Punjab

ਗੁਰਬਾਣੀ ਦੇ ਪ੍ਰਸਾਰਣ ਲਈ ਜਾਰੀ ਹੋਣਗੇ ਖੁੱਲੇ ਟੈਂਡਰ ! ਪਰ ਇਹ ਸ਼ਰਤ ਜ਼ਰੂਰੀ ! ਧਾਮੀ ਨੇ CM ਮਾਨ ਨੂੰ ਕਿਹਾ ‘ਮੈਂ ਤੋਤਾ ਤਾਂ ਤੁਸੀਂ ਕੀ ? ਹੱਦ ਵਿੱਚ ਰਹੋ !

 

ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਤੀਜੇ ਦਿਨ ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ SGPC ਅਤੇ ਬਾਦਲ ਪਰਿਵਾਰ ‘ਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਗੁਰਬਾਣੀ ਦਾ ਪ੍ਰਸਾਰਣ ਸਾਰੇ ਚੈਨਲਾਂ ਦੇ ਲਈ ਫ੍ਰੀ ਹੋਣ ਦੀ ਮੰਗ ਕੀਤੀ ਤਾਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪੂਰੇ ਸਬੂਤਾਂ ਦੇ ਨਾਲ ਜਵਾਬ ਦੇਣ ਲਈ ਉਤਰੇ। ਸਭ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਗੁਰਬਾਣੀ ਵੇਚਣ ਵਰਗੇ ਸ਼ਬਦ ਬੋਲਣ ਤੋਂ ਗੁਰੇਜ਼ ਕਰਨ, ਦੂਜਾ ਉਨ੍ਹਾਂ ਨੇ ਕਿਹਾ ਸਬ ਕਮੇਟੀ ਜਲਦ ਹੀ ਗੁਰਬਾਣੀ ਦੇ ਪ੍ਰਸਾਰਣ ਦੇ ਲਈ ਨਿਯਮ ਤੈਅ ਕਰ ਰਹੀ ਹੈ ਅਤੇ ਜਲਦ ਹੀ ਟੈਂਡਰ ਜਾਰੀ ਕਰਕੇ ਸਾਰੇ ਟੀਵੀ ਅਦਾਰਿਆਂ ਨੂੰ ਬੋਲੀ ਲਗਾਉਣ ਦਾ ਮੌਕਾ ਦਿੱਤਾ ਜਾਵੇਗਾ । ਉਨ੍ਹਾਂ ਨੇ ਇਹ ਵੀ ਸ਼ਰਤ ਰੱਖੀ ਬੋਲੀ ਵਿੱਚ ਸ਼ਾਮਲ ਹੋਣ ਵਾਲਾ ਅਦਾਰਾਂ ਇਸ ਗੱਲ ਦਾ ਯਕੀਨ ਦਿਵਾਏ ਕਿ ਗੁਰਬਾਣੀ ਦਾ ਪ੍ਰਸਾਰਨ ਪੂਰੀ ਦੁਨੀਆ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਹਜ਼ਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ SGPC ਦੇ ਪ੍ਰਧਾਨ ਨੂੰ ਤੋਤਾ ਦੱਸਣ ਵਾਲੇ ਬਿਆਨ ‘ਤੇ ਵੀ ਪਲਟਵਾਰ ਕੀਤਾ ਹੈ ਅਤੇ ਉਦਾਹਰਣਾਂ ਦੇ ਜ਼ਰੀਏ ਮੀਰੀ ਪੀਰੀ ਦਾ ਸਿਧਾਂਤ ਵੀ ਸਮਝਾਇਆ । ਧਾਮੀ ਨੇ ਪਿਛਲੇ 25 ਸਾਲ ਦਾ ਟੀਵੀ ਪ੍ਰਸਾਰਣ ਦਾ ਰਿਕਾਰਡ ਵੀ ਪੇਸ਼ ਕੀਤਾ ।

SGPC ਪ੍ਰਧਾਨ ਨੇ 25 ਸਾਲਾਂ ਦੀ ਟੀਵੀ ਰਿਕਾਰਡ ਪੇਸ਼ ਕੀਤਾ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕਮੇਟੀ ਵੱਲੋਂ ਸਭ ਤੋਂ ਪਹਿਲਾਂ 1998 ਵਿੱਚ ਪੰਜਾਬੀ ਵਰਲਡ ਟੀਵੀ ਦੇ ਨਾਲ ਗੁਰਬਾਣੀ ਦੇ ਪ੍ਰਸਾਰਣ ਦਾ ਸਮਝੌਤਾ ਕੀਤਾ ਸੀ ਪਰ ਚੈਨਲ ਦੇ ਬੰਦ ਹੋਣ ਤੋਂ ਬਾਅਦ ਕਰਾਰ ਟੁੱਟ ਗਿਆ,ਫਿਰ 1999 ਵਿੱਚ ਯੂਕੇ ਖਾਲਸਾ ਵਰਲਡ ਟੀਵੀ ਦੀ ਕੰਪਨੀ ਨਾਰਥ ਇੰਡੀਆ ਟੈਲੀਵਿਜਨ ਲਿਮਟਿਡ ਦੇ ਨਾਲ ਕਰਾਰ ਹੋਇਆ ਪਰ ਉਹ ਵੀ ਵਿੱਚੋ ਛੱਡ ਕੇ ਚੱਲੇ ਗਏ । ਸ਼ਰਤ ਸੀ ਕਿ ਗੁਰਬਾਣੀ ਦਾ LIVE ਟੈਲੀਕਾਸਟ ਹੋਵੇਗਾ । ਫਿਰ ਸਤੰਬਰ 2000 ਵਿੱਚ ETC ਨਾਲ ਸਮਝੌਤਾ ਹੋਇਆ ਅਤੇ ਤੈਅ ਹੋਇਆ ਕਿ ਚੈਨਲ ਹਰ ਸਾਲ 50 ਲੱਖ ਰੁਪਏ ਦੇਵੇਗਾ ।ਪਰ ZEE NEXT ਮੀਡੀਆ ਵੱਲੋਂ ETC ਨੂੰ ਖਰੀਦਣ ਤੋਂ ਬਾਅਦ PTC ਨਾਲ 2007 ਵਿੱਚ ਸਮਝੌਤਾ ਹੋਇਆ, ਜੁਲਾਈ 2012 ਵਿੱਚ PTC ਨਾਲ 11 ਸਾਲ ਯਾਨੀ 24 ਜੁਲਾਈ 2023 ਤੱਕ ਕਰਾਰ ਹੋਇਆ ਅਤੇ ਤੈਅ ਹੋਇਆ ਕਿ ਚੈਨਲ ਹਰ ਸਾਲ ਕਮੇਟੀ ਨੂੰ 1 ਕਰੋੜ ਰੁਪਏ ਦੇਵੇਗਾ ਅਤੇ ਹਰ ਸਾਲ ਇਸ ਵਿੱਚ 10 ਫੀਸਦਾ ਦਾ ਵਾਧਾ ਹੋਵੇਗਾ ਅਤੇ ਹੁਣ ਇਹ ਵੱਧ ਕੇ 2 ਕਰੋੜ ਰੁਪਏ ਹੋ ਗਿਆ ਹੈ । ਪ੍ਰਧਾਨ ਨੇ ਦੱਸਿਆ ਕਿ PTC ਵੱਲੋਂ ਕਮੇਟੀ ਦੇ ਹੋਰ ਇਤਿਹਾਸਕ ਪ੍ਰੋਗਰਾਮਾਂ ਦੇ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ।

 

PTC ਫ੍ਰੀ ਟੂ-ਏਅਰ ਚੈਨਲ’

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿਦੇਸ਼ਾਂ ਤੋਂ ਗੁਰਬਾਣੀ ਦੇ ਜ਼ਰੀਏ PTC ਚੈਨਲ ਕਰੋੜਾਂ ਰੁਪਏ ਕਮਾਉਂਦਾ ਹੈ, ਧਾਮੀ ਨੇ ਕਿਹਾ ਅਸੀਂ ਜਾਂਚ ਕਰਵਾਈ ਹੈ ਅਤੇ ਸਾਹਮਣੇ ਆਇਆ ਹੈ ਕਿ ਚੈਨਲ ਗੁਰਬਾਣੀ ਦੇ ਲਈ ਵਿਦੇਸ਼ਾਂ ਅਤੇ ਭਾਰਤ ਦੇ ਦਰਸ਼ਕਾਂ ਤੋਂ ਕੋਈ ਚਾਰਜ ਨਹੀਂ ਕਰਦਾ ਹੈ। ਚੈਨਲ ਫ੍ਰੀ ਟੂ-ਏਅਰ ਦੀ ਪਾਲਿਸੀ ‘ਤੇ ਚੱਲ ਦਾ ਹੈ ਜਿਸ ਦੇ ਲਈ ਦਰਸ਼ਕਾਂ ਨੂੰ ਗੁਰਬਾਣੀ ਵੇਖਣ ਦੇ ਲਈ ਕੋਈ ਪੈਸਾ ਵਾਧੂ ਨਹੀਂ ਦੇਣੇ ਪੈਂਦੇ ਹਨ । ਧਾਮੀ ਨੇ ਕਿਹਾ ਅਸੀਂ ਦਰਬਾਰ ਸਾਹਿਬ ਵਿੱਚ ਵੱਧ ਕੈਮਰੇ ਨਹੀਂ ਲੱਗਾ ਸਕਦੇ ਹਾਂ ਜੋ ਕਿ ਥਾਂ ਦੀ ਕਮੀ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਸਾਰੇ ਚੈਨਲਾਂ ਨੂੰ ਲਿੰਕ ਦੇ ਜ਼ਰੀਏ ਗੁਰਬਾਣੀ ਪ੍ਰਸਾਰਨ ਦਾ ਅਧਿਕਾਰੀ ਦਿੱਤਾ ਜਾਵੇ ਤਾਂ ਉਹ ਗੁਰਬਾਣੀ ਦੇ ਵਿਚਾਲੇ ਬ੍ਰੇਕ ਲੈਣ ਦੇ ਚੱਕਣ ਵਿੱਚ ਕੁਝ ਅਜਿਹੇ ਵਿਗਿਆਪਨ ਵਿਖਾਉਂਦੇ ਹਨ ਜਿਸ ਨੂੰ ਲੈਕੇ ਸੰਗਤ ਪਹਿਲਾਂ ਵੀ ਕਈ ਵਾਰ ਇਤਰਾਜ਼ ਜ਼ਾਹਿਰ ਕਰ ਚੁੱਕੀ ਹੈ, ਧਾਮੀ ਨੇ ਮਾਨ ਦੇ SGPC ਦੇ ਪ੍ਰਧਾਨ ਦਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ‘ਤੇ ਚੁੱਕੇ ਸਵਾਲ ਦਾ ਵੀ ਜਵਾਬ ਦਿੱਤਾ ।

ਮੈਂ ਤੋਤਾ ਤਾਂ ਤੁਸੀਂ ਕੀ ?

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸਿੱਖ ਮੀਰੀ ਪੀਰੀ ਦੇ ਸਿਧਾਂਤ ਨੂੰ ਮਨ ਦੇ ਹਨ । ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ SGPC ਵਿੱਚ ਕਾਬਜ਼ ਰਹੇ,ਸਿਰਫ ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਮੋਹਨ ਸਿੰਘ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੀ ਸਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸਨ। ਧਾਮੀ ਨੇ ਕਿਹਾ ਮੈਨੂੰ ਮੁੱਖ ਮੰਤਰੀ ਬਾਦਲ ਪਰਿਵਾਰ ਦਾ ਤੋਤਾ ਕਹਿੰਦੇ ਹਨ ਤਾਂ ਉਹ ਦੱਸਣ ਕੀ ਉਹ ਦਿੱਲੀ ਦੇ ਤੋਤੇ ਨਹੀਂ ਹਨ? ਉਨ੍ਹਾਂ ਕਿਹਾ SGPC ਨੂੰ ਖੇਰੂੰ-ਖੇਰੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਆਪਣੀ ਹੱਦਾਂ ਵਿੱਚ ਰਹਿ ਕੇ ਬਿਆਨ ਦੇਣ,ਮੈਂ SGPC ਦੇ ਪ੍ਰਧਾਨ ਹੋਣ ਦੇ ਨਾਲ ਸ੍ਰੋਮਣੀ ਅਕਾਲੀ ਦਲ ਦਾ ਸਿਪਾਹੀ ਵੀ ਹਾਂ ।