Punjab

ਡਾ.ਦਲਜੀਤ ਸਿੰਘ ਚੀਮਾ ਦੇ ਮੁੱਖ ਮੰਤਰੀ ਦਿੱਲੀ ਨੂੰ ਵੱਡੇ ਸਵਾਲ,ਆਰਡੀਨੈਂਸ ਨੂੰ ਦੱਸਿਆ ਗੈਰ-ਕਾਨੂੰਨੀ

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਦਿੱਲੀ ਵਿੱਚ ਉਪ-ਰਾਜਪਾਲ ਨੂੰ ਵਾਧੂ ਸ਼ਕਤੀਆਂ ਦੇਣ ਸੰਬੰਧੀ ਲਿਆਂਗੇ ਗਏ ਆਰਡੀਨੈਂਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਗੈਰ-ਸੰਵਿਧਾਨਿਕ ਕਰਾਰ ਦਿੱਤਾ ਹੈ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਮਣੇ ਵੀ ਕਈ ਵੱਡੇ ਸਵਾਲ  ਰੱਖੇ ਹਨ।

ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ ਬਣਾਉਣ ਲਈ ਕੇਂਦਰ ਵੱਲੋਂ ਆਰਡੀਨੈਂਸ ਜਾਰੀ ਕਰਨਾ ਗੈਰ-ਸੰਵਿਧਾਨਕ, ਗੈਰ-ਜਮਹੂਰੀ ਅਤੇ ਸੰਘਵਾਦ ਦੀ ਭਾਵਨਾ ਦੇ ਵਿਰੁੱਧ ਹੈ। ਇਹ ਸੁਪਰੀਮ ਕੋਰਟ ਦੇ ਅਧਿਕਾਰ ਨੂੰ ਵੀ ਚੁਣੌਤੀ ਹੈ। ਇਸ ਲਈ ਕੇਂਦਰ ਨੂੰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ।

ਉਹਨਾਂ ਵਿਰੋਧੀ ਧਿਰ ਨੂੰ ਸਮਰਥਨ ਦੀ ਮੰਗ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਮਣੇ ਇਹ ਸਵਾਲ ਵੀ ਰੱਖਿਆ ਹੈ ਕਿ ਪਹਿਲਾਂ ਵੀ ਕੇਂਦਰ ਦੁਆਰਾ ਬਹੁਤ ਸਾਰੇ ਸੰਘ ਵਿਰੋਧੀ ਫੈਸਲੇ ਲਏ ਜਾਣ ਵੇਲੇ ਉਹ ਚੁੱਪ ਕਿਉਂ ਸਨ ?  ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ  ਕੇਜਰੀਵਾਲ ਨੂੰ ਇਹ ਸਵਾਲ ਕੀਤਾ ਹੈ ਕਿ ਉਹਨਾਂ ਨੂੰ ਇਹ ਦੱਸਣਾ ਪਵੇਗਾ ਕਿ ਜਦੋਂ ਪੰਜਾਬ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ 15 ਤੋਂ 50 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ ਸੀ ਤੇ ਡੈਮਾਂ ਦਾ ਕੰਟਰੋਲ ਕੇਂਦਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਬੀਬੀਐਮਬੀ ਦੇ ਮੈਂਬਰਾਂ ਦੀ ਨਿਯੁਕਤੀ ਵਿੱਚ ਰਾਜ ਦੇ ਅਧਿਕਾਰਾਂ ਦੀ ਅਣਦੇਖੀ ਕੀਤੀ ਗਈ ਸੀ, ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਨੂੰ ਮਾਮੂਲੀ ਦੱਸਿਆ ਗਿਆ ਸੀ, ਉਦੋਂ ਉਨ੍ਹਾਂ ਦੀ ਪਾਰਟੀ ਚੁੱਪ ਕਿਉਂ ਸੀ? ਸੀਬੀਐੱਸਈ ਦਾ ਵਿਸ਼ਾ, ਜਦੋਂ ਕੇਂਦਰ ਨੇ ਆਪਣੀਆਂ ਸੰਸਥਾਵਾਂ ਬਣਾ ਕੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਦਖਲਅੰਦਾਜ਼ੀ,ਇਹਨਾਂ ਸਾਰੇ ਮੁੱਦਿਆਂ ‘ਤੇ ਉਹਨਾਂ ਦੀ ਪਾਰਟੀ ਕੇਂਦਰ ਦੇ ਨਾਲ ਸੀ।

ਇਸ ਤੋਂ ਇਲਾਵਾ ਉਸਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਸੰਵਿਧਾਨ ਦੀ ਕਿਹੜੀ ਧਾਰਾ ਉਹਨਾਂ ਨੂੰ ਦਿੱਲੀ ਤੋਂ ਪੰਜਾਬ ਦੀ ਰਾਜ ਸਰਕਾਰ ਨੂੰ ਕੰਟਰੋਲ ਕਰਨ ਦੀ ਇਜਾਜ਼ਤ ਦਿੰਦੀ ਹੈ?