Punjab

4 ਮਹੀਨੇ ‘ਚ ਪੰਜਾਬ ‘ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਦੂਜੀ ਵਾਰ ਵਧੀ ! ‘ਪੈਟਰੋਲ ‘ਤੇ ਸ਼ਰਾਬ ਵਰਗਾ ਫਾਰਮੂਲਾ ਲਾਗੂ ਕਰੇ ਸਰਕਾਰ’ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਤੋਂ ਬਾਅਦ ਹੁਣ ਜਨਤਾ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਲੈਕੇ ਵੱਡਾ ਝਟਕਾ ਦਿੱਤਾ ਹੈ, ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ 1 ਰੁਪਏ ਵੈੱਟ ਵਧਾਉਣ ਦਾ ਫੈਸਲਾ ਲਿਆ ਹੈ ।
ਇਹ ਫੈਸਲਾ ਐਤਵਾਰ ਰਾਤ 12 ਵਜੇ ਤੋਂ ਲਾਗੂ ਹੋ ਗਿਆ ਹੈ , ਯਾਨੀ ਅੱਜ ਤੋਂ ਹੀ ਤੁਹਾਨੂੰ ਗੱਡੀ ਵਿੱਚ ਪੈਟਰੋਲ ਜਾਂ ਫਿਰ ਡੀਜ਼ਲ ਪਾਉਣ ਦੇ ਵੱਧ ਕੀਮਤ ਦੇਣੀ ਹੋਵੇਗੀ । ਇਸ ਤੋਂ ਪਹਿਲਾਂ ਫਰਵਰੀ ਵਿੱਚ ਵੀ ਮਾਨ ਸਰਕਾਰ ਨੇ ਵੈੱਟ ਵਿੱਚ 90 ਪੈਸੇ ਦਾ ਵਾਧਾ ਕੀਤਾ ਸੀ । 4 ਮਹੀਨੇ ਦੇ ਅੰਦਰ ਲਗਾਤਾਰ ਦੂਜੀ ਵਾਰ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਧਾਉਣ ‘ਤੇ ਪੰਜਾਬ ਦੇ ਪੈਟਰੋਲ ਪੰਪ ਐਸੋਸੀਏਸ਼ਨ ਦੇ ਨਾਲ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਵੀ ਸਰਕਾਰ ਹੁਣ ਆ ਗਈ ਹੈ ।

ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਦੀ ਨਵੀਂ ਕੀਮਤ
ਪਹਿਲਾਂ ਹੁਣ
ਪੈਟਰੋਲ 98.09/L 99.02/L
ਡੀਜ਼ਲ 88.41/L 89.31/L

ਪੈਟਰੋਲ ਪੰਪ ਮਾਲਿਕਾਂ ਦਾ ਇਲਜ਼ਾਮ

ਪੰਜਾਬ ਦੇ ਪੈਟਰੋਲ ਪੰਪ ਮਾਲਿਕਾਂ ਦਾ ਇਲਜ਼ਾਮ ਹੈ ਕਿ ਪੰਜਾਬ ਵਿੱਚ ਚੰਡੀਗੜ੍ਹ, ਹਰਿਆਣਾ,ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਮਹਿੰਗਾ ਪੈਟਰੋਲ ਅਤੇ ਡੀਜ਼ਲ ਹੋ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਇਸ ਦੀ ਸਮਗਲਿੰਗ ਵੀ ਵੱਧ ਜਾਵੇਗੀ, ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਮੁਹਾਲੀ ਪੈਟਰੋਲ ਪੰਪ ਦੇ ਮਾਲਿਕ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਹਿਮਾਚਲ,ਚੰਡੀਗੜ੍ਹ ਵਿੱਚ ਪੈਟਰੋਲ ਪੰਜਾਬ ਨਾਲੋ 5 ਰੁਪਏ ਸਸਤਾ ਹੈ ਜਦਕਿ ਜੰਮੂ-ਕਸ਼ਮੀਰ ਵਿੱਚ 6 ਰੁਪਏ ਸਸਤਾ ਹੈ। ਪਠਾਨਕੋਟ,ਗੁਰਦਾਸਪੁਰ ਦੇ ਨਾਲ ਲੱਗ ਦੇ ਪੈਟਰੋਲ ਪੰਪਾਂ ਨੂੰ ਨੁਕਸਾਨ ਹੁੰਦਾ ਹੈ, ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਪੈਟਰੋਲ ਸਸਤਾ ਹੋਣ ਦੀ ਵਜ੍ਹਾ ਕਰਕੇ ਮੁਹਾਲੀ ਅਤੇ ਹੋਰ ਜ਼ਿਲ੍ਹਿਆਂ ਦੇ ਪੈਟਰੋਲ ਪੰਪਾਂ ਨੂੰ ਨੁਕਸਾਨ ਹੁੰਦਾ ਹੈ । ਜਿਹੜੇ ਜ਼ਿਲ੍ਹੇ ਹਿਮਾਚਲ ਦੇ ਨਜ਼ਦੀਕ ਹਨ ਉਨ੍ਹਾਂ ਪੈਟਰੋਲ ਪੰਪਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਸ਼ਰਾਬ ਵਾਲੇ ਫਾਰਮੂਲੇ ‘ਤੇ ਕੰਮ ਕਰੇ ਸਰਕਾਰ

ਪੈਟਰੋਲ ਪੰਪ ਦੇ ਮਾਲਿਕ ਅਸ਼ਵਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹ ਸਮਝਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਸ਼ਰਾਬ ਚੰਡੀਗੜ੍ਹ ਤੋਂ ਸਸਤੀ ਕਰਕੇ 700 ਕਰੋੜ ਕਮਾਏ ਸਨ ਉਸੇ ਤਰ੍ਹਾਂ ਉਨ੍ਹਾਂ ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਵੀ ਇਹ ਹੀ ਨਿਯਮ ਲਾਗੂ ਕਰਨਾ ਚਾਹੀਦਾ ਹੈ, ਇਨ੍ਹਾਂ ਦੋਵਾਂ ਚੀਜ਼ਾ ‘ਤੇ ਵੈਟ ਵਧਾਕੇ ਸਰਕਾਰ ਆਪਣਾ ਹੀ ਨੁਕਸਾਨ ਕਰ ਰਹੀ ਹੈ ਇਸ ਨਾਲ ਤੇਲ ਦੀ ਸਮੱਲਿੰਗ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ 2022 ਵਿੱਚ ਅਸੀਂ 12 ਹਜ਼ਾਰ ਲੀਟਰ ਪੈਟਰੋਲ ਐਕਸਾਇਜ਼ ਵਿਭਾਗ ਨੂੰ ਫੜਾਇਆ ਸੀ ਪਰ ਐੱਫਆਈਆਰ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ।

ਬੀਜੇਪੀ ਨੇ ਚੁੱਕੇ ਸਵਾਲ

4 ਮਹੀਨੇ ਵਿੱਚ ਲਗਾਤਾਰ ਦੂਜੀ ਵਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਉਣ ‘ਤੇ ਬੀਜੇਪੀ ਨੇ ਮਾਨ ਸਰਕਾਰ ਨੂੰ ਘੇਰਿਆ ਹੈ,ਬੁਲਾਰੇ ਅਨਿਲ ਸਰੀਨ ਨੇ ਕਿਹਾ ਮਾਨ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਬਿਜਲੀ ਦਾ ਝਟਕਾ ਦਿੱਤਾ ਹੁਣ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ 4 ਮਹੀਨੇ ਵਿੱਚ 1 ਰੁਪਏ 90 ਪੈਸੇ ਦਾ ਵਾਧਾ ਕਰਕੇ ਆਮ ਜਨਤਾ ਦੀ ਕਮਰ ਤੋੜ ਦਿੱਤੀ ਹੈ, ਉਨ੍ਹਾਂ ਨੇ ਕਿਹਾ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਉਹ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਘਟਾਉਣ ਲਈ ਤਾਂ ਅਸੀਂ ਸਰਕਾਰ ਨੂੰ ਘੇਰਾਗੇ । ਉਧਰ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਲੈਕੇ ਘੇਰਿਆ ਹੈ ।