Religion

ਬਾਣੀ ਦੇ ਬੋਹਿਥ, ਮਹਾਨ ਕੀਰਤਨੀਏ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ 1563 ਈਸਵੀ ਨੂੰ ਹੋਇਆ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨ ਸਾਹਿਬਜ਼ਾਦੇ ਸਨ: ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਸ਼੍ਰੀ ਗੁਰੂ ਅਰਜਨ ਦੇਵ ਜੀ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਦਾ ਬੋਹਿਥਾ ਕਹਿੰਦੇ ਹਨ, ਬਾਣੀ ਦਾ ਸਾਗਰ ਕਹਿੰਦੇ ਹਨ। ਆਪ ਜੀ ਦਾ ਪ੍ਰਕਾਸ਼ ਬਹੁਤ ਅਦੁੱਤੀ ਹੈ, ਮਹਾਨ ਹੈ।

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਚਪਨ ਦੇ ਮੁੱਢਲੇ 11 ਸਾਲ ਸ਼੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਗੁਜ਼ਾਰੇ। ਆਪ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਗੋਦ ਵਿੱਚ ਅਕਸਰ ਖੇਡਦੇ ਸਨ ਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅਸੀਸ ਅਕਸਰ ਆਪ ਜੀ ਨੂੰ ਨਸੀਬ ਹੁੰਦੀ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਆਪ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਿੰਘਾਸਨ ਦੇ ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਆਪ ਜੀ ਦੇ ਮਾਤਾ ਜੀ ਭੱਜੇ ਹੋਏ ਆਏ ਅਤੇ ਆਪ ਜੀ ਨੂੰ ਪਕੜ ਲਿਆ। ਉਹ ਆਪ ਨੂੰ ਸਮਝਾਉਣ ਲੱਗੇ ਕਿ ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਸ ‘ਤੇ ਨਹੀਂ ਬੈਠਣਾ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਦੋਹਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਉਸੇ ਵੇਲੇ ਆਪਣੀ ਗਲਵਕੜੀ ਵਿੱਚ ਲੈ ਲਿਆ। ਉਨ੍ਹਾਂ ਨੇ ਗੁਰੂ ਜੀ ਨੂੰ ਸਿੰਘਾਸਣ ‘ਤੇ ਬਿਠਾ ਕੇ ਕਿਹਾ ਕਿ ‘ਦੋਹਿਤਾ ਬਾਣੀ ਕਾ ਬੋਹਿਥਾ’। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਇਸ਼ਾਰੇ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੋਂਦ ਦਾ ਸਭ ਨੂੰ ਪਤਾ ਚੱਲ ਗਿਆ।   ਗੁਰੂ ਜੀ ਨੇ ਬਚਪਨ ਵਿੱਚ ਹੀ ਆਪਣੇ ਨਾਨਾ ਸ਼੍ਰੀ ਗੁਰੂ ਅਮਰਦਾਸ ਜੀ ਕੋਲੋਂ ਗੁਰਮੁਖੀ ਵਿੱਚ ਮੁਹਾਰਤ ਹਾਸਿਲ ਕੀਤੀ। ਬਚਪਨ ਵਿੱਚ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ, ਦੇਵਨਾਗਰੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਹੋ ਗਿਆ।

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਫਿਲੌਰ ਤਹਿਸੀਲ ਦੇ ਵਸਨੀਕ ਕਿਸ਼ਨ ਚੰਦ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। ਵਿਆਹ ਸਮੇਂ ਉਹਨਾਂ ਦੀ ਉਮਰ ਲਗਭਗ 16 ਸਾਲ ਸੀ। ਮਾਤਾ ਗੰਗਾ ਜੀ ਦੀ ਕੁੱਖੋਂ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਬਿ ਜੀ ਦਾ ਪ੍ਰਕਾਸ਼ ਹੋਇਆ।   ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ 1 ਸਤੰਬਰ, 1581 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਗੁਰਿਆਈ ਮਿਲਣ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ।

18 ਸਾਲ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਤੇ ਇੰਨੀ ਛੋਟੀ ਉਮਰ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਲੈਣਾ ਤੇ ਉਸਨੂੰ ਬਾ-ਖੂਬੀ ਨਿਭਾਉਣਾ ਬਹੁਤ ਵੱਡੀ ਗੱਲ ਹੈ। ਗੁਰੂ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸਾਂਭਦਿਆਂ ਮਨੁੱਖਤਾ ਲਈ ਜਿਹੜੇ ਮਹਾਨ ਕਾਰਜ ਕੀਤੇ, ਉਨ੍ਹਾਂ ਦਾ ਵਰਨਣ ਹੇਠਾਂ ਕੀਤਾ ਗਿਆ ਹੈ।

ਸ਼੍ਰੀ ਹਰਿਮੰਦਰ ਸਾਹਿਬ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਦੇਣ ਹੈ। ਆਪ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਅਤੇ ਉੱਥੇ ਸੱਚਖੰਡ ਦਾ ਮਹਾਨ ਪ੍ਰਵਾਹ ਚਲਾਇਆ। ਸੰਗੀਤ ਤੇ ਕਵਿਤਾ ਆਪ ਜੀ ਦੇ ਰੋਮ-ਰੋਮ ਵਿੱਚ ਸਮਾਈ ਹੋਈ ਹੈ। ਕੀਰਤਨ ਦੇ ਆਪ ਜੀ ਇੰਨੇ ਆਸ਼ਿਕ ਸਨ ਕਿ ਕੀਰਤਨ ਤੋਂ ਬਿਨਾਂ ਆਪ ਰਹਿ ਹੀ ਨਹੀਂ ਸਕਦੇ ਸੀ।   ਇੱਕ ਵਾਰ ਜਦ ਸੱਤੇ ਤੇ ਬਲਵੰਡ ਨੇ ਕੀਰਤਨ ਕਰਨ ਤੋਂ ਇਨਕਾਰ ਕੀਤਾ ਤਾਂ ਆਪ ਜੀ ਖੁਦ ਹੀ ਸਾਰੰਦਾ ਲੈ ਕੇ ਝੂਮ-ਝੂਮ ਕੇ ਅਨੰਦਮਈ ਰੂਪ ਵਿੱਚ ਕੀਰਤਨ ਕਰਨ ਲੱਗ ਪਏ। ਸਾਰੰਦੇ ਦੀ ਧੁਨ ਨਾਲ ਗੁਰੂ ਜੀ ਨੇ ਆਪਣੇ ਅੰਦਰ ਦੇ ਸੰਗੀਤ ਨੂੰ ਬਾਹਰ ਪ੍ਰਗਟ ਕੀਤਾ।

ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਜਿੱਥੇ ਆਪ ਜੀ ਮਹਾਨ ਬਾਣੀ ਦੇ ਬੋਹਿਥੇ ਹੋ, ਉੱਥੇ ਹੀ ਆਪ ਜੀ ਮਹਾਨ ਸੰਗੀਤਕਾਰ, ਕੀਰਤਨੀਏ ਵੀ ਹੋ।  ਆਪ ਜੀ ਨੇ ਚਾਰ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ ਇਕੱਠਾ ਕਰਕੇ ਆਪਣੀ ਬਾਣੀ ਸਮੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਅਤੇ ਫਿਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਦੇ ਨਾਲ-ਨਾਲ ਕਈ ਬਾਣੀਆਂ ਦੀ ਰਚਨਾ ਵੀ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ। ਆਪ ਜੀ ਦੇ ਕੁੱਲ 2312 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਗੁਰੂ ਸਾਹਿਬ ਜੀ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਸੁਖਮਨੀ ਸਾਹਿਬ, ਬਾਰਹਮਾਂਹ, ਬਾਵਨ ਅੱਖਰੀ, ਵਾਰਾਂ ਆਦਿ ਸ਼ਾਮਿਲ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ।

ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਮਲ ਹਿਰਦੇ ਦੇ ਮਾਲਕ ਸਨ। ਸੱਤਵਾਦੀ ਪੁਰਸ਼ ਪਰੰਪਰਾਵਾਦੀ ਨਹੀਂ ਹੁੰਦੇ ਜਿਸ ਕਰਕੇ ਗੁਰੂ ਜੀ ਦਾ ਸੱਤਾਧਾਰੀਆਂ ਨਾਲ ਅਕਸਰ ਟਾਕਰਾ ਹੋ ਜਾਂਦਾ। ਸਮੇਂ ਦੀ ਹਕੂਮਤ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਟਕਰਾਈ। ਗੁਰੂ ਜੀ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਬੁਰਾ ਸਲੂਕ ਕੀਤਾ, ਖਾਸ ਕਰਕੇ ਆਪ ਜੀ ਦੇ ਵੱਡੇ ਭਰਾ ਨੇ ਆਪ ਜੀ ਨਾਲ ਬਹੁਤ ਵੈਰ ਕੀਤਾ।

ਅਕਬਰ ਦੇ ਪੁੱਤਰ ਜਹਾਂਗੀਰ ਦੇ ਤਖ਼ਤ ‘ਤੇ ਬੈਠਣ ਤੋਂ ਬਾਅਦ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਦੀ ਸਿਫ਼ਤ ਵਿੱਚ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਜੀ ਨੇ ਸਾਫ ਇਨਕਾਰ ਕਰ ਦਿੱਤਾ।

ਅਖੀਰ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਸ਼ਹੀਦੀ ਸਮੇਂ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ‘ਤੇ ਬਿਠਾ ਕੇ ਸੀਸ ‘ਤੇ ਗਰਮ ਰੇਤ ਪਾਈ ਗਈ। ਕਈ ਤਸੀਹਿਆਂ ਤੋਂ ਬਾਅਦ 1606 ਈਸਵੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ।