਨੂੰ ਸੂਚਿਤ ਕਿਉਂ ਨਹੀਂ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਕੋਲ ਕਿਸੇ ਦਾ ਨੰਬਰ ਨਹੀਂ ਹੈ, ਪਰ ਪਰਿਵਾਰ ਦਾ ਕਹਿਣਾ ਹੈ ਕਿ ਠੇਕੇਦਾਰ ਕੋਲ ਸਾਰਿਆਂ ਦਾ ਨੰਬਰ ਹੈ, ਪਰ ਫਿਰ ਵੀ ਉਸ ਵੱਲੋਂ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ ਗਿਆ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਗੁਰਮੇਜ ਸਿੰਘ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ |
ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਵਲ ਲਾਈਨ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਪੁਲਿਸ ਟੀਮ ਨੂੰ ਮੌਕੇ ’ਤੇ ਭੇਜ ਦਿੱਤਾ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਜੋ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।