Punjab

ਨਸ਼ਿਆਂ ਖਿਲਾਫ਼ ਸੰਘਰਸ਼ ਕਰ ਰਹੇ ਨੌਜਵਾਨ ਦੇ ਹੱਕ ‘ਚ ਫ਼ੈਸਲਾ, ਲੋਕ ਏਕਤਾ ਦੀ ਇਤਿਹਾਸਕ ਜਿੱਤ

MANSA, DRUG CASE, PUNJAB NEWS, PROTEST

ਮਾਨਸਾ :  ਪਿਛਲੇ ਕਰੀਬ ਇੱਕ ਮਹੀਨੇ ਤੋਂ ਨਸ਼ਿਆਂ ਖਿਲਾਫ਼ ਮੁਹਿੰਮ ਦੀ ਸੁਰੂਆਤ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਤੇ ਤਿੰਨ ਹੋਰ ਨੌਜਵਾਨਾਂ ਖਿਲਾਫ ਦੋ ਦਿਨ ਪਹਿਲਾ ਮਾਨਸਾ ਪੁਲਿਸ ਵੱਲੋਂ ਦਰਜ ਕੀਤੇ ਇਰਾਦਾ ਕਤਲ ਦੇ ਪਰਚੇ ਦੇ ਖਿਲਾਫ਼ ਅੱਜ ਬਾਲ ਭਵਨ ਵਿਖੇ ਭਾਰੀ ਗਿਣਤੀ ਵਿਚ ਜੁੜੇ ਮਾਨਸਾ ਦੀਆਂ ਸਮੂਹ ਪਾਰਟੀਆਂ, ਸੰਘਰਸ਼ੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਐੱਸਐੱਸਪੀ ਮਾਨਸਾ ਨੇ ਕੇਸ ਰੱਦ ਕਰਕੇ ਪਰਮਿੰਦਰ ਸਿੰਘ ਝੋਟਾ ਨੁੂੰ ਜਲਦ ਰਿਹਾ ਕਰਨ, ਡੀਐਸਪੀ ਤੇ ਡਰੱਗ ਇੰਸਪੈਕਟਰ ਖ਼ਿਲਾਫ਼ ਪੜਤਾਲ ਕਰਾਉਣ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਐੱਸਐੱਸਪੀ ਵਲੋਂ ਇਹ ਐਲਾਨ ਐਸਪੀ (ਡੀ) ਬੀਕੇ ਸਿੰਗਲਾ ਨੇ ਧਰਨੇ ਦੇ ਮੰਚ ‘ਤੇ ਪਹੁੰਚ ਕੇ ਕੀਤਾ।

ਧਰਨਾਕਾਰੀਆਂ ਨੇ ਮਾਨਸਾ ਮੈਡੀਕਲ ਹਾਲ ਵਾਲਿਆਂ ਦੀ ਨਸ਼ਾ ਵੇਚਦਿਆਂ ਦੀ ਵੀਡੀਓ ਬਣਾ ਲੈਣ ਬਦਲੇ ਪੁਲਸ ਥਾਣਾ ਮਾਨਸਾ ਸਿਟੀ-1 ਦੇ ਮੁਲਾਜ਼ਮ ਸੱਤਪਾਲ ਵਲੋਂ ਇਕ ਛੋਟੀ ਉਮਰ ਦੇ ਗੁਰਸਿੱਖ ਲੜਕੇ ਆਕਾਸ਼ ਦੀਪ ਨੂੰ ਗੈਰ-ਕਾਨੂੰਨੀ ਤੌਰ ਤੇ ਹਿਰਾਸਤ ਵਿਚ ਲੈ ਕੇ ਉਸ ਦੀ ਰਾਤ ਭਰ ਕੁੱਟ ਮਾਰ ਕਰਨ, ਗਾਲਾਂ ਦੇ ਕੇ ਅਪਮਾਨਤ ਕਰਨ ਅਤੇ ਉਸ ਨੂੰ ਪਰਵਿੰਦਰ ਸਿੰਘ ਝੋਟਾ ਦਾ ਨਾਂ ਲੈਣ ਲਈ ਮਜ਼ਬੂਰ ਕਰਨ ਦੀ ਅਤੇ ਆਕਾਸ਼ ਦਾ ਫੋਨ ਖੋਹ ਲੈਣ ਦੀ ਸਖਤ ਨਿਖੇਧੀ ਕਰਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੋਸ਼ੀ ਪੁਲਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਜਾਵੇ।

ਅੱਜ ਦੇ ਧਰਨੇ ‘ਚ ਲੋਕਾਂ ਦੇ ਦਬਾਅ ਸਦਕਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਗੁਰਪ੍ਰੀਤ ਸਿੰਘ ਭੁੱਚਰ ਨੁੂੰ ਵੀ ਸ਼ਾਮਿਲ ਹੋਣਾ ਪਿਆ। ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ਦੇ ਬਾਵਜੂਦ ‘ਨਸ਼ਾ ਨਹੀਂ, ਰੁਜ਼ਗਾਰ ਦਿਓ’ ਮੁਹਿੰਮ ਕਮੇਟੀ ਦੇ ਆਗੂਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਤੱਕ ਬਾਲ ਭਵਨ ਵਿਖੇ ਪੱਕਾ ਮੋਰਚਾ ਜਾਰੀ ਰਹੇਗਾ।

ਅੱਜ ਦੇ ਇਕੱਠ ਨੁੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈੰਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਵਲੋਂ ਕਾਮਰੇਡ ਕ੍ਰਿਸ਼ਨ ਚੌਹਾਨ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ, ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸ੍ਰੋਮਣੀ ਅਕਾਲੀ ਦਲ ਮਾਨ ਦੇ ਗੁਰਸੇਵਕ ਸਿੰਘ ਜਵਾਹਰਕੇ, ਸ੍ਰੋਮਣੀ ਕਮੇਟੀ ਮੈੰਬਰ ਗੁਰਪ੍ਰੀਤ ਸਿੰਘ ਝੱਬਰ, ਜਸਬੀਰ ਕੌਰ ਨੱਤ ਆਗੂ ਪ੍ਰਗਤੀਸੀਲ ਇਸਤਰੀ ਸਭਾ, ਕਾਂਗਰਸ ਵਲੋਂ ਡਾ: ਮਨਜੀਤ ਰਾਣਾ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਏਟਕ ਵਲੋਂ ਕੁਲਵਿੰਦਰ ਸਿੰਘ ਉੱਡਤ, ਜਸਵੰਤ ਸਿੰਘ ਬਹੁਜਨ ਮੁਕਤੀ ਮੋਰਚਾ, ਰਾਜ ਸਿੰਘ ਖਾਲਸਾ, ਕ੍ਰਿਸ਼ਨਾ ਰਾਣੀ ਐਮ ਸੀ, ਐਡਵੋਕੇਟ ਬਲਵੰਤ ਭਾਟੀਆ , ਦੋਧੀ ਡੇਅਰੀ ਯੂਨੀਅਨ ਵੱਲੋਂ ਸੂਬਾ ਜਨਰਲ ਸਕੱਤਰ ਸੱਤਪਾਲ ਸਿੰਘ ਮਾਨਸਾ ਤੇ ਸ਼ਹਿਰੀ ਪ੍ਰਧਾਨ ਬੇਅੰਤ ਸਿੰਘ ਅਸਪਾਲ, ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ, ਰਜਿੰਦਰ ਸਿੰਘ ਸਰਪੰਚ ਜਵਾਹਰਕੇ, ਡਾਕਟਰ ਧੰਨਾ ਮੱਲ ਗੋਇਲ, ਸੱਤਪਾਲ ਰਿਸ਼ੀ, ਡੈਮੋਕਰੇਟਿਕ ਟੀਚਰਜ ਫਰੰਟ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਮਾਨਸਾ, ਬੀਐਸਪੀ ਦੇ ਭੁਪਿੰਦਰ ਬੀਰਬਲ, ਸੀਪੀਐਮ ਦੇ ਘਨਸ਼ਿਆਮ ਨਿੱਕੂ, ਐਡਵੋਕੇਟ ਗੁਰਲਾਭ ਸਿੰਘ ਮਾਹਿਲ, ਬਲਜੀਤ ਸਿੰਘ ਸੇਠੀ, ਕਾਕਾ ਲਾਦੇਨ, ਨਿਰਮਲ ਮੌਜੀਆ, ਬੀਕੇਯੂ (ਧਨੇਰ) ਦੇ ਬਲਜਿੰਦਰ ਸਿੰਘ ਖਿਆਲਾ, ਜਗਦੀਪ ਸਿੰਘ ਗੋਲੂ, ਲੱਖਾ ਸਿਧਾਣਾ, ਡਾ: ਸਿਕੰਦਰ ਸਿੰਘ ਘਰਾਂਗਣਾ, ਬੀਕੇਯੂ (ਉਗਰਾਹਾਂ) ਦੇ ਸੁਖਵਿੰਦਰ ਸਿੰਘ ਮਾਖਾ, ਬੀਕੇਯੂ ਕ੍ਰਾਂਤੀਕਾਰੀ ਦੇ ਹਰਚਰਨ ਸਿੰਘ ਬੁਰਜ ਹਰੀ, ਪਰਵਿੰਦਰ ਝੋਟੇ ਦੀ ਮਾਤਾ ਅਮਰਜੀਤ ਕੌਰ, ਇੰਦਰਜੀਤ ਮੁਨਸ਼ੀ, ਮਾਨ ਬਠਿੰਡੇ ਆਲਾ, ਲੋਕ ਅਧਿਕਾਰ ਲਹਿਰ ਦੇ ਰੁਪਿੰਦਰ ਸਿੰਘ, ਮਜ਼ਦੂਰ ਮੁਕਤੀ ਮੋਰਚੇ ਦੇ ਵਿਜੈ ਭੀਖੀ ਤੇ ਬਲਵਿੰਦਰ ਸਿੰਘ ਘਰਾਂਗਣਾ, ਰਣਧੀਰ ਸਿੰਘ ਧੀਰਾ , ਵਿੱਕੀ ਸਿੰਘ, ਗੁਰਦੀਪ ਸਿੰਘ ਝੁਨੀਰ, ਮਾਸਟਰ ਲਖਵਿੰਦਰ ਸਿੰਘ ਸਮੇਤ ਬੁਹਤ ਸਾਰੇ ਬੁਲਾਰਿਆਂ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਆਇਸਾ ਆਗੂ ਸੁਖਜੀਤ ਸਿੰਘ ਰਾਮਾਂਨੰਦੀ ਵਲੋਂ ਕੀਤਾ ਗਿਆ।